ਬਠਿੰਡਾ, 11 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਜਿਲੇ ਵਿੱਚ ਨਰਮਾ ਪੱਟੀ `ਚ ਨਰਮੇ ਦੀ ਚੁਗਾਈ ਨੇ ਇੱਕ ਦਮ
ਜ਼ੋਰ ਫੜ ਲਿਆ ਹੈ।ਜਿਸ ਵਾਸਤੇ ਕਿਸਾਨ ਵੱਡੇ ਪੱਧਰ ’ਤੇ ਚੁਗਾਵਿਆਂ ਦਾ ਪ੍ਰਬੰਧ ਕਰਨ ਲਈ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡ ’ਤੇ ਸਵੇਰ ਦੇ ਸਮੇਂ ਭਾਰੀ ਗਿਣਤੀ ਵਿੱਚ ਪੁੱਜੇ ਹੋਏ ਹੁੰਦੇ ਹਨ ਕਿੳਂੁਕਿ ਪਿਛਲੇ ਸਮੇਂ ਕਰਫ਼ਿਊ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਮਜ਼ਦੂਰਾਂ ਦੀ ਘਾਟ ਰਹੀ। ਬਹੁਤੇ ਕਿਸਾਨਾਂ ਨੇ ਤਾਂ ਆਪਣੀ ਨਰਮੇ ਦੀ ਫ਼ਸਲ ਦੀ ਚੁਗਾਈ ਵਾਸਤੇ ਅਗੇਤੇ ਪ੍ਰਬੰਧ ਹੀ ਕਰ ਲਏ ਸਨ।ਪ੍ਰੰਤੂ ਲਗਾਤਾਰ ਕਈ ਦਿਨ ਮੀਂਹ ਪੈਣ ਕਰਕੇ ਨਰਮੇ ਦੀ ਇੱਕ ਦਮ ਇੱਕਠੀ ਚੁਗਾਈ ਹੋਣ ਕਰਕੇ ਨਰਮਾ ਚੁਗਾਵਿਆਂ ਦੀ ਘਾਟ ਪੈ ਗਈ ਹੈ।ਇਸ ਵਾਰ ਨਰਮਾ ਪੱਟੀ ਵਿੱਚ ਭਰਪੂਰ ਫ਼ਸਲ ਹੋਣ ਦੀ ਪੂਰੀ ਉਮੀਦ ਹੋਣ ਕਰਕੇ ਹੀ ਸੂਝਵਾਨ ਕਿਸਾਨਾਂ ਨੇ ਤਾਂ ਆਪਣੀ ਨਰਮੇ ਦੀ ਫ਼ਸਲ ਨੂੰ ਚੁਗਣ ਲਈ ਮਜ਼ਦੂਰਾਂ ਦਾ ਪ੍ਰਬੰਧ ਪਹਿਲਾਂ ਹੀ ਕਰ ਲਿਆ ਸੀ। ਪੰਜਾਬ ਦੇ ਜਿੰਨਾਂ ਜਿਲਿਆਂ ਵਿੱਚ ਨਰਮੇ ਦੀ ਫ਼ਸਲ ਨਹੀ ਬੀਜ਼ੀ ਜਾਂਦੀ ਉਨਾਂ ਜਿਲਿਆਂ ਦੇ ਵੱਡੀ ਤਾਦਾਦ ਵਿੱਚ ਲੋਕ ਨਰਮੇ ਪੱਟੀ ਵਿੱਚ ਆ ਕੇ ਆਪਣੀ ਉਪਜੀਵਕਾ ਕਮਾਉਣ ਵਿੱਚ ਲੱਗ ਗਏ ਹਨ। ਇਸ ਤੋਂ ਇਲਾਵਾ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਵਿੱਚ ਨਰਮੇ ਨੂੰ ਚੁਗਣ ਵਾਲੇ ਲੋਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਜਿਸ ਵਾਸਤੇ ਇਨਾਂ ਰਾਜਸਥਾਨੀ ਕਾਮਿਆਂ ਨੂੰ ਲਿਜਾਣ ਲਈ ਨਰਮਾ ਪੱਟੀ ਦੇ ਕਿਸਾਨ ਰੇਲਵੇ ਸਟੇਸ਼ਨਾਂ ਵੱਲ ਵਹੀਰਾਂ ਘੱਤ ਰਹੇ ਹਨ।ਕਿਸਾਨਾਂ ਵੱਲੋਂ ਇਨਾਂ ਮਜ਼ਦੂਰਾਂ ਨੂੰ ਰਹਿਣ ਸਹਿਣ ਤੋਂ ਇਲਾਵਾ ਆਟਾ ਅਤੇ ਚਾਹ ਗੁੜ ਵੱਖਰੇ ਤੌਰ ’ਤੇ ਦਿੱਤਾ ਜਾਂਦਾ ਹੈ।ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਸ ਨੇ ਤਾਂ ਆਪਣੀ ਨਰਮੇ ਦੀ ਫ਼ਸਲ ਦੀ ਚੁਗਾਈ ਲਈ ਪਹਿਲਾਂ ਹੀ ਚੁਗਾਵਿਆਂ ਦਾ ਪ੍ਰਬੰਧ ਕਰ ਲਿਆ ਸੀ।ਜਿਸ ਕਰਕੇ ਉਸ ਨੂੰ ਹੁਣ ਦੂਸਰੇ ਕਿਸਾਨਾਂ ਵਾਂਗ ਜਿਆਦਾ ਭੱਜ-ਨੱਸ ਨਹੀ ਕਰਨੀ ਪੈ ਰਹੀ। ਕਈਆਂ ਦਾ ਕਹਿਣਾ ਸੀ ਕਿ ਉਨਾਂ ਨੇ ਵੀ ਆਪਣੀ ਨਰਮੇ ਦੀ ਫ਼ਸਲ ਨੂੰ ਸੰਭਾਲਣ ਲਈ ਬਹੁਤ ਪਹਿਲਾਂ ਹੀ ਮੋਗਾ ਜਿਲੇ ਦੇ ਬਾਘਾ ਪੁਰਾਣਾ ਹਲਕਾ ਤੋਂ ਮਜ਼ਦੂਰਾਂ ਦਾ ਇੰਤਜ਼ਾਮ ਕਰ ਲਿਆ ਸੀ।ਇਕ ਹੋਰ ਕਿਸਾਨ ਨੇ ਕਿਹਾ ਕਿ ਉਨਾਂ ਨੇ ਇਸ ਵਾਰ ਨਰਮੇ ਦੀ ਕਾਫ਼ੀ ਜਿਆਦਾ ਬਿਜ਼ਾਈ ਕੀਤੀ ਹੈ ਅਤੇ ਨਰਮੇ ਦੀ ਫ਼ਸਲ ਵੀ ਕਾਫ਼ੀ ਜਿਆਦਾ ਚੰਗੀ ਹੋਣ ਦੀ ਪੂਰੀ ਉਮੀਦ ਹੈ। ਪ੍ਰੰਤੂ ਅਜੇ ਤੱਕ ਚੁਗਾਵਿਆਂ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਕਾਫ਼ੀ ਜਿਆਦਾ ਫਿਕਰ ਹੋ ਰਿਹਾ ਹੈ, ਜਿਸ ਵਾਸਤੇ ਰਿਸ਼ਤੇਦਾਰੀਆਂ ਤੱਕ ਵੀ ਚੁਗਾਵਿਆਂ ਦਾ ਪ੍ਰਬੰਧ ਕਰਨ ਦਾ ਕਹਿਣਾ ਪੈ ਰਿਹਾ ਹੈ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media