ਹਰ ਕਿਸਾਨ ਆਪਣੇ ਟਿਊਬਵੈਲ ‘ਤੇ ਫਲਦਾਰ ਬੂਟੇ ਜਰੂਰ ਲਾਵੇ
ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਆਮ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਅੱਜ ਬਲਾਕ ਚੌਗਾਵਾਂ ਵਿਖੇ ਫਲਦਾਰ ਬੂਟਿਆਂ ਦੀ ਵੰਡ ਸਬੰਧੀ ਇੱਕ ਵਿਸ਼ੇਸ਼ ਸਮਾਗਮ ਕਰਾਇਆ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕੀਤੀ।ਉਨਾਂ ਨਾਲ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀਮਤੀ ਅਲਕਾ ਕਾਲੀਆ, ਜਿਲਾ ਪੰਚਾਇਤ ਤੇ ਵਿਕਾਸ ਅਫ਼ਸਰ ਗੁਰਪ੍ਰੀਤ ਸਿੰਘ ਗਿੱਲ, ਦਿਲਰਾਜ ਸਿੰਘ ਸਰਕਾਰੀਆ, ਡਿਪਟੀ ਡਾਇਰੈਕਟਰ ਬਾਗਬਾਨੀ ਗੁਰਸ਼ਰਨ ਸਿੰਘ ਛੀਨਾ, ਰਣਜੀਤ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ, ਬੀ.ਡੀ.ਪੀ.ਓ ਸੰਦੀਪ ਮਲਹੋਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਿਲੇ ਵਿੱਚ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਫਲਦਾਰ ਬੂਟੇ ਜਿਥੇ ਵਾਤਾਵਰਨ ਦੀ ਸ਼ੁੁਧਤਾ ਲਈ ਉਪਯੋਗੀ ਹਨ ਉਥੇ ਇਨਾਂ ਬੂਟਿਆਂ ਨੂੰ ਲੱਗਦੇ ਫਲ ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਸਹਾਈ ਹੁੰਦੇ ਹਨ।ਉਨਾਂ ਕਿਹਾ ਕਿ ਹਰ ਕਿਸਾਨ ਨੂੰ ਆਪਣੀ ਟਿਊਬਵੈਲ ਅਤੇ ਘਰਾਂ ਵਿੱਚ ਚਾਰ ਪੰਜ ਫਲ਼ਦਾਰ ਬੂਟੇ ਜਰੂਰ ਲਗਾਉਣੇ ਚਾਹੀਦੇ ਹਨ।ਉਨਾਂ ਕਿਹਾ ਕਿ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਕੁਦਰਤ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਜਿਥੇ ਵਾਤਾਵਰਨ ਵਿੱਚ ਵਿਗਾੜ ਆਏ ਹਨ ਉਥੇ ਮਨੁੱਖ ਨੂੰ ਕਈ ਬਿਮਾਰੀਆਂ ਨੇ ਘੇਰ ਲਿਆ ਹੈ।ਉੇਨਾਂ ਕਿਹਾ ਕਿ ਅੱਜ ਲੋੜ ਹੈ ਕੁਦਰਤ ਨਾਲ ਜੁੜਿਆ ਜਾਵੇ ਅਤੇ ਵੱਧ ਤੋਂ ਵੱਧ ਪੌਦੇ ਲਗਾ ਕੇ ਉਨਾਂ ਦੀ ਦੇਖ-ਭਾਲ ਕੀਤੀ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਪੌਦੇ ਰੁੱਖ ਬਣ ਕੇ ਸਾਡਾ ਆਲਾ-ਦੁਆਲਾ ਹਰਿਆ ਭਰਿਆ ਕਰਕੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾ ਸਕਣ।ਉਨਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਬਾਗਬਾਨੀ ਵਿਭਾਗ ਅਤੇ ਪੰਚਾਇਤ ਵਿਭਾਗ ਨਾਲ ਮਿਲ ਕੇ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਫਲਦਾਰ ਬੂਟਿਆਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਉੱਤਮ ਕੁਆਲਟੀ ਦੇ ਫਲਦਾਰ ਬੂਟੇ ਮਿਲ ਸਕਣ।
ਉਨਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਸਬੰਧੀ ਕੋਈ ਵੀ ਤਕਨੀਕੀ ਜਾਣਕਾਰੀ ਜਾਂ ਸਹਾਇਤਾ ਖੇਤੀਬਾੜੀ ਵਿਭਾਗ ਕੋਲੋਂ ਲੈ ਸਕਦੇ ਹਨ।ਇਸ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਸ਼ਰਨ ਸਿੰਘ ਛੀਨਾ ਨੇ ਹਾਜ਼ਰ ਇਕੱਠ ਨੂੰ ਫਲਦਾਰ ਬੂਟਿਆਂ ਨੂੰ ਲਗਾਉਣ ਦੇ ਢੰਗ ਅਤੇ ਇਨਾਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰ ਵਿੱਚ ਦੱਸਿਆ।ਛੀਨਾ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲੇ ਦਾ ਜਲਵਾਜੂ ਬਾਗਬਾਨੀ ਲਈ ਬਹੁਤ ਢੁੱਕਵਾਂ ਹੈ ਅਤੇ ਕਿਸਾਨਾਂ ਨੂੰ ਰਿਵਾਇਤੀ ਖੇਤੀ ਚੱਕਰ ਵਿੱਚੋਂ ਨਿਕਲ ਕੇ ਆਪਣਾ ਕੁੱਝ ਰਕਬਾ ਬਾਗਬਾਨੀ ਹੇਠ ਜਰੂਰ ਲਿਆਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਨਾਖਾਂ ਦੇ ਬਾਗ ਲਗਾ ਕੇ ਕਿਸਾਨ ਇੱਕ ਏਕੜ ਵਿੱਚੋਂ 2 ਲੱਖ ਰੁਪਏ ਸਲਾਨਾ ਕਮਾਈ ਕਰ ਸਕਦੇ ਹਨ।ਇਸ ਮੌਕੇ ਉਨਾਂ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਵੀ ਉਤਸ਼ਾਹਤ ਕੀਤਾ।ਉਨਾਂ ਕਿਹਾ ਕਿ ਘੱਟੋ-ਘੱਟ ਹਰ ਕਿਸਾਨ ਨੂੰ ਆਪਣੇ ਘਰ ਦੇ ਗੁਜ਼ਾਰੇ ਲਈ ਤਾਂ ਸਬਜ਼ੀਆਂ ਦੀ ਕਾਸ਼ਤ ਜਰੂਰ ਕਰਨੀ ਚਾਹੀਦੀ ਹੈ।ਇਸ ਮੌਕੇ ਉਨਾਂ ਡਿਪਟੀ ਕਮਿਸ਼ਨਰ ਕੋਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਘਰੈਲੂ ਬਗੀਚੀ ਦੀਆਂ ਸਬਜ਼ੀਆਂ ਦੇ ਬੀਜ਼ ਦੀਆਂ ਕਿੱਟਾਂ ਵੰਡਣ ਦੀ ਸ਼ੁਰੂਆਤ ਵੀ ਕਰਵਾਈ।
ਸਮਾਗਮ ਦੇ ਅਖੀਰ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਨਿੰਬੂ, ਅੰਬ, ਲਗਾਠ ਅਤੇ ਗਲਗਲ ਦੇ ਫਲਦਾਰ ਬੂਟੇ ਵੰਡੇ ਗਏ।ਅੱਜ ਦੇ ਸਮਾਗਮ ਦੌਰਾਨ ਬਲਾਕ ਚੌਗਾਵਾਂ ਵਿੱਚ ਕਰੀਬ 4500 ਫਲਦਾਰ ਬੂਟੇ ਕਿਸਾਨਾਂ ਨੇ ਆਪਣੇ ਘਰਾਂ ਅਤੇ ਟਿਊਬਵੈੱਲਾਂ ‘ਤੇ ਲਗਾਉਣ ਲਈ ਲਏ।
Punjab Post Daily Online Newspaper & Print Media