Thursday, March 19, 2026

ਦਿੱਲੀ ਕਮੇਟੀ ਵੱਲੋਂ ‘‘ਗੁਰੂ ਲਾਧੋ ਰੇ’’ ਗੁਰਮਤਿ ਸਮਾਗਮ ਕਰਵਾਇਆ ਗਿਆ

PPN1609201711ਨਵੀਂ ਦਿੱਲੀ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘‘ਗੁਰੂ ਲਾਧੋ ਰੇ’’ ਗੁਰਮਤਿ ਸਮਾਗਮ ਕਰਵਾਇਆ ਗਿਆ।ਸਿੱਖ ਕੌਮ ਦੇ ਹਿੱਸੇ ਵੱਜੋਂ ਜਾਣੇ ਜਾਂਦੇ ਘੁਮੰਤਰੂ ਸਮਾਜ: ਲੁਬਾਣਾ, ਸਿਕਲੀਘਰ, ਵਣਜਾਰੇ, ਮੱਜ਼੍ਹਬੀ ਸਿੱਖ ਆਦਿਕ ਕੌਮਾਂ ਦੇ ਮਹਾਂਪੁਰਸ਼ਾਂ ਵੱਲੋਂ ਪੁਰਾਤਨ ਸਮੇਂ ਦੌਰਾਨ ਸਿੱਖ ਇਤਿਹਾਸ ਨੂੰ ਸੁਰਜੀਤ ਕਰਨ ’ਚ ਪਾਏ ਗਏ ਯੋਗਦਾਨ ਨੂੰ ਯਾਦ ਕਰਨ ਲਈ ਉਕਤ ਸਮਾਗਮ ਕਰਵਾਇਆ ਗਿਆ ਸੀ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਸਣੇ ਵੱਖ-ਵੱਖ ਆਗੂਆਂ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ।
ਜਥੇਦਾਰ ਨੇ ਘੁਮੰਤਰੂ ਸਮਾਜ ਦੇ ਭਲਾਈ ਕਾਰਜਾਂ ਲਈ ਟ੍ਰਸ਼ਟ ਬਣਾਉਣ ਦੀ ਵਕਾਲਤ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਸਮਾਜ ਨੂੰ ਗੱਲਵਕੜੀ ਵਿਚ ਲੈਣ ਵਾਸਤੇ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕੀਤੀ।ਜੀ.ਕੇ ਨੇ ਬਾਬਾ ਮੱਖਣ ਸ਼ਾਹ ਲੁਬਾਣਾ ਦੇ ਨਾਂ ’ਤੇ ਕਿੱਤਾ ਮੁੱਖੀ ਕੋਰਸਾਂ ਦੀ ਸਿੱਖਲਾਈ ਦਾ ਕੇਂਦਰ ਖੋਲਣ ਦਾ ਐਲਾਨ ਕਰਦੇ ਹੋਏ ਘੁਮੰਤਰੂ ਸਮਾਜ ਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਦੇ ਵਾਸਤੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਜੀ.ਕੇ ਨੇ ਕਿਹਾ ਕਿ ਘੁਮੰਤਰੂ ਸਮਾਜ ਗੈਰਤ ਨਾਲ ਜੀਉਣ ਵਾਲਾ ਹੈ।ਇਸ ਸਮਾਜ ਦੇ ਬੱਚਿਆਂ ਦੀ ਗੁਲਾਮੀ ਜਾਂ ਚਾਕਰੀ ਪਸੰਦ ਨਹੀਂ ਸਗੋਂ ਸੜਕ ਕੰਡੇ ਹੀ ਤਾਲੇ ਦੀ ਚਾਬੀ ਬਣਾਉਣ ਵਰਗੇ ਕਾਰਜ ਕਰਕੇ ਆਪਣੇ ਪਰਿਵਾਰ ਅਤੇ ਸਿੱਖੀ ਦੀ ਚੜਦੀ ਕਲਾ ਕਰ ਰਹੇ ਹਨ।ਆਰਥਿਕ ਤੌਰ ’ਤੇ ਕਮਜ਼ੋਰ ਹੋਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਦੇ ਘਰ ਤੋਂ ਕਦੇ ਮੂੰਹ ਨਹੀਂ ਮੋੜਿਆ। ਜੀ.ਕੇ ਨੇ ਅਮੀਰ ਅਤੇ ਰਸੂਖਦਾਰ ਸਿੱਖਾਂ ਨੂੰ ਘੁਮੰਤਰੂ ਸਮਾਜ ਦੇ ਬੱਚਿਆਂ ਦੀ ਬਾਂਹ ਫੜਨ ਲਈ ਨੌਕਰੀ ਆਦਿਕ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ।
ਜੀ.ਕੇ ਨੇ ਕਿਹਾ ਕਿ ਭਾਰਤ ’ਚ ਵੱਸਦੀ ਲਗਭਗ 2 ਕਰੋੜ ਆਬਾਦੀ ਵਾਲੀ ਸਿੱਖ ਕੌਮ ਨਾਲ ਜੇਕਰ 20 ਲੱਖ ਵਣਜਾਰੇ ਵੀ ਜੁੜ ਜਾਂਦੇ ਹਨ ਤਾਂ ਸਰਕਾਰੇ-ਦਰਬਾਰੇ ਫਸੇ ਹੋਏ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ, ਗੁਰਦੁਆਰਾ ਆਰਤੀ ਸਾਹਿਬ ਜੰਗਨਨਾਥ ਪੁਰੀ ਸਣੇ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤਕ ਦੇ ਮਸਲੇ ਸੁਲਝ ਜਾਣਗੇ। ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬ ਘੁਮੰਤਰੂ ਸਮਾਜ ਦੇ ਲੋਕਾਂ ਨੂੰ ਗਲੇ ਲਗਾਕੇ ਖਿਤਾਬ ਦਿੰਦੇ ਰਹੇ ਪਰ ਅਸੀਂ ਉਹ ਸਨਮਾਨ ਦੇਣ ’ਚ ਕੋਤਾਹੀ ਵਰਤਦੇ ਰਹਿ ਗਏ।
ਬੀਬੀ ਜਗੀਰ ਕੌਰ ਨੇ ਘੁਮੰਤਰੂ ਸਮਾਜ ਨੂੰ ਸਿੱਖੀ ਦੀ ਮੁਖਧਾਰਾ ’ਚ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹੋਏ ਡੇਰੇਵਾਦ ’ਤੇ ਕਰਾਰੀ ਸੱਟ ਮਾਰੀ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਾਡਾ ਪਾਰ ਉਤਾਰਾ ਕੋਈ ਨਹੀਂ ਕਰ ਸਕਦਾ। ਕੁਲਮੋਹਨ ਸਿੰਘ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਲੋਂ ਜੋਤੀ-ਜੋਤਿ ਸਮਾਉਣ ਵੇਲੇ ਨੌਵੇਂ ਗੁਰੂ ਦੇ ਬਾਬਾ ਬਕਾਲੇ ਵਿਖੇ ਹੋਣ ਦੇ ਦਿੱਤੇ ਗਏ ਸੁਨੇਹੇ ਨੂੰ ਯਾਦ ਕਰਦੇ ਹੋਏ ਭਾਈ ਮੱਖਣ ਸ਼ਾਹ ਲੁਬਾਣਾ ਵੱਲੋਂ ਬਾਬਾ ਬਕਾਲਾ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੌਵੇਂ ਗੁਰੂ ਦੇ ਰੂਪ ’ਚ ਪ੍ਰਗਟ ਹੋਣ ਉਪਰੰਤ ਉਚਾਰੇ ਗਏ ਸ਼ਬਦ ‘ਗੁਰੂ ਲਾਧੋ ਰੇ’ ਦਾ ਵੀ ਹਵਾਲਾ ਦਿੱਤਾ।
ਇਸ ਮੌਕੇ ਘੁਮੰਤਰੂ ਸਮਾਜ ਦੇ ਅਮਰੀਕੇ ਵਿੱਚਲੇ ਆਗੂ ਰਘਬੀਰ ਸਿੰਘ ਬੱਬੀ, ਦਲੇਰ ਸਿੰਘ, ਗਰੀਬ ਸਿੰਘ ਪਿਹੋਵਾ, ਮਾਸਟਰ ਮੋਹਿੰਦਰ ਸਿੰਘ, ਰਘਬੀਰ ਸਿੰਘ ਸੁਬਾਨਪੁਰ, ਸਤਨਾਮ ਸਿੰਘ ਪਹਿਲਵਾਨ, ਮਾਸਟਰ ਹਰਜੀਤ ਸਿੰਘ, ਬਲਦੇਵ ਸਿੰਘ ਗਿਲਜ਼ੀਆਂ, ਗੁਰਮੀਤ ਸਿੰਘ, ਮੋਹਿੰਦਰ ਸਿੰਘ ਮਹਿਤਪੁਰ, ਡਾ. ਨਵਤੇਜ ਸਿੰਘ ਅਤੇ ਗਿਆਨੀ ਜਸਪਾਲ ਸਿੰਘ ਆਦਿਕ ਨੇ ਆਪਣੇ ਵਿਚਾਰ ਰੱਖੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply