Tuesday, July 7, 2026

ਕਣਕ ਦੇ ਬਕਾਏ ਦੀ ਅਦਾਇਗੀ ਕਰਨ ’ਚ ਨਾਕਾਮ ਰਹੀ ਕੈਪਟਨ ਸਰਕਾਰ – ਮਜੀਠੀਆ

ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕੀਤੇ

SAMSUNG CSC
SAMSUNG CSC

ਵਾਅਦੇ ਪੂਰੇ ਨਾ ਕਰਨ ਲਈ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲਿਆ ਹੈ।ਉਹਨਾਂ ਦੋਸ਼ ਲਾਇਆ ਕਿ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਵਾਲੀ ਸਰਕਾਰ ਪੰਜ ਮਹੀਨੇ ਬੀਤ ਜਾਣ ’ਤੇ ਵੀ ਕਿਸਾਨਾਂ ਨੂੰ ਕਣਕ ਦੇ ਬਕਾਏ ਦੀ ਅਦਾਇਗੀ ਕਰਨ ’ਚ ਨਾਕਾਮ ਰਹੀ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਗੁਰਦਾਸਪੁਰ ਜਿਮਨੀ ਚੋਣ ਦੇ ਮਦੇਨਜ਼ਰ ਕਾਂਗਰਸ ਵਲੋਂ ਕਿਸਾਨਾਂ ਨੂੰ ਫਿਰ ਗੁਮਰਾਹ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਕਾਂਗਰਸ ਸਰਕਾਰ ਵਿਕਾਸ, ਲੋਕ ਭਲਾਈ ਸਕੀਮਾਂ ਅਤੇ ਕਿਸਾਨੀ ਖੁਦਕੁਸ਼ੀਆਂ ਦੇ ਮੁੱਦੇ ਪ੍ਰਤੀ ਗੰਭੀਰ ਹੋਣ ਦੀ ਥਾਂ ਫਰਾਡ, ਧੋਖਾਧੜੀ, ਦੋਗਲੇਪਨ ਅਤੇ ਜੁਮਲੇਬਾਜੀ ਦੀ ਸਿਆਸਤ ਕਰ ਰਹੀ ਹੈ।ਉਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਕੋਲ ਮਧ ਪ੍ਰਦੇਸ਼ ਦੇ ਕਿਸਾਨਾਂ ਦੀ ਸਾਰ ਲੈਣ ਦਾ ਸਮਾਂ ਹੈ, ਪਰ ਪੰਜਾਬ ਜਿੱਥੇ ਕਾਂਗਰਸ ਦੀ ਸਰਕਾਰ ਹੈ ’ਚ ਕਿਸਾਨੀ ਦੀ ਸਾਰ ਲੈਣ ਤੋਂ ਭੱਜ ਰਹੇ ਹਨ। ਉਹਨਾਂ ਨੌਜਵਾਨ ਕਿਸਾਨਾਂ ਦੀ ਖੁਦਕੁਸ਼ੀ ਪ੍ਰਤੀ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸਰਕਾਰ ਨੈਸ਼ਨਲ ਵੋਮੈਨ ਕਮਿਸ਼ਨ ਵੱਲੋਂ ਨੋਟਿਸ ਹੋਏ ਬੇਅੰਤ ਸਿੰਘ ਪਰਿਵਾਰ ਦੇ ਮੈਂਬਰ ਨੂੰ ਤਾਂ ਨੌਕਰੀ ਦੇਣ ’ਚ ਪਹਿਲ ਕੀਤੀ ਗਈ, ਪਰ ਉਹ ਇਹ ਦਸੇ ਕਿ ਪਿਛਲੇ 6 ਮਹੀਨਿਆਂ ਦੌਰਾਨ ਜਿਨਾਂ 200 ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀਆਂ ਕੀਤੀਆਂ ਹਨ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਕਿਸ ਤਰੀਕ ਨੂੰ ਨੌਕਰੀਆਂ ਦੇ ਕੇ ਰਾਹਤ ਦੇ ਰਹੇ ਹੋ? ਸਰਕਾਰ ਇਹ ਵੀ ਦਸੇ ਕਿ ਹਕੀਕਤ ’ਚ ਕਿਸਾਨਾਂ ਦਾ ਕੁਲ ਕਰਜ਼ਾ ਕਦੋਂ ਮੁਆਫ਼ ਹੋਵੇਗਾ।ਖੁਦਕੁਸ਼ੀ ਕਰ ਗਏ ਕਿਸਾਨ ਪਰਿਵਾਰਾਂ ਨੂੰ ਵਾਅਦੇ ਅਨੁਸਾਰ 10-10 ਲਖ ਮੁਆਵਜ਼ਾ ਕਦੋਂ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਕਾਂਗਰਸ ਦੀ ਚੋਣ ਮੈਨੀਫੈਸਟੋ ਬਣਾਉਣ ਵਾਲੇ ਮਨਪ੍ਰੀਤ ਬਾਦਲ ਨੇ ਧੋਖੇ ’ਤੇ ਪਰਦਾ ਪਾਉਣ ਲਈ ਡਾ: ਮਨਮੋਹਨ ਸਿੰਘ ਤੋਂ ਮੈਨੀਫੈਸਟੋ ਜਾਰੀ ਕਰਵਾਇਆ ਅਤੇ ਘਰ ਘਰ ਕਰਜ਼ਾ ਮੁਆਫ਼ੀ ਦਾ ਫਾਰਮ ਭਰਵਾਇਆ।
ਉਨਾਂ ਪਿੰਡ ਉੱਠੀਆਂ ਅਤੇ ਜੋਸਮਾਰ ਦੇ ਉਹਨਾਂ ਕਿਸਾਨਾਂ ਜਿਨਾਂ ਦੀ ਅਪ੍ਰੈਲ ਮਹੀਨੇ ਦੌਰਾਨ 300 ਏਕੜ ਕਣਕ ਸੜ ਕੇ ਸਵਾਹ ਹੋ ਗਈ ਸੀ ਨੂੰ ਪੱਤਰਕਾਰਾਂ ਦੇ ਰੂਬਰੂ ਕਰਦਿਆਂ ਕਿਹਾ ਕਿ ਸਰਕਾਰ ਨੇ ਉਸ ਵਕਤ ਹਫ਼ਤੇ ’ਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਪਰ ਅਜ ਪੰਜ ਮਹੀਨੇ ਬੀਤ ਜਾਣ ’ਤੇ ਵੀ ਮੁਆਵਜ਼ੇ ਦਾ ਇਕ ਰੁਪਿਆ ਵੀ ਨਹੀਂ ਦਿੱਤਾ ਗਿਆ।ਜਦ ਕਿ ਉਸ ਵਕਤ ਮੁੱਖ ਮੰਤਰੀ ਬਣਨ ਦਾ ਸੁਪਨਾ ਲੈਣ ਵਾਲੇ ਸਥਾਨਿਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਮੌਕੇ ’ਤੇ ਜਾ ਕੇ ਸੜੀ ਕਣਕ ਦੇ ਖੇਤਾਂ ਦਾ ਮੁਆਇਨਾ ਕੀਤਾ ਅਤੇ ਤਸਦੀਕ ਕਰਦਿਆਂ ਅਤੇ ਫੁਕਰਪੁਣਾ ਦਿਖਾਉਂਦਿਆਂ ਸਰਕਾਰ ਦੀ ਤਰਫ਼ੋਂ ਦਿੱਤੇ ਜਾਣ ਵਾਲੇ ਮੁਆਵਜ਼ੇ ਜਿੰਨਾ ਮੁਆਵਜ਼ਾ ਆਪਣੀ ਜੇਬ ਵਿੱਚੋਂ ਦੇਣ ਦਾ ਵੀ ਉਹਨਾਂ ਐਲਾਨ ਕੀਤਾ ਸੀ।
ਮਜੀਠੀਆ ਨੇ ਸਰਕਾਰ ’ਤੇ ਧੋਖੇਬਾਜ਼ੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਨਵੇਂ ਕੁਨੈਕਸ਼ਨ ਲੈਣ ਪ੍ਰਤੀ ਬਿਲ ਲਾਗੂ ਕਰਨ ਦੀ ਸ਼ਰਤ ਲਾ ਦਿੱਤੀ ਹੈ।ਇਸ ਮੌਕੇ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਬੋਨੀ ਅਮਰਪਾਲ ਸਿੰਘ ਅਜਨਾਲਾ, ਹਰਮੀਤ ਸਿੰਘ ਸੰਧੂ, ਵਿਰਸਾ ਸਿੰਘ ਵਲਟੋਹਾ, ਡਾ: ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏ ਆਰ, ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਰਜੀਤ ਸਿੰਘ ਭਿਟੇਵਡ, ਨਰਿੰਦਰ ਬਹਿਲ, ਰਾਣਾ ਲੋਪੋਕੇ, ਸੰਦੀਪ ਸਿੰਘ ਏ.ਆਰ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply