ਚਵਿੰਡਾ ਦੇਵੀ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਕਾਂਗਰਸ ਵਿਕਾਸ ਅਤੇ ਲੋਕਾਂ ਨਾਲ ਕੀਤੇ
ਵਾਅਦੇ ਪੂਰੇ ਕਰਨ ਦੀ ਥਾਂ ਸਦੀਆਂ ਪੁਰਾਣੀਆਂ ਕਬਰਸਤਾਨਾਂ ’ਤੇ ਨਜਾਇਜ਼ ਕਬਜ਼ੇ ਕਰਨ ’ਚ ਲੱਗੀ ਹੋਈ ਹੈ।ਉਹਨਾਂ ਮਨੁੱਖ ਦੀਆਂ ਅੰਤਿਮ ਰਸਮਾਂ ਨਿਭਾਉਣ ਵਰਗੀਆਂ ਸਮੂਹਿਕ ਸਮਾਜਿਕ ਜ਼ਿੰਮੇਵਾਰੀਆਂ ਦੇ ਕਾਰਜ `ਚ ਰੁਕਾਵਟਾਂ ਨੂੰ ਦੂਰ ਕਰਨ ਦੀ ਸਰਕਾਰ ਤੋਂ ਮੰਗ ਕੀਤੀ ।
ਕਸਬਾ ਚਵਿੰਡਾ ਦੇਵੀ ਵਿਖੇ ਗਰੀਬ ਦਲਿਤ ਅਤੇ ਇਸਾਈ ਭਾਈਚਾਰੇ ਵਲੋਂ ਉਹਨਾਂ ਦੀ ਸਦੀ ਪੁਰਾਣੀ ਕਬਰਸਤਾਨ ’ਤੇ ਮਜੀਠਾ ਦੇ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਦੇ ਨਜਦੀਕੀ ਕਾਂਗਰਸੀ ਆਗੂ ਮੁਖਤਿਆਰ ਸਿੰਘ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਵਿਰੁੱਧ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਗਏ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਚਿਤਾਵਨੀ ਦਿੱਤੀ ਕਿ ਗਰੀਬਾਂ ਅਤੇ ਦਲਿਤ ਵਰਗ ਦੇ ਕਿਸੇ ਵਿਅਕਤੀ ਦਾ ਨੁਕਸਾਨ ਜਾਂ ਕਿਸੇ ਤਰਾਂ ਦਾ ਧਕਾ ਹੋਇਆ ਤਾਂ ਲਾਲੀ ਮਜੀਠਾ ਅਤੇ ਮੁਖਤਿਆਰ ਸਿੰਘ ਜ਼ਿੰਮੇਵਾਰ ਹੋਵੇਗਾ।ਉਨਾਂ ਕਿਹਾ ਕਿ ਕਬਰਸਤਾਨ ’ਤੇ ਕਬਜ਼ੇ ਨੂੰ ਲੈ ਕੇ ਉਹ ਕਾਨੂੰਨੀ ਚਾਰਾਜੋਈ ਕਰਨਗੇ।ਉਹਨਾਂ ਦੱਸਿਆ ਕਿ ਬਾਦਲ ਸਰਕਾਰ ਸਮੇਂ ਕਬਰਸਤਾਨਾਂ ਨੂੰ ਖੁੱਲੀਆਂ ਗਰਾਂਟਾਂ ਦਿੱਤਿਆਂ ਗਈਆਂ ਅਤੇ ਪੇਡੂ ਖੇਤਰਾਂ ਦਾ ਵਿਕਾਸ ਕਰਾਇਆ ਗਿਆ, ਪਰ ਅੱਜ ਵਿਕਾਸ ਅਤੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਥਾਂ ਸਦੀਆਂ ਪੁਰਾਣੇ ਕਬਰਸਤਾਨਾਂ ’ਤੇ ਨਜਾਇਜ਼ ਕਬਜ਼ੇ ਹੋ ਰਹੇ ਹਨ।ਉਨਾਂ ਕਿਹਾ ਕਿ ਸਰਕਾਰ ਕੋਲ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ।ਪੈਨਸ਼ਨ, ਸ਼ਗਨ ਸਕੀਮ, ਬੰਦ ਹਨ, ਲੋਕਾਂ ਨੂੰ ਰੁਜ਼ਗਾਰ ਦੇ ਨਾਮ ’ਤੇ ਗੁਮਰਾਹ ਕੀਤਾ ਜਾ ਰਿਹਾ ਹੈ।ਕਿਸਾਨ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ।ਉਤੋਂ ਬਿਜਲੀ ਕੁਨੈਕਸ਼ਨਾਂ ’ਤੇ ਬਿਲ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਤਲਬੀਰ ਸਿੰਘ ਗਿੱਲ, ਸਵਰਨ ਸਿੰਘ ਮੁਨੀਮ, ਗੁਰਵਿੰਦਰ ਸਿੰਘ ਗਿੰਦਾ, ਪ੍ਰਗਟ ਮਸੀਹ, ਲਾਲ ਮਸੀਹ, ਬਿਲਾ ਮਸੀਹ ਪੰਚ, ਜਸਬੀਰ ਸਿੰਘ ਹਦਾਇਤ ਪੁਰਾ, ਜਸਪਾਲ ਸਿੰਘ ਭੋਆ, ਸੋਨੀ ਚਵਿੰਡਾ, ਇਕਬਾਲ ਸਿੰਘ ਮੰਗਾ, ਲਾਡੀ ਚਵਿੰਡਾ, ਅਜੈ ਕੁਮਾਰ ਗੋਲਡੀ, ਗੁਰਮੁਖ ਸਿੰਘ ਬਿਲਾ, ਹਰਪਾਲ ਲਾਡੀ, ਕਿਰਪਾਲ ਸਿੰਘ ਪਾਲੀ, ਮਹਿੰਦਰ ਗੋਲਡੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media