ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਨਾਲ ਵਿਦਿਆਰਥੀ ਅਤੇ ਮਾਪੇ ਹੋਣਗੇ ਪ੍ਰੇਸ਼ਾਨ
ਬਟਾਲਾ, 12 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬੀਤੇ ਦਿਨ ਅਧਿਆਪਕ ਦਲ ਜਿਲਾ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਬਾਬਾ ਤਾਰਾ
ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲਾਂ ਵਿੱਚ ਸਾਇੰਸ ਮਾਸਟਰਾਂ ਵਲੋਂ ਦੋ ਅਹਿਮ ਵਿਸ਼ੇ ਸਾਇੰਸ ਅਤੇ ਗਣਿਤ ਪੜਾਏ ਜਾ ਰਹੇ ਹਨ ਅਤੇ ਕਈ ਮਿਡਲ ਸਕੂਲਾਂ ਵਿੱਚ ਤਾਂ ਅਧਿਆਪਕਾਂ ਦੀ ਘਾਟ ਵੀ ਚੱਲ ਰਹੀ ਹੈ, ਪ੍ਰੰਤੂ ਹੁਣ ਸਿਖਿਆ ਵਿਭਾਗ ਵੱਲੋਂ ਮਿਡਲ ਸਕੂਲਾਂ ਦੇ ਸਾਇੰਸ ਅਧਿਆਪਕਾਂ ਦੀ ਡਿਊਟੀ ਬਤੌਰ ਬੀ.ਐਮ.ਪੀ ਲਗਾਈ ਜਾ ਰਹੀ ਹੈ।ਜਿਸ ਕਾਰਨ ਸਰਕਾਰੀ ਮਿਡਲ ਸਕੂਲਾਂ ਵਿੱਚ ਪੜ ਰਹੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਾਇੰਸ ਅਤੇ ਗਣਿਤ ਵਿਸ਼ਿਆਂ ਤੋਂ ਵਾਂਝੇ ਰਹਿਣ ਕਾਰਨ ਉਹਨਾਂ ਦੀ ਪੜਾਈ ਤੇ ਬੁਰਾ ਅਸਰ ਪਏਗਾ।ਜਿਹਨਾਂ ਸਰਕਾਰੀ ਸਕੂਲਾਂ ਵਿੱਚ ਵਾਧੂ ਸਟਾਫ ਹੈ ਉਹਨਾਂ ਸਕੂਲਾਂ ਦੇ ਸਾਇੰਸ ਅਧਿਆਪਕਾਂ ਦੀ ਬੀ.ਐਮ.ਪੀ ਡਿਊਟੀ ਲਗਾਈ ਜਾਵੇ।
ਇਸ ਮੀਟਿੰਗ `ਚ ਸਿਖਿਆ ਵਿਭਾਗ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਸਮੇਂ ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਕਰਨ ਦੀ ਹੋ ਰਹੀ ਤਜਵੀਜ਼ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।ਬਾਬਾ ਤਾਰਾ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਨਾਲ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਵਿੱਚ ਮਾਨਸਿਕ ਤੌਰ ਤੇ ਤਨਾਅ ਰਹੇਗਾ ਅਤੇ ਅਜਿਹੀ ਮਾਨਸਿਕ ਤਨਾਅ ਵਾਲੀ ਸਥਿਤੀ ਵਿੱਚ ਵਿਦਿਆਰਥੀਆਂ ਲਈ ਪੇਪਰਾਂ ਵਿੱਚ ਮਨ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਜੋ ਕਿ ਵਿਦਿਆਰਥੀਆਂ ਲਈ ਨੁਕਸਾਨਦੇਹ ਹੋਵੇਗਾ।ਉਹਨਾਂ ਦੱਸਿਆ ਸਿਖਿਆ ਵਿਭਾਗ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਪ੍ਰੇਸ਼ਾਨੀ ਦੇ ਨਾਲ ਨਾਲ ਵਿਦਿਆਰਥੀਆਂ ਅਤੇ ਖਾਸ ਤੌਰ ਤੇ ਲੜਕੀਆਂ ਨੂੰ ਕੇਂਦਰ ਵਿਖੇ ਲਿਜਾਣ ਸਮੇਂ ਮਾਪਿਆਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।ਇਸ ਸਿਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਤੋਂ ਮੰਗ ਕੀਤੀ ਗਈ ਕਿ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆ ਕੇਂਦਰਾਂ ਦੀ ਅਦਲਾ ਬਦਲੀ ਦੇ ਫੈਸਲੇ `ਤੇ ਤੁਰੰਤ ਰੋਕ ਲਗਾਈ ਜਾਵੇ।ਇਸ ਮੌਕੇ ਮਿਡਲ ਸਕੂਲਾਂ ਦੇ ਸਾਇੰਸ ਮਾਸਟਰਾਂ ਦੀ ਲਗਾਈ ਗਈ ਬੀ.ਐਮ.ਪੀ ਡਿਊਟੀ ਤੁਰੰਤ ਰੱਦ ਕਰਨ ਦੀ ਵੀ ਮੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਜਿਲਾ ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪਨੂੰ, ਸਟੇਟ ਬਾਡੀ ਮੈਂਬਰ ਤਰਸੇਮ ਪਾਲ ਸ਼ਰਮਾ, ਸੁਖਵਿੰਦਰ ਸਿੰਘ, ਮੰਗਲ ਸਿੰਘ, ਰਜਨੀਸ਼ ਕੁਮਾਰ, ਪ੍ਰਵੀਨ ਸਿੰਘ, ਜੋਗਿੰਦਰ ਸਿੰਘ, ਰਵਿੰਦਰਪਾਲ ਸਿੰਘ ਜਗਜੀਤ ਸਿੰਘ, ਸੁਖਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media