Tuesday, March 24, 2026

ਝੋਨੇ ਦੀ ਪਰਾਲੀ ਨੂੰ ਸਾੜਣ ਦੇ ਬਗੈਰ ਕਣਕ ਦੀ ਬਿਜਾਈ ਕਿਵੇਂ ਕਰੀਏ!

           Parali on Fire ਪੰਜਾਬ ਵਿੱਚ ਝੋਨੇ ਦੀ ਕਾਸ਼ਤ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 19.70 ਮਿਲੀਅਨ ਟਨ ਪਰਾਲੀ ਹਰ ਸਾਲ ਪੈਦਾ ਹੁੰਦੀ ਹੈ।ਇਸ ਵਿੱਚੋਂ ਤਕਰੀਬਨ 2.70 ਮਿਲੀਅਨ ਟਨ ਬਾਸਮਤੀ ਦੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤ ਲਈ ਜਾਂਦੀ ਹੈ।ਝੋਨੇ ਤੋਂ ਪੈਦਾ ਹੋਈ 1.60 ਮਿਲੀਅਨ ਟਨ ਪਰਾਲੀ ਉਦਯੋਗਾਂ ਅਤੇ ਹੋਰ ਕਾਰਜਾਂ ਲਈ ਵਰਤ ਲਈ ਜਾਂਦੀ ਹੈ।ਇਸ ਤੋਂ ਇਲਾਵਾ ਜ਼ਿਲਾ ਪਠਾਨਕੋਟ ਵਿੱਚ 27000 ਹੈਕਟੇਅਰ ਰਕਬੇ ਵਿੱਚੋਂ ਤਕਰੀਬਨ 1.75 ਲੱਖ ਟਨ ਪੈਦਾ ਹੋਈ ਝੋਨੇ ਅਤੇ ਬਾਸਮਤੀ ਦੀ ਪਰਾਲੀ ਪਸ਼ੂ ਪਾਲਕ ਖਾਸ ਕਰਕੇ ਗੁਜ਼ਰ ਭਾਈਚਾਰਾ ਪਸ਼ੂਆਂ ਲਈ ਕਿਸਾਨਾਂ ਤੋਂ ਔਸਤਨ 4200/- ਪ੍ਰਤੀ ਹੈਕਟੇਅਰ ਦੀ ਪਰਾਲੀ ਖ੍ਰੀਦ ਕੇ ਸੰਭਾਲ ਲੈਂਦਾ ਹੈ।ਪਿਛਲੇ ਸਾਲ ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਤਕਰੀਬਨ 11.34 ਕਰੋੜ ਦਾ ਵਿੱਤੀ ਲਾਭ ਹੋਇਆ ਸੀ,ਜਿਸ ਦੇ ਸਿੱਟੇ ਵੱਜੋਂ ਜ਼ਿਲਾ ਪਠਾਨਕੋਟ ਪੰਜਾਬ ਦਾ ਪਹਿਲਾ ਪਰਾਲੀ ਨੂੰ ਨਾਂ ਸਾੜਣ ਵਾਲਾ ਧੂੰਆਂ ਰਹਿਤ ਜ਼ਿਲਾ ਬਣਿਆ ਸੀ।ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਸਮਾਂ ਘੱਟ ਹੋਣ ਕਾਰਨ ਕਿਸਾਨਾਂ ਵੱਲੋਂ ਤਕਰੀਬਨ 15.39 ਮਿਲੀਅਨ ਟਨ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਕਣਕ,ਆਲੂ,ਮਟਰ,ਕਮਾਦ ਅਤੇ ਹੋਰ ਫਸਲਾਂ ਦੀ ਬਿਜਾਈ ਲਈ ਖੇਤਾਂ ਦੀ ਤਿਆਰੀ ਕੀਤੀ ਜਾਂਦੀ ਹੈ।ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਇੱਕ ਟਨ ਪਰਾਲੀ ਸਾੜਣ ਨਾਲ 400 ਕਿਲੋ ਜੈਵਿਕ ਕਾਰਬਨ,5.5 ਕਿਲੋ ਨਾਈਟਰੋਜਨ,2.3 ਕਿਲੋ ਫਾਸਫੋਰਸ,25 ਕਿਲੋ ਪੋਟਾਸ਼,1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਲਘੂ ਜੀਵਾਂ ਦਾ ਬਹੁਤ ਨੁਕਸਾਨ ਹੁੰਦਾ ਹੈ।ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਪੈਦਾ ਹੋਣਗੀਆਂ ਜਿਸ ਕਾਰਨ ਮਨੁੱਖਾਂ ਵਿੱਚ ਸਾਹ ,ਅੱਖਾਂ ਵਿੱਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਵੇਗਾ।ਇਸ ਤੋਂ ਇਲਾਵਾ ਉਦਯੋਗਾਂ,ਇੱਟਾਂ ਦੇ ਭੱਠਿਆਂ,ਕੱਚਾ ਕੋਲਾ ਬਨਾਉਣ ਵਾਲੀਆਂ ਇਕਾਈਆਂ ਵੀ ਹਵਾ ਦਾ ਪ੍ਰਦੂਸ਼ਣ ਵਧਾਉਣ ਵਿੱਚ ਸਹਾਈ ਹੁੰਦੀਆਂ ਹਨ।ਦੀਵਾਲੀ ਦੀ ਰਾਤ ਨੂੰ ਆਤਸ਼ਬਾਜ਼ੀ ਕਾਰਨ ਸਾਰੇ ਸਾਲ ਨਾਲੋਂ ਵਧੇਰੇ ਪ੍ਰਦੂਸ਼ਣ ਹੁੰਦਾ ਹੈ।ਪਰਾਲੀ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਦੀ ਹੈ ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ।ਹਵਾ ਦੇ ਵਧਦੇ ਕਾਰਨ ਮੌਸਮੀ ਤਬਦੀਲੀਆਂ ਬਹੁਤ ਜਲਦੀ ਆੳਣ ਦੀ ਸੰਭਾਵਨਾ ਵਧ ਜਾਵੇਗੀ।ਵਾਤਾਵਰਣ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ, ਜਿਸ ਨਾਲ ਕਿਧਰੇ ਹੜ ਅਤੇ ਕਿਧਰੇ ਸੋਕਾ ਪੈ ਰਿਹਾ ਹੈ।ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸੰਨ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀ ਗ੍ਰੇਡ ਅਤੇ ਸੰਨ 2080 ਤੱਕ 4.5 ਡਿਗਰੀ ਸੈਂਟੀਗ੍ਰੇਡ ਵੱਧ ਜਾਵੇਗਾ।ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਦੇਸ਼ ਵਿੱਚ 2 ਡਿਗਰੀ ਸੈਂਟੀਗਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ।ਇਸੇ ਤਰਾਂ ਤਾਪਮਾਨ ਵਿੱਚ ਸਿਰਫ 0.5 ਡਿਗਰੀ ਸੈਂਟੀ ਗਰੇਡ ਦੇ ਵਾਧੇ ਕਾਰਨ ਪੰਜਾਬ,ਹਰਿਆਣਾ ,ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦੀ 10 ਪ੍ਰਤੀਸ਼ਤ ਤੱਕ ਘਟ ਸਕਦੀ ਹੈ।ਮੌਸਮੀ ਤਬਦੀਲੀਆਂ ਕਾਰਨ ਫਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਅੱਗ ਲਗਾਉਣ ਨਾਲ ਸੜਕਾਂ ਕਿਨਾਰੇ ਲਗਾਏ ਦਰੱਖਤ ਸੜਕੇ ਨਸਟ ਹੋ ਜਾਂਦੇ ਹਨ।ਬਹੁਤ ਸਾਰੇ ਕਿਸਾਨਾਂ ਦੇ ਮਿੱਤਰ ਪੰਛੀ ਆਪਣੇ ਪਰਿਵਾਰਕ ਵਾਧੇ ਲਈ ਆਂਡੇ ਖੇਤਾਂ ਅਤੇ ਖੇਤਾਂ ਦੀਆਂ ਵੱਟਾਂ ਉੱਪਰ ਦਿੰਦੇ ਹਨ ਅਤੇ ਇਨਾਂ ਅੰਡਿਆਂ ਤੋਂ ਪੈਦਾ ਹੋਣ ਵਾਲੇ ਬੱਚੇ ਜਨਮ ਤੋਂ ਪਹਿਲਾਂ ਹੀ ਅੱਗ ਨਾਲ ਸੜ ਕੇ ਖਤਮ ਹੋ ਜਾਂਦੇ ਹਨ।ਉਪਰੋਕਤ ਕਾਰਨਾਂ ਕਾਰਨ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੁੱਲੇ ਵਿੱਚ ਸਾੜਣ ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਨਾਲ ਕੈਂਪਾਂ,ਸੋਸ਼ਲ ਮੀਡੀਆ ਰਾਹੀਂ ਰਾਬਤਾ ਬਣਾ ਕੇ ਜਾਗਰੁਕ ਕੀਤਾ ਜਾ ਰਿਹਾ ਹੈ।
ਵਾਤਾਵਰਣ ਨੂੰ ਸ਼ੁੱਦ ਰੱਖਣ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਖੇਤ ਵਿੱਚ ਵਾਹ ਕੇ ਕਣਕ ਜਾਂ ਹੋਰ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਹੁਣ ਕੁਝ ਕਿਸਾਨ ਸੁਆਲ ਕਰਦੇ ਹਨ ਕਿ ਪਰਾਲੀ ਨੂੰ ਕਿਵੇਂ ਸੰਭਾਲੀਏ , ਕਿਸਾਨ ਵੀਰੋ ਸਮੇਂ ਦੇ ਨਾਲ ਖੇਤੀ ਮਾਹਿਰਾਂ ਵੱਲੋਂ ਹੁਣ ਅਜਿਹੀਆਂ ਤਕਨੀਕਾਂ  ਵਿਕਸਤ ਕੀਤੀਆਂ ਜਾ ਚੁੱਕੀਆ ਹਨ ਜਿਸ ਨਾਲ ਨਾਂ ਕੇਵਲ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕੇਗਾ। ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਝੋਨੇ ਦੀ ਕਟਾਈ ਜਦ ਕੰਬਾਈਨ ਨਾਲ ਕੀਤੀ ਜਾਂਦੀ ਸੀ ਤਾਂ ਕਾਫੀ ਮਾਤਰਾ ਵਿੱਚ ਪਰਾਲੀ ਦਾ ਫੂਸ ਝੋਨੇ ਦੇ ਮੁਢਾਂ ਉੱਪਰ ਇਕੱਠਾ ਹੋ ਜਾਂਦਾ ਸੀ ਅਤੇ ਤਵੀਆਂ, ਰੋਟਾਵੇਟਰ ਨਾਲ ਇਸ ਫੁਸ ਨੂੰ ਸੰਭਾਲਣਾ ਔਖਾ ਹੁੰਦਾ ਸੀ ਪਰ ਹੁਣ ਝੋਨੇ ਦੀ ਕਟਾਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਐਸ ਐਮ ਐਸ) ਲੱਗੀ ਕੰਬਾਈਨ ਨਾਲ ਕਰਨ ਨਾਲ ਇਹ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ ਕਿਉਂਕਿ ਐਸ.ਐਮ.ਐਸ ਲੱਗੀ ਕੰਬਾਈਨ ਫੂਸ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੁਤਰ ਕੇ ਇਕਸਾਰ ਖੇਤ ਵਿੱਚ ਖਿਲਾਰ ਦਿੰਦੀ ਹੈ।ਕਟਾਈ ਉਪਰੰਤ ਜੇਕਰ ਕਣਕ ਬੀਜਣੀ ਹੈ ਤਾਂ ਝੋਨੇ ਦੇ ਮੁੱਢਾਂ ਨੂੰ ਪੀ ਏ ਯੂ ਕਟਰ ਕਮ ਸ਼ਰੈਡਰ ਨਾਲ ਕੱਟ ਕੇ, ਉਲਟਾਵੇਂ ਹੱਲ ਜਾਂ ਰੋਟਾਵੇਟਰ ਨਾਲ ਮਿੱਟੀ ਵਿੱਚ ਮਿਲਾ ਕੇ ਪਾਣੀ ਲਗਾ ਦੇਣਾ ਚਾਹੀਦਾ।ਜੋ ਕੁਝ ਦਿਨਾਂ ਬਾਅਦ ਗਲ ਜਾਵੇਗਾ ਅਤੇ ਖੇਤ ਤਿਆਰ ਕਰਕੇ ਡਰਿੱਲ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਜੇਕਰ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨੀ ਹੈ ਤਾਂ ਕਟਰ ਕਮ ਸ਼ਰੈਡਰ ਨਾਲ ਮੁੱਢ ਕੁਤਰ ਕੇ, ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਦੀ ਵੀ ਜ਼ਰੂਰਤ ਨਹੀਂ ਪਵੇਗੀ ਅਤੇ ਪਾਣੀ ਵੀ ਘੱਟ ਲੱਗੇਗਾ ਕਿਉਂਕਿ ਕੁਤਰ ਕੇ ਇਕਸਾਰ ਖਿਲਾਰੀ ਪਰਾਲੀ ਖੇਤ ਵਿੱਚ ਢੱਕਣੇ (ਮਲਚਿੰਗ) ਦਾ ਕੰਮ ਕਰੇਗੀ।ਕਣਕ ਦੀ ਬਿਜਾਈ ਲੱਕੀ ਹੈਪੀ ਸੀਡਰ ਮਸ਼ੀਨ ਨਾਲ ਕੰਬਾਈਨ ਦੇ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ।ਹੈਪੀ ਸੀਡਰ ਅਜਿਹੀ ਮਸ਼ੀਨ ਹੈ ਜਿਸ ਨਾਲ ੱਿੲਕੋ ਸਮੇਂ ਝੋਨੇ ਦੀ ਪਰਾਲੀ ਨੂੰ ਕੁਤਰ ਕੇ ਖੇਤ ਵਿੱਚ ਖਿਲਾਰਣ ਦੇ ਨਾਲ-ਨਾਲ ਕਣਕ ਦੀ ਸਿੱਧੀ ਬਿਜਾਈ ਕਰਦੀ ਹੈ।ਹੈਪੀ ਸੀਡਰ ਨਾਲ ਬਿਜਾਈ ਕੀਤੀ ਕਣਕ ਨਾਲ ਜਿਥੇ ਖੇਤੀ ਲਾਗਤ ਖਰਚੇ ਘਟਦੇ ਹਨ ਉਥੇ ਪੈਦਾਵਾਰ ਵੀ ਵੱਧ ਨਿਕਲਦੀ ਹੈ।ਬਾਜ਼ਾਰ ਵਿੱਚ ਹੈਪੀ ਸੀਡਰ ਦੀ ਕੀਮਤ 135,000/- ਤੋਂ 145000/- ਰੁਪਏ ਹੈ।ਜੇਕਰ ਆਲੂ ਜਾਂ ਮਟਰ ਬੀਜਣੇ ਹਨ ਤਾਂ ਐਸ ਐਮ ਐਸ ਲੱਗੀ ਕੰਬਾਈਨ ਨਾਲ ਝੋਨੇ ਦੀ ਕਟਾਈ ਉਪਰੰਤ ਚੌਪਰ ਕਮ ਸ਼ਰੈਡਰ ਨਾਲ ਮੁੱਢ ਕੁਤਰ ਕੇ ਇੱਕ ਪਾੜ ਰੋਟਾਵੇਟਰ ਦੀ ਪਾਉਣ ਤੁਪਰੰਤ ਉਲਟਾਵੇਂ ਹੱਲ ਨਾਲ ਰਹਿੰਦ ਖੂੰਹਦ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ।ਖੇਤ ਵਿੱਚ ਮਿਲਾਉਣ ਉਪਰੰਤ ਪਾਣੀ ਲਗਾ ਕੇ,ਵੱਤਰ ਆਉਣ ਤੇ ਰੋਟਾਵੇਟਰ ਦੀ ਪਾੜ ਅਤੇ ਦੋਹਰ ਟਿਲਰਾਂ ਨਾਲ ਵਾਹ ਕੇ ਖੇਤ ਤਿਆਰ ਕੀਤਾ ਜਾ ਸਕਦਾ ਹੈ।
ਰੋਟਾਵੇਟਰ ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਈਏ।ਪਰਾਲੀ ਦੀ ਵਰਤੋਂ ਬਿਜਲੀ ਪੇਦਾ ਕਰਨ ਲਈ, ਸਰਦੀਆਂ ਵਿੱਚ ਰਾਤ ਪਸ਼ੂਆਂ ਹੇਠਾਂ ਸੁੱਕ (ਬੈਡਿੰਗ) ਵੱਜੋਂ ਵਰਤੋਂ, ਖੁੰਭਾਂ ਪੇਦਾ ਕਰਨ ਲਈ, ਗੱਤਾ ਮਿਲਾਂ ਵਿੱਚ ਗੱਤਾ ਬਨਾਉਣ ਅਤੇ ਚਾਰੇ ਲਈ ਕੀਤੀ ਜਾ ਸਕਦੀ ਹੈ।ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਵਿੱਚ ਬਹੁਤੀ ਪਰਾਲੀ ਗੁੱਜਰ ਭਾਈਚਾਰੇ ਵੱਲੋਂ ਪਸ਼ੂਆਂ ਦੇ ਚਾਰੇ ਲਈ ਖ੍ਰੀਦ ਲਈ ਜਾਂਦੀ ਹੈ ਜੋ ਕਿ 2 ਤੋਂ 3 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਿਕ ਜਾਂਦੀ ਹੈ।ਝੋਨੇ ਦੀ ਪਰਾਲੀ/ਰਹਿੰਦ ਖੁੂੰਹਦ ਦੇ ਨਿਪਟਾਰੇ ਲਈ ਕੁੱਝ ਮਸ਼ੀਨਾਂ ਦੀ ਸਿਫਾਰਸ਼ਾਂ ਕੀਤੀਆਂ ਗਈਆਂ ਹਨ, ਜਿੰਨਾਂ ਦੀ ਵਰਤੋਂ ਕਰਕੇ ਕਣਕ ਦੀ ਬਿਜਾਈ, ਜ਼ਮੀਨ ਨੂੰ ਬਿਨਾਂ ਵਾਹਿਆਂ ਅਤੇ ਪਰਾਲੀ ਨੂੰ ਬਿਨਾਂ ਅੱਗ ਲਾਇਆਂ ਕੀਤੀ ਜਾ ਸਕਦੀ ਹੈ।ਮਸ਼ੀਨਰੀ ਮਹਿੰਗੀ ਹੋਣ ਕਾਰਨ ਹਰੇਕ ਕਿਸਾਨ ਲਈ ਮਸ਼ੀਨਰੀ ਖ੍ਰੀਦਣੀ ਸੰਭਵ ਨਹੀਂ ਇਸ ਲਈ ਸਹਿਕਾਰੀ ਪੱਧਰ ਤੇ 5-10 ਕਿਸਾਨ ਰਲ ਕੇ ਮਸ਼ੀਨਰੀ ਖ੍ਰੀਦ ਸਕਦੇ ਹਨ।ਫਮਜਾਬ ਸਰਕਾਰ ਵੱਲੋਂ ਵੀ ਖੇਤੀ ਮਸ਼ੀਨਰੀ ਬੈਂਕ ਸਥਾਪਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।ਸਹਿਕਾਰੀ ਸਭਾਵਾਂ ਇਸ ਕੰਮ ਵਿੱਚ ਅਹਿਮ ਭੂਮਿਕਤ ਨਿਭਾ ਸਕਦੀਆਂ ਹਨ।

ਬੇਲਰ ਮਸ਼ੀਨ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਆਇਤਾਕਾਰ ਜਾਂ ਗੋਲਾਕਾਰ ਗੰਢਾਂ ਬਣਾ ਦਿੰਦੀ ਹੈ।ਇਨਾਂ ਗੰਢਾਂ ਨੂੰ ਗੱਤਾ ਬਨਾਉਣ,ਇੱਟਾਂ ਦੇ ਭੱਠੇ,ਪੈਕਿੰਗ ਅਤੇ ਬਿਜਲੀ ਪੈਦਾ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।ਬਿਜਲੀ ਪੈਦਾ ਕਰਨ ਵਾਲੇ ਪਲਾਂਟ ਇਹ ਗੰਢਾਂ 1000-1500 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਖ੍ਰੀਦਦੇ ਹਨ।ਇਹ ਮਸ਼ੀਨ ਇੱਕ ਦਿਨ ਵਿੱਚ 6-7 ਏਕੜ ਰਕਬੇ ਵਿੱਚੋਂ ਗੰਢਾਂ ਬਣਾ ਦਿੰਦੀ ਹੈ।ਬੇਲਰ ਦੀ ਕੀਮਤ ਤਕਰੀਬਨ 10 ਲੱਖ ਹੈ।
ਉਪਰੋਕਤ ਮਸ਼ੀਨਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਿਆ ਜਾ ਸਕਦਾ ਹੈ।ਇਨਾਂ ਮਸ਼ੀਨਾਂ ਤੇ ਸਬਸਿਡੀ ਜਾਂ ਹੋਰ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ,ਖੇਤੀਬਾੜੀ ਅਫਸਰ,ਖੇਤੀਬਾੜੀ ਵਿਕਾਸ ਅਫਸਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।
ਸੋ ਆਉ ਪ੍ਰਣ ਕਰੀਏ ਕਿ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਕਰਾਗੇ ਤਾਂ ਜੋ ਵਾਤਾਵਰਣ ਨੂੰ ਪ੍ਰਦੁਸ਼ਤ ਹੋਣ ਤੋਂ ਬਚਾਅ ਸਕੀਏ।
Dr. Amrik S

ਡਾ. ਅਮਰੀਕ ਸਿੰਘ
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ।
ਮੋ- 9463071919

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply