Thursday, June 11, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਲੋਂ ਐਲਾਨੇ ਕਾਰਜਾਂ ‘ਤੇ ਅਮਲ ਸ਼ੁਰੂ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ GNDU1ਸੰਧੂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਣ ਦੇ ਕੁੱਝ ਦਿਨਾਂ ਦੇ ਅੰਦਰ ਅੰਦਰ ਹੀ ਯੂਨੀਵਰਸਿਟੀ ਦੀ ਉਨਤੀ ਸਬੰਧੀ ਕੀਤੇ ਜਾਣ ਵਾਲੇ ਕਾਰਜਾਂ ਦੇ ਐਲਾਨ ‘ਤੇ ਅਮਲ ਸ਼ੁਰੂ ਹੋ ਗਿਆ ਹੈ ਅਤੇ ਬਹੁਤ ਸਾਰੇ ਮਹੱਤਵਪੂਰਨ ਕਾਰਜ ਆਰੰਭੇ ਜਾ ਚੁੱਕੇ ਹਨ।ਪ੍ਰੋ. ਸੰਧੂ ਜੋ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਲ ਨਾਲ ਅਧਿਆਪਕ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਹਨ, ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਦੇ ਯੂਨੀਵਰਸਿਟੀ ਦੀ ਉਨਤੀ ਵਿਚ ਕੋਈ ਕਮੀ ਨਾ ਰਹਿ ਜਾਵੇ ਇਸ ਲਈ ਨਿਯਮਾਂ ਅਨੁਸਾਰ ਹਰ ਸੰਭਵ ਤਰੀਕੇ ਨਾਲ ਯੂਨੀਵਰਸਿਟੀ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹਨ।
ਬੀਤੇ ਇਕ ਮਹੀਨੇ ਦੌਰਾਨ ਯੂਨੀਵਰਸਿਟੀ ਵਿਚ ਹੋਰ ਸਮਰਪਿਤ, ਈਮਾਨਦਾਰ ਅਤੇ ਵਚਨਬੱਧਤਾ ਵਾਲੀ ਕਾਰਜਪ੍ਰਣਾਲੀ ਦਾ ਵਿਕਾਸ, ਅਧਿਆਪਕਾਂ ਦੀਆਂ ਰੁਕੀਆਂ ਤਰੱਕੀਆਂ ਨੂੰ ਵਿਸ਼ੇਸ਼ ਗਠਿਤ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਪਦਉਨਤ ਕਰਨਾ, ਸੈਨੇਟ ਤੇ ਸਿੰਡੀਕੇਟ ਵਿਚ ਵਿਦਵਾਨ ਮੈਂਬਰਾਂ ਨੂੰ ਨਾਮਜ਼ਦ ਕਰਨਾ, ਵਿਜੀਲੈਂਸ ਕਮੇਟੀ ਦਾ ਗਠਨ ਕਰਨਾ, ਸੋਲਰ ਊਰਜਾ ਪਲਾਂਟ ਸ਼ੁਰੂ ਕਰਨਾ, ਸੈਂਟਰ ਫਾਰ ਡਾਟਾ ਐਨਾਲੀਟੀਕਸ ਐਂਡ ਰੀਸਰਚ ਦੀ ਸਥਾਪਨਾ, ਇੰਟਰਨੈਟ ਸਪੀਡ ਦਾ ਵਧਾਉਣਾ, ਵਿਦਿਆਰਥੀਆਂ ਲਈ ਕੈਸ਼ ਸਬੰਧੀ ਮੁਸ਼ਕਿਲ ਨੂੰ ਹੱਲ ਕਰਨ ਲਈ ਸ਼ਨਾਖਤੀ-ਕਮ-ਡੈਬਿਟ ਕਾਰਡ ਸ਼ੁਰੂ ਕਰਨਾ, ਐਡਮਿਸ਼ਨ, ਈ-ਟ੍ਰਾਂਸਕ੍ਰਿਪਟ, ਲੀਵ ਅਤੇ ਖੋਜ ਇੰਟਰਨੈਟ ਪੋਰਟਲ ਸ਼ੁਰੂ ਕਰਨਾ, ਯੂਨੀਵਰਸਿਟੀ ਵਿਚ ਖਰੀਦ ਵਿਚ ਕੇਂਦਰੀ ਖਰੀਦ ਕਮੇਟੀ ਦਾ ਗਠਨ, ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਲਈ ਔਰਗੈਨੌਗ੍ਰਾਮ ਲਗਾਉਣਾ, ਯੂਨੀਵਰਸਿਟੀ ਵਿਖੇ ਖੋਜ ਤੇ ਸਿਖਲਾਈ ਨੂੰ ਮਜਬੂਤ ਕਰਨ ਲਈ ਦੋ ਸੰਸਥਾਵਾਂ ਨਾਲ ਦੋ ਸਮਝੌਤੇ ਕਰਨਾ, ਡੀਨ ਫੈਕਲਟੀ ਆਫ ਲਾਅ ਅਤੇ ਮਨੋਵਿਗਿਆਨ ਸਲਾਹਕਾਰ ਨਿਯਕਤ ਕਰਨ ਤੋਂ ਇਲਾਵਾ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਲਈ ਵਿਦਵਾਨਾਂ ਨੂੰ ਨਾਮਜਦ ਕਰਨਾ ਜਿਹੇ ਵਿਕਾਸ ਕਾਰਜ ਸ਼ਾਮਿਲ ਹਨ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਸਫਲਤਾ ਪੂਰਵਕ ਇਨ੍ਹਾਂ ਕਾਰਜਾਂ ਨੂੰ ਕਰਨ ‘ਤੇ ਯੂਨੀਵਰਸਿਟੀ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿਚ ਹੋਰ ਅਜਿਹੇ ਕਾਰਜ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਤੇ ਜ਼ਰੂਰਤਾਂ ਨਿਯਮਾਂ ਅਨੁਸਾਰ ਛੇਤੀ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦਾ ਸੁਪਨਾ ਯੂਨੀਵਰਸਿਟੀ ਨੂੰ ਵਧੇਰੇ ਅੰਤਰਰਾਸ਼ਟਰੀ ਪੱਧਰ ਦਾ ਬਣਾਉਣਾ ਹੈ।
ਅਧਿਆਪਕਾਂ ਦੀਆਂ ਰੁਕੀਆਂ ਹੋਈਆਂ ਤਰੱਕੀਆਂ ਬਾਰੇ ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਉਦੈਪੁਰ ਦੇ ਸਾਬਕਾ ਵਾਈਸ ਚਾਂਸਲਰ, ਪ੍ਰੋ. ਐਸ.ਐਸ. ਚਾਹਲ ਦੀ ਚੇਅਰਮੈਨਸ਼ਿਪ ਹੇਠ ਗਠਿਤ ਅਨੋਮਲੀ/ਮੋਡੈਲਟੀ ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ 39 ਅਧਿਆਪਕਾਂ ਨੂੰ ਪਦਉਨਤ ਕੀਤਾ ਗਿਆ। ਆਪਣੇ-ਆਪਣੇ ਖੇਤਰਾਂ ਦੇ ਪ੍ਰਸਿੱਧ ਮਾਹਿਰਾਂ ਤੇ ਵਿਦਵਾਨਾਂ ਨੂੰ ਯੂਨੀਵਰਸਿਟੀ ਦੀ ਸਿੰਡੀਕੇਟ ਦੇ ਮੈਂਬਰ ਨਿਯੁਕਤ ਕੀਤਾ ਹੈ। ਪ੍ਰਸਿੱਧ ਪ੍ਰਸ਼ਾਸਨਿਕ ਅਧਿਕਾਰੀ ਅਤੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਦੇ ਐਡੀਸ਼ਨਲ ਸਕੱਤਰ (ਟੈਕਨੀਕਲ ਐਜੂਕੇਸ਼ਨ) ਆਰ. ਸੁਬਰਾਮਨੀਅਮ ਆਈ.ਏ.ਐਸ, ਨਾਮਵਰ ਖੇਤੀਬਾੜੀ ਅਰਥਸ਼ਾਸਤਰੀ ਅਤੇ ਪਦਮਭੂਸ਼ਣ ਪ੍ਰਾਪਤ, ਡਾ. ਸਰਦਾਰਾ ਸਿੰਘ ਜੌਹਲ ਅਤੇ ਪ੍ਰਸਿੱਧ ਸਿਆਸਤਦਾਨ  ਸੁਖਜਿੰਦਰ ਸਿੰਘ ਰੰਧਾਵਾ ਨੂੰ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਭਾਰਤ ਸਰਕਾਰ ਦੇ ਸਾਬਕਾ ਸਕੱਤਰ  ਦਿਲਸ਼ੇਰ ਸਿੰਘ ਕਲਹਾ ਆਈ.ਏ.ਐਸ, ਸਾਬਕਾ ਸਿਖਿਆ ਸਕੱਤਰ, ਅਸ਼ੋਕ ਠਾਕੁਰ ਆਈ.ਏ.ਐਸ ਅਤੇ ਸਾਬਕਾ ਡੀ.ਜੀ.ਪੀ ਅਨਿਲ ਕੌਸ਼ਿਕ ਆਈ.ਪੀ.ਐਸ ਨੂੰ ਯੂਨੀਵਰਸਿਟੀ ਦਾ ਸਟੈਂਡਿੰਗ ਕਮੇਟੀ ਵਿਜ਼ੀਲੈਂਸ ਲਗਾਇਆ ਗਿਆ ਹੈ ਤਾਂ ਜੋ ਪ੍ਰਸ਼ਾਸਨਿਕ ਕਾਰਜਾਂ ਵਿਚ ਵਧੇਰੇ ਅਨੁਕੂਲਤਾ ਅਤੇ ਈਮਾਨਦਾਰੀ ਲਿਆਂਦੀ ਜਾ ਸਕੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਾਜੀਵ ਭੱਲਾ ਨੂੰ ਯੂਨੀਵਰਸਿਟੀ ਦੇ ਫੈਕਲਟੀ ਆਫ ਲਾਅ ਦਾ ਡੀਨ ਨਿਯੁਕਤ ਕੀਤਾ ਹੈ। ਯੂ.ਜੀ.ਸੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਲਈ ਮਨੋਵਿਗਿਆਨ ਸਲਾਹਕਾਰ ਵੀ ਨਿਯੁਕਤ ਕੀਤਾ ਹੈ।
ਵਾਤਾਵਰਣ ਨੂੰ ਸਾਫ ਅਤੇ ਹਰਿਆ-ਭਰਿਆ ਬਣਾਈ ਰੱਖਣ ਲਈ ਯੂਨੀਵਰਸਿਟੀ ਵਿਖੇ ਵਿਭਾਗਾਂ ਦੀ ਛੱਤ ਉਪਰ ਤਿੰਨ ਮੈਗਾਵਾਟ ਕੈਪਸਟੀ ਦਾ ਸੋਲਰ ਐਨਰਜੀ ਪਲਾਂਟ ਭਾਰਤ ਸਰਕਾਰ ਦੇ ਜਵਾਹਰ ਲਾਲ ਨਹਿਰੂ ਸੋਲਰ ਮਿਸ਼ਨ ਅਧੀਨ ਲਾਇਆ ਜਾਵੇਗਾ ਜਿਸ ਨਾਲ 1.08 ਕਰੋੜ ਰੁਪਏ ਸਾਲਾਨਾ ਵਿਤੀ ਬਚਤ ਹੋਵੇਗੀ ਜਿਸ ਸਬੰਧੀ ਕਾਰਜ ਸ਼ੁਰੂ ਕੀਤਾ ਗਿਆ ਹੈ। ਯੂਨੀਵਰਸਿਟੀ ਕੈਂਪਸ ਨੂੰ ਹੋਰ ਹਰਿਆ ਭਰਿਆ ਕਰਨ ਲਈ ਵਿਦਿਆਰਥੀਆਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਉਤਸ਼ਾਹਿਤ ਕੀਤਾ। ਖੋਜ ਨੂੰ ਹੋਰ ਵਧੇਰੇ ਪ੍ਰੋਤਸਾਹਿਤ ਕਰਨ ਲਈ ਯੂਨੀਵਰਸਿਟੀ ਵਿਖੇ ਸੈਂਟਰ ਫਾਰ ਡਾਟਾ ਐਨਾਲਾਇਟਿਕਸ ਐਂਡ ਰੀਸਰਚ ਕੇਂਦਰ ਦੀ ਸਥਾਪਨਾ ਕੀਤੀ ਹੈ ਜਿਸ ਦਾ ਉਦੇਸ਼ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਖੋਜ ਸਬੰਧੀ ਲੋੜੀਂਦੀ ਸੁਵਿਧਾ ਪ੍ਰਦਾਨ ਕਰਨਾ ਹੈ। ਵਿਦਿਆਰਥੀਆਂ ਦੀ ਸਹੂਲਤ ਲਈ ਚੰਗੀ ਬੈਂਡਵਿਡਥ ਵਾਲਾ ਹਾਈ ਸਪੀਡ ਇੰਟਰਨੈਟ ਮੁਹਈਆ ਕੀਤਾ ਗਿਆ। ਵਿਦਿਆਰਥੀਆਂ ਦੀ ਸਹੂਲਤ ਲਈ ਯੂਨੀਵਰਸਿਟੀ ਵੱਲੋਂ ਸ਼ਨਾਖਤੀ ਕਾਰਡ-ਕਮ-ਡੈਬਿਟ ਕਾਰਡ ਸਬੰਧੀ ਕਾਰਜ ਅਰੰਭਿਆਂ ਗਿਆ।
ਯੂਨੀਵਰਸਿਟੀ ਵਿਖੇ ਬੀਤੇ ਦਿਨਾਂ ਦੌਰਾਨ ਡੀ.ਐਸ.ਟੀ ਤੋਂ ਪਰਸ ਸਕੀਮ ਅਧੀਨ ਰੁਪਏ 6 ਕਰੋੜ ਦੀ ਗ੍ਰਾਂਟ ਅਤੇ ਰਾਸ਼ਟਰੀ ਉਚਤਰ ਸਿਕਸ਼ਾ ਅਭਿਆਨ ਵੱਲੋਂ ਚਾਰ ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਵਿਦਿਆਰਥੀਆਂ ਲਈ ਸਾਫ ਪਾਣੀ ਲਈ 70 ਆਰ.ਓ ਸਿਸਟਮ ਵਾਲੇ ਕੂਲਰ ਖਰੀਦੇ ਗਏ ਜੋ ਕਿ ਛੇਤੀ ਲਗਾ ਦਿੱਤੇ ਜਾਣਗੇ ਅਤੇ ਯੂਨੀਵਰਸਿਟੀ ਈ-ਮੈਗਜ਼ੀਨ ਸਬੰਧੀ ਕਮੇਟੀ ਦਾ ਗਠਨ ਕੀਤਾ ਗਿਆ।
ਯੂਨੀਵਰਸਿਟੀ ਵੱਲੋਂ ਖੋਜ ਅਤੇ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਦੋ ਸਮਝੌਤੇ ਕੀਤੇ ਗਏ। ਇਨ੍ਹਾਂ ਵਿਚ ਇਕ ਇੰਡੀਅਨ ਇੰਸਟੀਚਿਊਟ ਆਫ ਇੰਟੀਗਰੇਟਿਵ ਮੈਡੀਸਨ, ਜੰਮੂ ਅਤੇ ਦੂਜਾ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰੀਸਰਚ, ਮੋਹਾਲੀ ਨਾਲ ਕੀਤਾ ਗਿਆ। ਇਨ੍ਹਾਂ ਸਮਝੌਤਿਆਂ ਦਾ ਉਦੇਸ਼ ਖੋਜ ਅਤੇ ਅਧਿਆਪਨ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਇਸ ਖੇਤਰ ਵਿਚ ਹੋ ਰਹੀਆਂ ਨਵੀਆਂ ਕਾਢਾਂ ਤੋਂ ਜਾਣੂ ਵੀ ਕਰਵਾਉਣਾ ਹੈ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply