ਦੁਨੀਆਂ ਦਾ ਢਿੱਡ ਪਾਲਣ ਵਾਲਾ, ਸੌਂਦਾ ਭੁੱਖਣ ਭਾਣਾ ਏ
ਖੁਦਕੁਸ਼ੀਆਂ ਦੇ ਰਸਤੇ ਪੈ ਗਿਆ, ਅੱਜ ਕਿਸਾਨ ਨਿਮਾਣਾ ਏ।
ਸ਼ਰੇਆਮ ਨੇ ਉਡੀਆਂ ਧੱਜੀਆਂ। ਭਗਤ ਸਿੰਘ ਤੇਰੇ ਖਵਾਬ ਦੀਆਂ
ਅੱਜ ਵੇਖ ਲੋ ਫੇਰ ਰੋਂਦੀਆਂ ਤਕਦੀਰਾਂ ਨੇ ਪੰਜਾਬ ਦੀਆਂ।
ਖੌਰੇ ਲੋਕ ਭੁਲਾ ਕੇ ਬਹਿ ਗਏ, ਕਿਉਂ ਤੇਰੀ ਕੁਰਬਾਨੀ ਨੂੰ
ਨਸ਼ਿਆਂ ਦਾ ਹੜ ਰੋੜ ਕੇ ਲੈਜੂ, ਲਗਦਾ ਚੜੀ ਜੁਆਨੀ ਨੂੰ।
ਇੰਝ ਲੱਗਦਾ ਜਿਉਂ ਮੁੱਕੀਆਂ ਹੋਵਣ, ਰੀਝਾਂ ਕਿਸੇ ਨਵਾਬ ਦੀਆਂ
ਅੱਜ ਵੇਖ ਲੋ ਫੇਰ ਰੋਂਦੀਆਂ, ਤਕਦੀਰਾਂ ਨੇ ਪੰਜਾਬ ਦੀਆਂ।
ਓਵਰ ਬਿ੍ਰਜ ਬਣਾ ਕੇ ਦੱਸਦੇ, ਤਰੱਕੀ ਵਾਲੀਆਂ ਰਮਜ਼ਾਂ ਨੂੰ
ਅਨਪੜਤਾ ਤੇ ਬੇਰੋਜ਼ਗਾਰੀ ਖਾ ਗਈ, ਸਾਡੀਆਂ ਸਮਝਾਂ ਨੂੰ।
ਸੜਕਾਂ ਉਤੇ ਲੱਗੀਆਂ ਲਾਇਨਾਂ, ਦੇਖੋ ਮੰਗਤਵਾਦ ਦੀਆਂ
ਅੱਜ ਵੇਖ ਲੋ ਫੇਰ ਰੋਂਦੀਆਂ, ਤਕਦੀਰਾਂ ਨੇ ਪੰਜਾਬ ਦੀਆਂ।
ਚਿੱਟੇ ਕਾਲੇ ਰਲ ਕੇ ਖਾ ਗਏ ਤੇਰੀ ਯਾਰ ਜੁਆਨੀ ਨੂੰ
ਦੋਦੇ ਵਾਲਾ ਭੁੱਲ ਨਹੀਂ ਸਕਦਾ, ਕੀਤੀ ਹੋਈ ਕੁਰਬਾਨੀ ਨੂੰ।
ਦੂਰ ਉਡਗੀਆਂ ਜਾਪਣ ਹੁਣ ਜਿਉਂ, ਮਹਿਕਾਂ ਕਿਤੇ ਗੁਲਾਬ ਦੀਆਂ
ਅੱਜ ਵੇਖਲੋ ਫੇਰ ਰੋਂਦੀਆਂ ਤਕਦੀਰਾਂ ਨੇ ਪੰਜਾਬ ਦੀਆਂ।
ਕੋਈ ਫੁੱਲ ਜਦ ਖਿਲਣ ਤੋਂ ਪਹਿਲਾਂ, ਯਾਰਾ ਹੈ ਮੁਰਝਾ ਜਾਂਦਾ,
ਬਲਵਿੰਦਰ ਵਰਗੇ ਕੋਮਲ ਦਿਲ ਨੂੰ, ਸੋਚਾਂ ਦੇ ਵਿੱਚ ਪਾ ਜਾਂਦਾ।
ਲੜੀ ਸੋਚਾਂ ਦੀ ਫਿਰ ਛੂੰਹਦੀ ਹੈ, ਗੱਲਾਂ ਬੇ-ਹਿਸਾਬ ਦੀਆਂ
ਅੱਜ ਵੇਖਲੋ ਫੇਰ ਰੋਂਦੀਆਂ, ਤਕਦੀਰਾਂ ਨੇ ਪੰਜਾਬ ਦੀਆਂ।

ਬਲਵਿੰਦਰ ਰਾਏ ਦੋਦਾ
ਪਿੰਡ ਦੋਦਾ
ਜਿਲਾ ਸ੍ਰੀ ਮੁਕਤਸਰ ਸਾਹਿਬ
ਮੋਬਾ : 93573-05252
Punjab Post Daily Online Newspaper & Print Media