ਭੋਗ ਤੇ ਵਿਸ਼ੇਸ਼
ਸਬਜ਼ੀ ਵਿਗਿਆਨ ’ਚ ਧਰੂ ਤਾਰੇ ਵਾਂਗ ਚਮਕਣ ਪ੍ਰਤੀ ਸਮਰੱਥਾਵਾਨ ਪ੍ਰੋ: ਮਨ ਸਿਮਰਨ ਸਿੰਘ ਮਨੂੰ ਸ਼ਾਹੀ ਦੀ 35 ਸਾਲ ਦੀ ਛੋਟੀ ਉਮਰੇ ਹੋਈ ਅਚਾਨਕ ਮੌਤ ਨਾਲ
ਖੇਤੀ ਵਿਗਿਆਨ, ਖੋਜ ਅਤੇ ਆਰਥਿਕ ਸੰਕਟ ਨਾਲ ਜੂਝ ਰਹੀ ਕਿਸਾਨੀ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਨਾਮਵਰ ਵਿਦਵਾਨ ਅਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਪ੍ਰੋ: ਊਧਮ ਸਿੰਘ ਸ਼ਾਹੀ ਦਾ ਹੋਣਹਾਰ ਪੁੱਤਰ ਅਤੇ ਗੰਗਾ ਸਿੰਘ ਵਾਸੀ ਪਿੰਡ ਮਠੋਲਾ (ਗੁਰਦਾਸਪੁਰ) ਦਾ ਪਿਆਰਾ ਪੋਤਰਾ ਮਨੂ ਸ਼ਾਹੀ ਬੜੇ ਹੀ ਮਿੱਠ ਬੋਲੜੇ ਸੁਭਾਅ ਦਾ ਮਾਲਕ ਅਤੇ ਵਕਤ ਦੇ ਪੱਕੇ ਪਾਬੰਦ ਸਨ, ਜੋ ਆਪਣੇ ਪਿਆਰ ਅਤੇ ਦਮਦਾਰ ਸ਼ਖਸੀਅਤ ਸਦਕਾ ਹਰੇਕ ਦਾ ਮਨ ਮੋਹ ਲੈਂਦਾ ਸੀ।ਆਪ ਦਾ ਜਨਮ 1, ਮਾਰਚ 1980 ਨੂੰ ਮਾਤਾ ਸ੍ਰੀਮਤੀ ਨਰਿੰਦਰ ਕੌਰ ਦੀ ਕੁੱਖੋਂ ਹੋਇਆ ਤੇ ਵਿਆਹ ਸੰਨ ਬੀਬੀ ਰਾਜਬੀਰ ਕੌਰ ਪੁੱਤਰੀ ਜਸਪਾਲ ਸਿੰਘ ਬਾਠ ਨਾਲ ਹੋਇਆ।ਸੇਂਟ ਫਰੰਸਿਸ ਸਕੂਲ ਅੰਮਿ੍ਰਤਸਰ ਤੋਂ ਸਕੂਲੀ ਵਿੱਦਿਆ ਹਾਸਲ ਕਰਨ ਉਪਰੰਤ ਖ਼ਾਲਸਾ ਕਾਲਜ ਅੰਮਿ੍ਰਤਸਰ ਤੋਂ ਬੀ.ਐਸ.ਸੀ ਐਗਰੀਕਲਚਰ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਮ.ਐਸ ਸੀ (ਹਾਰਟੀਕਲਚਰ) ਦੀ ਡਿਗਰੀ ਹਾਸਲ ਕੀਤੀ।ਮੈਲਬਾਰਨ (ਆਸਟ੍ਰੇਲੀਆ) ਤੋਂ ਐਮ.ਐਸ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹਨਾਂ 4 ਸਾਲ ਉੱਥੇ ਅਧਿਆਪਨ ਕਾਰਜ ਕੀਤਾ।ਉਪਰੰਤ ਉਹ ਪੰਜਾਬ ਵਾਪਸ ਆ ਗਏ ਅਤੇ ਇੱਥੇ ਖ਼ਾਲਸਾ ਕਾਲਜ (ਐਗਰੀਕਲਚਰ) ਅੰਮਿ੍ਤਸਰ ਵਿਖੇ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਕਾਰਜ ਨੂੰ ਜਾਰੀ ਰੱਖਿਆ।ਸਬਜ਼ੀਆਂ ’ਤੇ ਕੀਤੇ ਗਏ ਖੋਜ ਕਾਰਜ ’ਤੇ ਅਧਾਰਿਤ ਸਬਜ਼ੀ ਵਿਗਿਆਨ ਖੋਜ ਪੁਸਤਕ ’’ਵੈਜੀਟੇਬਲਜ਼’’ ਨੂੰ ਖੇਤੀ ਗਿਆਨ ਦੇ ਖੇਤਰ ਵਿੱਚ ਬਹੁਤ ਸਲਾਹਿਆ ਗਿਆ ਅਤੇ ਭਾਰਤ ’ਚ ਹੀ ਨਹੀਂ ਸਗੋਂ ਕੈਨੇਡਾ ਅਤੇ ਆਸਟ੍ਰੇਲੀਆ ’ਚ ਵੀ ਬਹੁਤ ਪ੍ਰਸਿੱਧੀ ਹਾਸਲ ਹੋਈ।ਆਪ ਅੱਜਕਲ ਹਿਸਟਰੀ ਆਫ਼ ਐਗਰੀਕਲਚਰ ਇਨ ਇੰਡੀਆ ’ਤੇ ਕੰਮ ਕਰ ਰਹੇ ਸਨ।
ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੋਣ ਕਾਰਨ ਉਹ ਕਿਸਾਨੀ ਦੀ ਮੌਜੂਦਾ ਦਸ਼ਾ ਤੋਂ ਚੰਗੀ ਤਰਾਂ ਵਾਕਫ਼ ਸਨ, ਕਿਸਾਨੀ ਦੀ ਇਸੇ ਦੁੱਖ ਦਰਦ ਨੇ ਉਨਾਂ ਨੂੰ ਖੇਤੀਬਾੜੀ ’ਚ ਸਾਰਥਿਕ ਖੋਜ ਲਈ ਉਤਸ਼ਾਹਿਤ ਕੀਤਾ।ਉਹ ਕਿਸਾਨਾਂ ਅਤੇ ਕਿਸਾਨੀ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ’ਚ ਆਪਣਾ ਯੋਗਦਾਨ ਪਾ ਰਿਹਾ ਸੀ।ਉਹ ਬਾਖੂਬੀ ਸਮਝਦਾ ਸੀ ਕਿ ਸੰਸਾਰੀਕਰਨ ਦੇ ਦੌਰ ’ਚ ਸਬਜ਼ੀ ਵਿਗਿਆਨ ਦੇ ਖੇਤਰ ’ਚ ਪ੍ਰਚਲਿਤ ਵਿਧੀਆਂ ਨਾਲ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ, ਤਾਂ ਕਿ ਕਿਸਾਨੀ ਦੇ ਝੁਕਾਉ ਨੂੰ ਫਸਲੀ ਚੱਕਰ ਤੋਂ ਹਟਾ ਕੇ ਫਾਰਮਿੰਗ ਵੱਲ ਲਗਾਇਆ ਜਾ ਸਕੇ।ਜੋ ਕਿ ਕਿਸਾਨੀ ਦੀ ਆਮਦਨੀ ’ਚ ਵਾਧੇ ਲਈ ਸਾਰਥਿਕ ਕਦਮ ਸੀ।
ਮੰਨੂ ਸ਼ਾਹੀ ਦਾ ਬੇਵਕਤ ਵਿਛੋੜਾ ਅਸਹਿ ਹੈ।ਬੱਸ ਇਹੀ ਕਹਾਂਗਾ ’’ਐ ਕੁਦਰਤ ਤੁਝਸੇ ਯੇ ਕੈਸੀ ਨਾਦਾਨੀ ਹੋਈ, ਫੂਲ ਵੋਹ ਤੋੜਾ ਜਿਨਸੇ ਗੁਲਸ਼ਨ ਮੇ ਵੀਰਾਨੀ ਹੋਈ’’।
ਮਨੂ ਸ਼ਾਹੀ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦਆਰਾ ਕਬੀਰ ਪਾਰਕ ਅੰਮਿ੍ਰਤਸਰ ਵਿਖੇ ਮਿਤੀ 21 ਸਤੰਬਰ ਦਿਨ ਵੀਰਵਾਰ ਨੂੰ ਹੋਵੇਗਾ।
ਸਰਚਾਂਦ ਸਿੰਘ
ਅੰਮ੍ਰਿਤਸਰ। ਮੋ- 9781355522
Punjab Post Daily Online Newspaper & Print Media