Thursday, March 19, 2026

10 ਸਾਲ ਦੇ ਕੁਸ਼ਾਸ਼ਣ ਤੋਂ ਪ੍ਰਸਾਸ਼ਨ ਵੱਲ ਵੱਧਣ ਲੱਗਾ ਪੰਜਾਬ -ਸਿੱਧੂ

ਕਿਹਾ ਛੋਟੇ ਕਿਸਾਨਾਂ ਨੂੰ ਮਨਰੇਗਾ ਤਹਿਤ ਦਿਹਾੜੀ ਦੇਣ ਦਾ ਕੀਤਾ ਜਾਵੇਗਾ ਪ੍ਰਬੰਧ

PPN1609201710ਅੰਮਿ੍ਤਸਰ, 16 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕਰਦੇ ਕਿਹਾ ਕਿ ਪੰਜਾਬ 10 ਸਾਲ ਦੇ ਕੁਸ਼ਾਸ਼ਣ ਤੋਂ ਪ੍ਰਸਾਸ਼ਨ ਵੱਲ ਵੱਧਣ ਲੱਗਾ ਹੈ।ਉਨਾਂ ਕਿਹਾ ਕਿ 6 ਮਹੀਨੇ ਅਸੀਂ ਫੰਡ ਪ੍ਰਬੰਧ, ਨੀਤੀ ਘੜਨ ਅਤੇ ਫੰਡਾਂ ਦੀ ਵੰਡ ਵਿੱਚ ਬਿਤਾਏ ਹਨ ਅਤੇ ਹੁਣ ਵੇਲਾ ਹੈ ਕਿ ਅਸੀਂ ਇਸ ਨੂੰ ਸਹੀ ਰੂਪ ਵਿੱਚ ਲੋਕਾਂ ਤੱਕ ਪੁੱਜਦਾ ਕਰੀਏ।ਉਨਾਂ ਕਿਹਾ ਕਿ ਮੈਂ ਹੁਣ ਹਫ਼ਤੇ ਵਿੱਚ ਤਿੰਨ ਦਿਨ ਗੁਰੂ ਨਗਰੀ ਅੰਮਿ੍ਰਤਸਰ ਵਿਖੇ ਹਾਜ਼ਰ ਰਹਿ ਕੇ ਸਾਰਾ ਪ੍ਰਬੰਧ ਖੁਦ ਦੇਖਾਂਗਾ।ਸਿੱਧੂ ਨੇ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ ਲਾਗੂ ਕਰਨ ਵਿੱਚ ਰਤੀ ਭਰ ਵੀ ਢਿੱਲ ਨਹੀਂ ਵਰਤਾਂਗੇ ਅਤੇ ਨਾ ਹੀ ਕਿਸੇ ਨੂੰ ਵਰਤਣ ਦਿਆਂਗੇ। ਉਨਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਅਧਿਕਾਰੀ ਮੇਰੀ ਪੱਗ ਦਾ ਲੜ ਹਨ ਅਤੇ ਉਨਾਂ ਨੂੰ ਸਨਮਾਨਿਆ ਜਾਵੇਗਾ, ਜਦਕਿ ਮਾੜਾ ਕੰਮ ਕਰਨ ਵਾਲੇ ਅਧਿਕਾਰੀਆਂ ਉੱਤੇ ਸਖ਼ਤ ਕਾਰਵਾਈ ਹੋਵੇਗੀ।ਅੰਮਿ੍ਰਤਸਰ ਸ਼ਹਿਰ ਦੀ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਲਈ 125 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜੋ ਕਿ ਹਰੇਕ ਹਲਕੇ ਦੇ ਵਿਧਾਇਕ ਨਾਲ ਸਲਾਹ ਮਸ਼ਵਰਾ ਕਰਕੇ ਵਰਤੇ ਜਾਣਗੇ। ਉਨਾਂ ਕਿਹਾ ਕਿ ਅੰਮਿ੍ਰਤਸਰ ਸ਼ਹਿਰ ਦੀ ਸੁਰੱਖਿਆ ਲਈ ਸਾਰੇ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਛੇਤੀ ਹੀ ਲਗਾ ਦਿੱਤਾ ਜਾਣਗੇ।ਸਿੱਧੂ ਨੇ ਕੰਪਨੀ ਬਾਗ ਲਈ 3 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਮਨਰੇਗਾ ਸਕੀਮ ਜਿਸ ਤਹਿਤ ਅੰਮਿ੍ਰਤਸਰ ਜਿਲੇ ਵਿੱਚ 92 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਬਾਰੇ ਬੋਲਦੇ ਸਿੱਧੂ ਨੇ ਕਿਹਾ ਕਿ ਮੈਂ ਇਸ ਸਕੀਮ ਵਿੱਚ ਛੋਟੇ ਕਿਸਾਨਾਂ ਨੂੰ ਸ਼ਾਮਲ ਕਰਨ ਲਈ ਸਰਕਾਰ ਤੱਕ ਪਹੁੰਚ ਕਰਾਂਗਾ ਅਤੇ ਇਸ ਵਿੱਚ ਲੋੜੀਂਦੀ ਤਰਮੀਮ ਕੀਤੀ ਜਾਵੇਗੀ।ਉਨਾਂ ਮੰਨਿਆ ਕਿ ਨੀਲਾ ਕਾਰਡ ਧਾਰਕਾਂ ਵਿੱਚ ਵੰਡੀ ਜਾਣ ਵਾਲੀ ਕਣਕ ਦਾ ਵੱਡਾ ਘੋਟਾਲਾ ਅੰਮਿ੍ਰਤਸਰ ਵਿੱਚ ਹੋਇਆ ਹੈ ਅਤੇ ਇਸ ਵਿੱਚ ਸ਼ਾਮਲ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ।ਉਨਾਂ ਕਿਹਾ ਕਿ ਹੁਣ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਣਕ ਸਹੀ ਤਰੀਕੇ ਨਾਲ ਵੰਡੀ ਜਾ ਰਹੀ ਹੈ, ਜਿਸ ਕਾਰਨ ਕੇਵਲ 47 ਫੀਸਦੀ ਸਹੀ ਲੋਕਾਂ ਤੱਕ ਇਹ ਕਣਕ ਅਜੇ ਪੁੱਜੀ ਹੈ। ਉਨਾਂ ਇਸ ਸਕੀਮ ਦੀ ਵਿਸਥਾਰਤ ਰਿਪੋਰਟ ਲਈ ਮੀਟਿੰਗ ਅਗਲੇ ਹਫ਼ਤੇ ਮੁੜ ਬੁਲਾਈ ਹੈ।
ਨਵਜੋਤ ਸਿੰਘ ਸਿੱਧੂ ਨੇ ਖੁਲੇ ਵਿੱਚ ਮਲ ਤਿਆਗ ਨੂੰ ਰੋਕਣ ਲਈ ਜਿਲੇ ਵਿੱਚ ਘਰ-ਘਰ ਲੈਟਰੀਨ ਬਣਾਉਣ ਉੱਤੇ ਜੋਰ ਦਿੱਤਾ। ਉਨਾਂ ਕਿਹਾ ਕਿ ਮੈਂ ਇਸ ਲਈ ਪਹਿਲਾਂ ਲੋਕਸਭਾ ਵਿਚ ਲੜਿਆ ਸੀ ਅਤੇ ਹੁਣ ਸਮਾਂ ਹੈ ਕਿ ਅਸੀਂ ਆਪਣੇ ਜਿਲੇ ਨੂੰ ਇਸ ਬਿਮਾਰੀ ਤੋਂ ਮੁਕਤ ਕਰਨ ਲਈ ਦਿਨ-ਰਾਤ ਇਕ ਕਰੀਏ।
ਪੈਨਸ਼ਨਾਂ ਦੀ ਗੱਲ ਕਰਦੇ ਉਨਾਂ ਸਪੱਸ਼ਟ ਕੀਤਾ ਕਿ ਸਾਰੇ ਲੋੜਵੰਦ ਲੋਕਾਂ ਤੱਕ ਪੈਨਸ਼ਨ ਦਾ ਲਾਭ ਜਾਣਾ ਚਾਹੀਦਾ ਹੈ ਅਤੇ ਇਸ ਲਈ ਹਰੇਕ ਹਲਕੇ ਦੇ ਵਿਧਾਇਕ ਨਾਲ ਮਸ਼ਵਰਾ ਕਰਕੇ ਹਲਕਾ ਵਾਈਜ਼ ਕੈਂਪ ਲਗਾਏ ਜਾਣ, ਜਿਸ ਵਿੱਚ ਨਵੇਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਪੁਰਾਣੀਆਂ ਪੈਨਸ਼ਨਾ ਦੀ ਪੜਤਾਲ ਕੀਤੀ ਜਾਵੇ ਤਾਂ ਜੋ ਕੋਈ ਕਿਸੇ ਗ਼ਰੀਬ ਦਾ ਹੱਕ ਨਾ ਖਾਵੇ।
ਉਨਾਂ ਸ਼ਹਿਰ ਦਾ ਟਰੈਫਿਕ ਪ੍ਰਬੰਧ ਸੁਚਾਰੂ ਰੂਪ ਵਿਚ ਕਰਨ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਵਿਆਪਕ ਯੋਜਨਾਬੰਦੀ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਬੀ.ਆਰ.ਟੀ.ਐਸ ਪ੍ਰੋਜੈਕਟ ਨੂੰ ਸਹੀ ਰੂਪ ਵਿੱਚ ਲਾਗੂ ਕਰਕੇ ਸੜਕਾਂ ਉਤੇ ਲਗਦੇ ਜਾਮ ਬੰਦ ਕੀਤੇ ਜਾ ਸਕਣ।ਇਸ ਲਈ ਉਨਾਂ ਬੱਸ ਸਟੈਂਡ ਨੂੰ ਬਾਹਰ ਕੱਢਣ, ਪਾਰਕਿੰਗ ਲਈ ਥਾਵਾਂ ਦਾ ਪ੍ਰਬੰਧ ਕਰਨ, ਰੇੜੀਆਂ ਲਈ ਸਥਾਨ ਨਿਰਧਾਰਤ ਕਰਨ ਅਤੇ ਆਟੋ ਟਰੈਫਿਕ ਨੂੰ ਮੈਨੇਜ ਕਰਨ ਦਾ ਸੁਝਾਅ ਦਿੱਤਾ।ਸਿੱਧੂ ਨੇ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਥਾਵਾਂ ਉਤੇ ਕਬਜ਼ੇ ਨਹੀਂ ਕਰਨ ਦਿੱਤੇ ਜਾਣਗੇ ਅਤੇ ਹੈਰੀਟੇਜ ਵਾਕ ਦੇ ਰਸਤੇ ਨੂੰ ਸੁਧਾਰਿਆ ਜਾਵੇਗਾ ਤਾਂ ਜੋ ਯਾਤਰੂ ਸਾਡੇ ਇਤਿਹਾਸਿਕ ਸਥਾਨਾਂ ਦਾ ਪੁਰਾਤਨ ਰੂਪ ਵੇਖ ਸਕਣ।
ਇਸ ਮੌਕੇ ਓ.ਪੀ ਸੋਨੀ, ਡਾ: ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ (ਵਿਧਾਇਕ ਅੰਮਿ੍ਰਤਸਰ), ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵ, ਵਧੀਕ ਡਿਪਟੀ ਕਮਿਸ਼ਨ ਰਵਿੰਦਰ ਸਿੰਘ, ਕਾਂਗਰਸ ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ, ਕੌਂਸਲਰ ਸੁਖਦੇਵ ਸਿੰਘ ਚਾਹਲ, ਅਵਤਾਰ ਸਿੰਘ ਟਰੱਕਾਂ ਵਾਲਾ ਅਤੇ ਜਿਲੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply