ਆਂਗਣਵਾੜੀ ਵਰਕਰ ਕੋਲ ਗਰਭ ਦੀ ਰਜਿਸਟਰੇਸ਼ਨ ਕਰਵਾਉਣ `ਤੇ ਬਚੇ ਦੇ ਜਨਮ ’ਤੇ ਸਰਕਾਰ ਦੇਵੇਗੀ 5000/-
ਅੰਮ੍ਰਿਤਸਰ, 29 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਜ਼ਿਲੇ ’ਚ
ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਅਲਟਰਾਸਾਉਂਡ ਸਕੈਨਿੰਗ ਸੈਂਟਰਾਂ ’ਚ ਸਖਤ ਨਿਗਰਾਨੀ ਰੱਖੀ ਜਾਵੇ ਅਤੇ ਜਿਹੜਾ ਅਲਟਰਾਸਾਉਂਡ ਕੰਨਿਆ ਭਰੂਣ ਹੱਤਿਆ ਜਿਹਾ ਇਨਸਾਨੀਅਤ ਤੋਂ ਗਿਰਿਆ ਕੰੰਮ ਕਰਦਾ ਹੈ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।’ਬੇਟੀ ਬਚਾਓ, ਬੇਟੀ ਪੜਾਓ’ ਸਕੀਮ ਤਹਿਤ ਗਠਤਿ ਜ਼ਿਲਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲਾ ਅੰਮਿ੍ਰਤਸਰ ’ਚ ਲੜਕੀਆਂ ਦਾ ਲਿੰਗ ਅਂਨੁਪਾਤ ਵਧਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਅਤੇ ਇਸ ਮੁਹਿੰਮ ’ਚ ਸਿਹਤ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਿੱਖਿਆ ਵਿਭਾਗ ਅਤੇ ਹੋਰ ਸਾਰੇ ਵਿਭਾਗ ਮਿਲ ਕੇ ਕੰਮ ਕਰਨ।ਉਨਾਂ ਕਿਹਾ ਕਿ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਲਈ ਨੁੱਕੜ ਨਾਟਕ, ਚੇਤਨਾ ਰੈਲੀਆਂ, ਸੈਮੀਨਾਰ ਆਦਿ ਕੀਤੇ ਜਾਣ ਤਾਂ ਜੋ ਸਮਾਜ ਦੀ ਸੋਚ ’ਚ ਬਦਲਾਅ ਲਿਆਂਦਾ ਜਾ ਸਕੇ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਬੇਟੀ ਦੇ ਜਨਮ ਨੂੰ ਸੁਰਖਿਅਤ ਕਰਨਾ, ਉਸ ਦਾ ਪਾਲਣ-ਪੋਛਣ, ਪੜਾਈ ਅਤੇ ਸਨਮਾਨਜਨਕ ਸਥਾਨ ਦੇਣਾ ਸਮਾਜ ਦਾ ਫਰਜ ਹੈ।ਉਨਾਂ ਕਿਹਾ ਕਿ ਕੁੱਖ ’ਚ ਅਣਜੰਮੀ ਧੀ ਨੂੰ ਕਤਲ ਕਰਨਾ ਬਹੁਤ ਵੱਡਾ ਪਾਪ ਹੈ ਅਤੇ ਇਸਨੂੰ ਰੋਕਣ ਲਈ ਸਮਾਜ ਨੂੰ ਸਾਂਝੇ ਤੌਰ ’ਤੇ ਯਤਨ ਕਰਨੇ ਪੈਣਗੇ। ਉਨਾਂ ਕਿਹਾ ਕਿ ਸੂਬੇ ਅਤੇ ਜ਼ਿਲੇ ’ਚ ਲੜਕੀਆਂ ਦਾ ਘਟਦਾ ਲਿੰਗ ਅਨੁਪਾਤ ਸਾਡੇ ਸਮਾਜ ’ਚ ਕਲੰਕ ਹੈ ਜਿਸ ਨੂੰ ਧੋਣ ਦੀ ਲੋੜ ਹੈ।ਉਨਾਂ ਕਿਹਾ ਕਿ ਔਰਤਾਂ ਧੀਆਂ ਦੀ ਅਵਾਜ਼ ਬਣਨ ਅਤੇ ਆਪਣੇ ਪੇਟ ’ਚ ਪਲ ਰਹੀ ਧੀਅ ਨੂੰ ਸੁਰੱਖਿਅਤ ਜਨਮ ਦੇਣ।
ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਗਰਭਵਤੀ ਮਹਿਲਾਵਾਂ ਦੀ ਰਜਿਸ਼ਟਰੇਸ਼ਨ ਲਾਜ਼ਮੀ ਤੌਰ ’ਤੇ ਕੀਤੀ ਜਾਵੇ ਅਤੇ ਹੇਠਲੇ ਪੱਧਰ ’ਤੇ ਆਸ਼ਾ ਵਰਕਰ ਅਤੇ ਏ.ਐਨ.ਐਮ. ਦੇ ਇਸ ਕੰਮ ’ਤੇ ਨਿਗਰਾਨ ਰੱਖੀ ਜਾਵੇ। ਉਨਾਂ ਗਰਭਵਤੀ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਰਜ਼ਿਸਟਰੇਸ਼ਨ ਆਸ਼ਾ ਵਰਕਰ ਅਤੇ ਆਂਗਣਵਾੜੀ ਵਰਕਰ ਕੋਲ ਜਰੂਰ ਕਰਾਉਣ।ਉਨਾਂ ਕਿਹਾ ਕਿ ਇਸਤਰੀ ’ਤੇ ਬਾਲ ਵਿਕਾਸ ਵਿਭਾਗ ਨੇ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ ਜਿਸ ਤਹਿਤ ਜੇਕਰ ਕੋਈ ਵੀ ਗਰਭਵਤੀ ਮਹਿਲਾ ਗਰਭ ਦੀ ਪਹਿਲੀ ਸਟੇਜ ’ਤੇ ਆਪਣਾ ਰਜਿਸਟਰੇਸ਼ਨ ਆਂਗਣਵਾੜੀ ਵਰਕਰ ਕੋਲ ਕਰਾਏਗੀ ਤਾਂ ਉਸ ਨੂੰ ਬਚੇ ਦਾ ਜਨਮ ਹੋਣ ’ਤੇ ਸਰਕਾਰ ਵੱਲੋਂ 5000 ਰੁਪਏ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਸੰਘਾ ਨੇ ਦਸਿਆ ਕਿ ਮਿਤੀ 9 ਅਕਤੂਬਰ ਤੋਂ 14 ਅਕਤੂਬਰ ਤੱਕ ਬੇਟੀ ਬਚਾਓ ਬੇਟੀ ਪੜਾਓ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।ਉਨਾਂ ਕਿਹਾ ਕਿ ਲੜਕੀਆਂ ਦੇ ਵੱਧ ਲਿੰਗ ਅਨੁਪਾਤ ਵਾਲੇ ਪਿੰਡਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ ਅਤੇ ਜਿਨਾਂ ਪਿੰਡਾਂ ’ਚ ਲੜਕੀਆਂ ਦੀ ਗਿਣਤੀ ਘੱਟ ਹੈ ਉਥੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਉਨਾਂ ਕਿਹਾ ਕਿ ਸਮਾਜ ’ਚ ਲੜਕੀਆਂ ਪ੍ਰਤੀ ਸੋਚ ਨੂੰ ਬਦਲਣ ਲਈ ਜ਼ਿਲਾ ਅੰਮਿ੍ਰਤਸਰ ਵਿੱਚ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਆਪਣੇ-ਆਪਣੇ ਖੇਤਰ ’ਚ ਮੱਲਾਂ ਮਾਰਨ ਵਾਲੀਆਂ 4 ਲੜਕੀਆਂ ਨੂੰ ਬਰਾਂਡ ਅੰਬੈਸਡਰ ਬਣਾਇਆ ਹੈ, ਜਿਨਾਂ ਵਿੱਚ ਪਿੰਡ ਹੇਰ ਦੀ ਵਸਨੀਕ ਲੜਕੀ ਕਮਰਸ਼ੀਅਲ ਪਾਇਲਟ ਅਨੁਪ੍ਰੀਤ ਕੌਰ, ਪਿੰਡ ਸੁੱਘਾ ਦੀ ਤੀਰਅੰਦਾਜ਼ ਖਿਡਾਰਨ ਅਤੇ ਬੀ.ਐਸ.ਐਫ ਦੀ ਕਾਂਸਟੇਬਲ ਸੁਮਨਦੀਪ ਕੌਰ ਜਿਸ ਨੇ ਸਾਲ 2015 ’ਚ ਅਮਰੀਕਾ ਵਿਖੇ ਹੋਈਆਂ ਵਿਸ਼ਵ ਪੁਲਿਸ ਖੇਡਾਂ ’ਚ 3 ਸੋਨ, 3 ਚਾਂਦੀ ਅਤੇ 1 ਕਾਂਸੇ ਦਾ ਮੈਡਲ ਅਤੇ 2017 ’ਚ ਹੋਈਆਂ ਖੇਡਾਂ ’ਚ 1 ਸੋਨ ਅਤੇ 1 ਚਾਂਦੀ ਦਾ ਤਗਮਾ ਜਿੱਤਿਆ ਸੀ ਨੂੰ ਸ਼ਾਮਲ ਕੀਤਾ ਗਿਆ ਹੈ।ਇਸ ਤੋਂ ਇਲਾਵਾ ਉਲੰਪੀਅਨ ਮਨਦੀਪ ਕੌਰ ਜੋ ਡੀ.ਐਸ.ਪੀ. ਵਜੋਂ ਸੇਵਾਵਾਂ ਨਿਭਾ ਰਹੀ ਅਤੇ ਰਾਜਵਿੰਦਰ ਕੌਰ ਪਿੰਡ ਚੂਸਲੇਵਾੜ ਜੋ ਕਿ 80 ਦੇ ਕਰੀਬ ਮੱਝਾਂ ਦਾ ਡੇਅਰੀ ਫਾਰਮ ਚਲਾ ਕੇ 2 ਲੱਖ ਰੁਪਏ ਮਹੀਨਾਂ ਆਮਦਨ ਕਮਾ ਰਹੀ ਹੈ ਨੂੰ ਵੀ ਬਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਗਿੱਲ, ਸਿਵਲ ਸਰਜਨ ਡਾ. ਨਰਿੰਦਰਜੀਤ ਕੌਰ, ਜ਼ਿਲਾ ਪ੍ਰੋਗਰਾਮ ਅਫਸਰ ਹਰਦੀਪ ਕੌਰ, ਰਾਜੇਸ਼ ਕੁਮਾਰ ਬਾਲ ਸੁਰਖਿਆ ਅਫਸ਼ਰ, ਵਰਿੰਦਰਜੀਤ ਸਿੰਘ ਪੰਨੂ ਜ਼ਿਲਾ ਸਮਾਜਿਕ ਸੁਰਖਿਆ ਅਫਸਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media