ਸਮਰਾਲਾ, 27 ਸਤੰਬਰ (ਪੰਜਾਬ ਪੋਸਟ- ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮਲਾਜ਼ਮ ਜਥੇਬੰਦੀ ਟੈਕਨੀਕਲ ਸਰਵਿਸ਼ਜ਼ ਯੂਨੀਅਨ
(ਰਜਿ: 49) ਦੇ ਸੂਬਾਈ ਪ੍ਰੋਗਰਾਮ ਅਨੁਸਾਰ ਅੱਜ ਸਮਰਾਲਾ ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਨੇ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਰੋਸ ਧਰਨਾ ਦਿੱਤਾ ਗਿਆ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੰਡਲ ਸਕੱਤਰ ਰੁਲਦਾ ਸਿੰਘ ਨੇ ਦੱਸਿਆ ਕਿ ਨਿੱਜੀਕਰਨ ਖਿਲਾਫ ਸੰਘਰਸ਼ ਕਰਦੇ ਪਟਿਆਲਾ ਸਰਕਲ ਦੇ ਆਗੂਆਂ ਨੂੰ ਮੁੜ ਡਿਸਮਿਸ ਕਰਨ ਖਿਲਾਫ, ਪੁਰਾਣੀਆਂ ਸੇਵਾ ਸ਼ਰਤਾਂ ਦੀ ਰਾਖੀ ਲਈ, ਬਿਜਲੀ ਅਦਾਰੇ ਅੰਦਰ ਪੱਕੀ ਭਰਤੀ ਕਰਵਾਉਣ ਲਈ, ਕੱਚੇ ਅਤੇ ਠੇਕਾ ਅਧਾਰਿਤ ਕਾਮੇ ਪੱਕੇ ਕਰਵਾਉਣ ਲਈ, ਵਧੇ ਕੰਮਾਂ ਅਨੁਸਾਰ ਨਵੀਆਂ ਪੋਸਟਾਂ ਦੀ ਰਚਨਾ ਕਰਵਾਉਣ ਲਈ, ਰਹਿੰਦੇ ਮੁਲਾਜ਼ਮਾਂ ਨੂੰ 1-12-2011 ਤੋਂ ਵਧਿਆ ਪੇ-ਬੈਂਡ, ਪੇ-ਗਰੇਡ ਲੈਣ ਲਈ, 1-01-2016 ਤੋਂ ਦੋ ਧਿਰੀ ਗੱਲਬਾਤ ਰਾਹੀਂ ਸਕੇਲਾਂ ਦੀ ਸੁਧਾਈ ਕਰਵਾਉਣ ਲਈ, ਸਰਕਾਰੀ ਥਰਮਲਾਂ ਨੂੰ ਬੰਦ ਕਰਨ ਦੀ ਨੀਤੀ ਖਿਲਾਫ, ਗਰਿਡਾਂ ਨੂੰ ਠੇਕੇ ਦੇ ਦੇਣ ਦੇ ਫੈਸਲੇ ਖਿਲਾਫ, ਮੁਲਾਜ਼ਮ ਤੇ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਅੱਜ ਦੇ ਇਸ ਧਰਨੇ ਵਿੱਚ ਮੰਡਲ ਸਮਰਾਲਾ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਕੋਹਾੜਾ, ਕਟਾਣੀ ਕਲਾਂ, ਖਮਾਣੋਂ, ਮਾਛੀਵਾੜਾ, ਬਹਿਲੋਲਪੁਰ, ਸ਼ਹਿਰੀ ਸਮਰਾਲਾ, ਸਬ ਅਰਬਨ ਸਮਰਾਲਾ ਤੋਂ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।
ਇਸ ਰੋਸ ਧਰਨੇ ਵਿੱਚ 7 ਕਿਸਾਨ ਜਥੇਬੰਦੀਆਂ ਵੱਲੋਂ ਕਰਜ਼ਾ ਮਾਫੀ ਲਈ, ਫਸਲਾਂ ਦਾ ਵਾਜਬ ਭਾਅ ਲੈਣ, ਪਰਾਲੀ ਨਾ ਸਾੜਨ ਦੇ ਬਦਲੇ ਮੁਆਵਜ਼ਾਂ ਲੈਣ ਦੀ ਮੰਗ ਅਤੇ ਹੋਰ ਮੰਗਾਂ ਲਈ ਚੱਲ ਰਹੇ ਸੰਘਰਸ਼ ਦੀ ਡੱਟਵੀਂ ਹਿਮਾਇਤ ਦਾ ਮਤਾ ਪਾਸ ਕੀਤਾ ਗਿਆ।ਰੋਸ ਧਰਨੇ ਨੂੰ ਮੁਲਾਜ਼ਮ ਆਗੂਆਂ ਅਮਰਜੀਤ ਸਿੰਘ, ਦਰਸ਼ਨ ਸਿੰਘ ਢੰਡਾ, ਖੜਕ ਸਿੰਘ, ਸੁਰਜੀਤ ਕੁਮਾਰ, ਸਰੂਪ ਸਿੰਘ ਗੜੀ, ਜਸਵੰਤ ਸਿੰਘ ਤੋਂ ਇਲਾਵਾ ਸਰਕਲ ਰੋਪੜ ਦੇ ਸਾਬਕਾ ਪ੍ਰਧਾਨ ਸਿਕੰਦਰ ਸਿੰਘ ਅਤੇ ਸੂਬਾ ਪ੍ਰਧਾਨ ਭਰਪੂਰ ਸਿੰਘ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ। ਜੇਕਰ ਮੁਲਾਜਮਾਂ ਦੀਆਂ ਉਪਰੋਕਤ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਅਕਤੂਬਰ ਵਿੱਚ ਪਰਿਵਾਰਾਂ ਸਮੇਤ ਹੈੱਡ ਅਫਿਸ ਪਟਿਆਲਾ ਵਿਖੇ ਵਿਸ਼ਾਲ ਧਰਨਾ ਦੇਵੇਗੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media