Wednesday, April 8, 2026

ਬਿਹਤਰ ਮੈਡੀਕਲ ਸੇਵਾਵਾਂ ਲਈ ਪੰਜ ਸਾਲਾ ਯੋਜਨਾ ਬਣਾਏਗੀ ਸ਼੍ਰੋਮਣੀ ਕਮੇਟੀ – ਪ੍ਰੋ. ਬਡੂੰਗਰ

PPN1509201725ਅੰਮ੍ਰਿਤਸਰ 15 ਸਤੰਬਰ (ਪੰਜਾਬ ਪੋਸਟ ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਦੇ ਨਵ-ਨਿਯੁੱਕਤ ਕੀਤੇ ਗਏ ਮੈਂਬਰਾਂ ਦੀ ਪਲੇਠੀ ਇਕੱਤਰਤਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਵਿਖੇ ਟਰੱਸਟ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਹੇਠ ਹੋਈ। ਇਸ ਇਕੱਤਰਤਾ ਵਿਚ ਟਰੱਸਟ ਦੇ ਮੈਂਬਰ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ, ਵਿਸ਼ਵ ਪ੍ਰਸਿੱਧ ਡਾਕਟਰ ਹਰਦਾਸ ਸਿੰਘ, ਡਾ: ਗੁਰਪ੍ਰੀਤ ਸਿੰਘ ਵਾਂਡਰ, ਜਥੇਦਾਰ ਸੁੱਚਾ ਸਿੰਘ ਲੰਗਾਹ, ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਭਿੱਟੇਵੱਡ ਅਤੇ ਗੁਰਬਚਨ ਸਿੰਘ ਕਰਮੂੰਵਾਲਾ ਨੇ ਸ਼ਮੂਲੀਅਤ ਕੀਤੀ। ਅਰਦਾਸ ਨਾਲ ਅਰੰਭ ਹੋਈ ਇਕੱਤਰਤਾ ਤੋਂ ਬਾਅਦ ਮੈਡੀਕਲ ਟਰੱਸਟ ਦੇ ਸਕੱਤਰ ਡਾ. ਰੂਪ ਸਿੰਘ ਨੇ ਟਰੱਸਟ ਵੱਲੋਂ ਨਿਭਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਦੇ ਨਾਲ-ਨਾਲ ਟਰੱਸਟ ਦੀਆਂ ਵੱਖ-ਵੱਖ ਸੰਸਥਾਵਾਂ ਦੀ ਵਰਤਮਾਨ ਸਥਿਤੀ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ।
ਇਕੱਤਰਤਾ ਵਿਚ ਫ਼ੈਸਲਾ ਕੀਤਾ ਗਿਆ ਕਿ ਟਰੱਸਟ ਦੀ ਪੰਜ ਸਾਲਾ ਯੋਜਨਾ ਬਣਾ ਕੇ ਮੈਡੀਕਲ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਿਉਂਤਬੰਦੀ ਕੀਤੀ ਜਾਵੇਗੀ। ਟਰੱਸਟ ਦੇ ਚੇਅਰਮੈਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਬਿਨਾ ਸ਼ੱਕ ਸ਼੍ਰੋਮਣੀ ਕਮੇਟੀ ਦੀਆਂ ਸਿਹਤ ਸੰਸਥਾਵਾਂ ਦੇਸ਼ ਦੀਆਂ ਮੋਹਰੀ ਸੰਸਥਾਵਾਂ ਵਿਚ ਸ਼ੁਮਾਰ ਹਨ ਅਤੇ ਇਨ੍ਹਾਂ ਨੂੰ ਹੋਰ ਵਧੀਆ ਬਣਾਉਣ ਲਈ ਸ਼੍ਰੋਮਣੀ ਕਮੇਟੀ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਸਬੰਧੀ ਰਾਏ ਦੇਣ ਲਈ ਸ਼੍ਰੋਮਣੀ ਕਮੇਟੀ ਦੀ ਇਕ ਮੈਡੀਕਲ ਸਲਾਹਕਾਰ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਕਮੇਟੀ ਵਿਚ ਪੀ.ਜੀ.ਆਈ ਦੇ ਸਾਬਕਾ ਡਾਇਰੈਕਟਰ ਡਾ: ਤਲਵਾੜ ਦੀ ਅਗਵਾਈ ਵਿਚ ਕੰਮ ਕਰੇਗੀ, ਜਿਸ ਵਿਚ ਡਾ: ਗੁਰਪ੍ਰੀਤ ਸਿੰਘ ਵਾਂਡਰ, ਡਾ: ਹਰਦਾਸ ਸਿੰਘ, ਡਾ: ਸੁਧੀਰ ਵਰਮਾ ਪਟਿਆਲਾ, ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਟਰੱਸਟ ਦੇ ਸਕੱਤਰ ਕੋਆਰਡੀਨੇਟਰ ਵਜੋਂ ਮੈਂਬਰ ਹੋਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਮੈਡੀਕਲ ਟਰੱਸਟ ਅਧੀਨ ਚਲਦੀਆਂ ਸੰਸਥਾਵਾਂ ਦੇ ਵਿੱਤੀ ਕੰਟਰੋਲ ਲਈ ਲੇਖਾ ਅਧਿਕਾਰੀ ਨਿਯੁੱਕਤ ਕਰਨ ਅਤੇ ਲੋੜੀਂਦੀ ਮਸ਼ੀਨਰੀ ਖ਼ਰੀਦਣ ਦਾ ਵੀ ਫ਼ੈਸਲਾ ਕੀਤਾ ਗਿਆ ਹੈ।ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਮੈਡੀਕਲ ਟਰੱਸਟ ਦੇ ਅਧੀਨ ਚੱਲਦੀ ਯੂਨੀਵਰਸਿਟੀ ਲਈ ਵੱਖਰੀ ਇਮਾਰਤ ਦੀ ਉਸਾਰੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਕੱਤਰਤਾ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਕੁਲਵੰਤ ਸਿੰਘ ਦੇਦ, ਟਰੱਸਟ ਦੇ ਸਕੱਤਰ ਡਾ: ਰੂਪ ਸਿੰਘ, ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ: ਗੀਤਾ ਸ਼ਰਮਾ, ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾ: ਕਵੀਪਾਲ ਸਿੰਘ, ਡਾ: ਏ.ਪੀ. ਸਿੰਘ ਆਦਿ ਹਾਜ਼ਰ ਸਨ।
ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਦੇ ਚਾਰ ਸੋ ਸਾਲਾ ਸਥਾਪਨਾ ਦਿਵਸ ਮੌਕੇ 17 ਅਕਤੂਬਰ 1977 ਵਿਚ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ 1992 ਵਿਚ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ ਸ੍ਰੀ ਅੰਮ੍ਰਿਤਸਰ ਹੋਂਦ ਵਿਚ ਆਇਆ ਸੀ। ਟਰੱਸਟ ਅਧੀਨ ਸਭ ਤੋਂ ਪਹਿਲਾ 1994 ਵਿਚ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਬਣਾਇਆ ਗਿਆ ਅਤੇ 1997 ਵਿਚ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦੀ ਸਥਾਪਨਾ ਹੋਈ।ਐਮ.ਬੀ.ਬੀ.ਐਸ ਦੀਆਂ 50 ਸੀਟਾਂ ਨਾਲ ਸ਼ੁਰੂ ਹੋਈ ਇਸ ਮੈਡੀਕਲ ਸੰਸਥਾ ਪਾਸ ਵਰਤਮਾਨ ਸਮੇਂ 150 ਸੀਟਾਂ ਮੌਜੂਦ ਹਨ।ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਅੰਦਰ ਐਮ.ਡੀ./ਐਮ.ਐਸ ਦੀਆਂ 79 ਸੀਟਾਂ ਹਨ। ਦੂਸਰੇ ਪਾਸੇ ਟਰੱਸਟ ਅਧੀਨ ਡੈਂਟਲ ਕਾਲਜ ਵਿਖੇ ਬੀ.ਡੀ.ਐਸ ਦੀਆਂ 60 ਸੀਟਾਂ ਅਤੇ ਵੱਖ-ਵੱਖ ਵਿਭਾਗਾਂ ਵਿਚ ਐਮ.ਡੀ.ਐਸ ਦੀਆਂ 18 ਸੀਟਾਂ ਹਨ।
ਟਰੱਸਟ ਅਧੀਨ ਇਸ ਸਮੇਂ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ, ਸ੍ਰੀ ਗੁਰੂ ਰਾਮਦਾਸ ਰੋਟਰੀ ਕੈਂਸਰ ਹਸਪਤਾਲ, ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਡਿਸਪੈਂਸਰੀ ਗੁਰਦਾਸ ਨੰਗਲ (ਗੁਰਦਾਸਪੁਰ) ਸੱਤ ਸੰਸਥਾਵਾਂ ਚੱਲ ਰਹੀਆਂ ਹਨ।ਸੰਸਥਾ ਵੱਲੋਂ ਵੱਖ-ਵੱਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਜਨਨੀ ਭਲਾਈ ਸਕੀਮ ਅਧੀਨ ਹਸਪਤਾਲ ਵਿਖੇ ਨਾਰਮਲ ਡਲਿਵਰੀ ਅਤੇ ਸਜੇਰੀਅਨ ਮੁਫ਼ਤ ਕੀਤੇ ਜਾਂਦੇ ਹਨ ਅਤੇ ਲੜਕੀ ਪੈਦਾ ਹੋਣ ’ਤੇ ਇਕ ਹਜ਼ਾਰ ਰੁਪਏ ਸ਼ਗਨ ਵੱਜੋਂ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਪਿੰਗਲਵਾੜਾ, ਯਤੀਮਖਾਨਾ, ਜੰਮੂ ਕਸ਼ਮੀਰ ਅਤੇ ਸੰਸਥਾ ਦੇ ਨਾਲ ਲਗਦੇ ਪਿੰਡਾਂ ਦੇ ਮਰੀਜ਼ਾਂ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply