ਧੂਰੀ, 29 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ ਸੋਸਾਇਟੀ) ਧੂਰੀ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ
ਜਨਮ ਦਿਨ ਇਨਕਲਾਬ ਸਾਈਕਲ ਮਾਰਚ ਕੱਢ ਕੇ ਮਨਾਇਆ ਗਿਆ। ਇਹ ਮਾਰਚ ਨਵੀਂ ਅਨਾਜ ਮੰਡੀ ਧੂਰੀ ਤੋਂ ਮੁੱਖ ਮਹਿਮਾਨ ਐਸ.ਐਚ.ਓ ਸਿਟੀ ਧੂਰੀ, ਟਰੈਫਿਕ ਇੰਚਾਰਜ ਪਵਨ ਕੁਮਾਰ, ਅਤੇ ਘੁਮੰਡ ਸਿੰਘ ਸੋਹੀ ਦੁਆਂਰਾ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਸੰਸਥਾ ਦੇ ਸਾਰੇ ਮੈਂਬਰ, ਸ਼ਹਿਰ ਧੂਰੀ ਦੇ ਹੋਰ ਬਹੁਤ ਸਾਰੇ ਸਾਈਕਲ ਸਵਾਰ ਇਸ ਰੈਲੀ ਵਿੱਚ ਸ਼ਾਮਿਲ ਹੋਏ। ਇਹ ਰੈਲੀ ਅਨਾਜ ਮੰਡੀ ਧੂਰੀ ਤੋਂ ਚੱਲ ਕੇ ਸੰਗਰੂਰ ਬਾਈਪਾਸ ਤੋਂ ਹੁੰਦਿਆਂ ਹੋਇਆਂ ਸਾਰੇ ਬਜ਼ਾਰ ਵਿੱਚੋਂ ਦੀ ਹੋ ਕੇ ਕ੍ਰਾਂਤੀ ਚੌਕ ਵਿਖੇ ਸਮਾਪਤ ਕੀਤੀ ਗਈ।ਰੈਲੀ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਵੱਲੋਂ ਸਾਰੇ ਭਾਗ ਲੈਣ ਵਾਲ਼ੇ ਸਾਈਕਲ ਸਵਾਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਰੈਲੀ ਦੌਰਾਨ ਸੰਸਥਾ ਦੇ ਮੈਂਬਰ ਬਿਕਰਮਜੀਤ ਸਿੰਘ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਜਿੱਥੇ ਵਿਸਥਾਰ ਸਹਿਤ ਚਾਨਣਾ ਪਾਇਆ ਗਿਆ, ਉੱਥੇ ਹੀ ਰੈਲੀ ਵਿੱਚ ਸ਼ਾਮਿਲ ਸਾਰੇ ਸਾਈਕਲ ਸਵਾਰਾਂ ਨਾਲ਼ ਮਿਲ ਕੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।ਪੂਰੇ ਬਜ਼ਾਰ ਦਾ ਮਾਹੌਲ ਤਿਰੰਗੇ ਝੰਡੇ ਲਗਾਈ ਸਾਈਕਲ ਸਵਾਰਾਂ ਵੱਲੋਂ ਲਗਾਏ ਗਏ ,ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਵਾਲ਼ੇ ਸ਼.ਭਗਤ ਸਿੰਘ ਦੀ ਯਾਦ ਦੇ ਨਾਅਰਿਆਂ ਨਾਲ਼ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਗਿਆ।ਅੰਤ ਵਿੱਚ ਇੱਕ ਦਾਨੀ ਸੱਜਣ ਵੱਲੋਂ ਸਾਰੇ ਹੀ ਰੈਲੀ ਵਿੱਚ ਭਾਗ ਲੈਣ ਵਾਲ਼ਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਗਰੂਪ ਸਿੰਘ ਬੱਬੂ, ਜਸਵਿੰਦਰ ਸਿੰਘ, ਪਰਵਿੰਦਰ ਕੀਕੂ, ਗੁਰਦਰਸ਼ਨ ਡਿੰਪੀ, ਸੁਰੇਸ਼ ਕੁਮਾਰ, ਸੁੰਦਰ ਲਾਲ, ਸੂਖਵੀਰ ਸਿੰਘ, ਰੀਜੂ ਸ਼ਰਮਾ, ਰੁਪਿੰਦਰ ਕੌਰ, ਅਮਨਦੀਪ ਕੌਰ ਬਾਠ ਆਦਿ ਮੈਂਬਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media