Friday, June 26, 2026

ਤੰਬਾਕੂ, ਸਿਗਰਟਾਂ ਦੀਆਂ ਦੁਕਾਨਾਂ ਦੀ ਰਜਿਸਟ੍ਰੇਸ਼ਨ ਕਰੇ ਪੰਜਾਬ ਸਰਕਾਰ ਚਰਨਜੀਤ ਗੁਮਟਾਲਾ

ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਤੰਬਾਕੂ ਤੇ ਸਿਗਰਟਾਂ ਵੇਚਣ ਵਾਲੀਆਂ ਦੁਕਾਨਾਂ ਦੀ ਰਜਿਸਟ੍ਰੇਸ਼ਨ ਕਰਨ ਦੀ ਮੰਗ ਕੀਤੀ ਹੈ।ਪੱਤਰ ਦੀ ਕਾਪੀ ਪ੍ਰੈਸ ਨੂੰ ਜਾਰੀ ਕਰਦਿਆਂ ਮੰਚ ਦੇ ਆਗੂ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਵਿਭਾਗ ਵਲੋਂ ਰਾਜ ਸਰਕਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਤੰਬਾਕੂ, ਸਿਗਰਟ ਤੇ ਤੰਬਾਕੂ ਵਾਲੀਆਂ ਵਸਤੂਆਂ ਵਾਲੇ ਦੁਕਾਨਦਾਰਾਂ ਦੀ ਰਜਿਸਟ੍ਰੇਸ਼ਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੋਰ ਵਸਤੂਆਂ ਵੇਚਣ ਦੀ ਮਨਾਹੀ ਕੀਤੀ ਜਾਵੇ।ਇਸ ਸਮੇਂ ਸ਼ਹਿਰਾਂ ਵਿੱਚ ਪਾਨ, ਸਿਗਰਟਾਂ ਤੇ ਬੀੜੀਆਂ ਵਾਲੀਆਂ ਦੁਕਾਨਾਂ ਨੇ ਚਿਪਸ ਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਰੱਖੀਆਂ ਹੋਈਆਂ ਹਨ, ਜਿਨ੍ਹਾਂ ਨੂੰ ਬੱਚੇ ਤੇ ਨੌਜੁਆਨ ਪੀੜ੍ਹੀ ਖ੍ਰੀਦਦੀ ਹੈ, ਜੋ ਦੂਜਿਆਂ ਨੂੰ ਵੇਖ ਕੇ ਇਨ੍ਹਾਂ ਨੁਕਸਾਨਦੇਹ ਵਸਤੂਆਂ ਦੀ ਵਰਤੋਂ ਕਰਨ ਲੱਗ ਪੈਂਦੀ ਹੈ, ਜਦ ਕਿ ਨਾਬਾਲਗ ਭਾਵ 18 ਸਾਲ ਤੋਂ ਘੱਟ ਬੱਚਿਆਂ ਨੂੰ ਸਿਗਰਟਾਂ ਬੀੜੀਆਂ ਆਦਿ ਵੇਚਣ ਦੀ ਮਨਾਹੀ ਹੈ।ਇਸ ਤਰ੍ਹਾਂ ਆਮ ਵਸਤੂਆਂ ਵੇਚਣ ਤੇ ਪਾਬੰਦੀ ਲੱਗਣ ਨਾਲ ਸਿਗਰਟ, ਬੀੜੀ ਪੀਣ ਦੀ ਵੱਧ ਰਹੀ ਆਦਤ ਨੂੰ ਠੱਲ੍ਹ ਪਵੇਗੀ।
ਭਾਰਤ ਸਰਕਾਰ ਵੱਲੋਂ 2015 ਵਿੱਚ ਬਣਾਏ ਕਾਨੂੰਨ ਅਨੁਸਾਰ ਬੱਚੇ ਨੂੰ ਤੰਬਾਕੂ ਵਾਲੀ ਵਸਤੂ ਵੇਚਣ ਜਾਂ ਦੇਣ ਵਾਲੇ ਨੂੰ 7 ਸਾਲ ਕੈਦ ਦੀ ਸਜ਼ਾ ਹੈ। ਮੰਚ ਆਗੂ ਨੇ ਇਸ ਕਾਨੂੰਨ ਅਧੀਨ ਵੀ ਸਿਹਤ ਵਿਭਾਗ ਨੂੰ ਸਟਰਿੰਗ ਅਪ੍ਰੇਸ਼ਨ ਕਰਕੇ, ਬੱਚਿਆਂ ਦੀ ਜ਼ਿੰਦਗੀ ਨਾਲ ਖੇਡਣ ਵਾਲੇ ਦੁਕਾਨਦਾਰਾਂ ਨੂੰ ਜੇਲ੍ਹਾਂ ਅੰਦਰ ਡੱਕਣਾ ਚਾਹੀਦਾ ਹੈ।
ਇੱਕ ਸਰਵੇ ਮੁਤਾਬਕ 56% ਨਾਬਾਲਗਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਿਗਰੇਟਾਂ ਖ੍ਰੀਦਣ ਸਮੇਂ ਕਿਸੇ ਨੇ ਉਮਰ ਬਾਰੇ ਨਹੀਂ ਪੁੱਛਿਆ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਦੁਕਾਨਦਾਰ ਛੋਟੇ ਬੱਚਿਆਂ ਨੂੰ ਆਪਣੀ ਕਮਾਈ ਵਧਾਉਣ ਲਈ ਸਿਗਰਟਾਂ, ਬੀੜੀਆਂ ਪੀਣ ਲਈ ਉਤਸ਼ਾਹਤ ਕਰਦੇ ਹਨ।ਗਲੋਬਲ ਯੂਥ ਟੋਬੈਕੋ ਸਰਵੇ (ਜੀ. ਵਾਈ. ਟੀ. ਐਸ) ਨੇ 2009 ਵਿੱਚ ਜੋ ਸਰਵੇ ਕਰਵਾਇਆ ਉਸ ਅਨੁਸਾਰ 15% ਬੱਚੇ ਜਿਨ੍ਹਾਂ ਵਿੱਚੋਂ 19% ਮੁੰਡੇ ਤੇ 8% ਤੋਂ ਵੱਧ ਕੁੜੀਆਂ ਜਿਨ੍ਹਾਂ ਦੀ ਉਮਰ 13-15 ਸਾਲ ਸੀ ਨੇ ਦੱਸਿਆ ਕਿ ਉਹ ਤੰਬਾਕੂ ਦੀ ਕਿਸੇ ਨਾ ਕਿਸੇ ਰੂਪ ਵਿੱਚ ਵਰਤੋਂ ਕਰਦੇ ਹਨ। ਸਮੁੱਚੇ ਰੂਪ ਵਿੱਚ 2006 ਵਿੱਚ 13.7% ਵਿਦਿਆਰਥੀ ਤੰਬਾਕੂ ਦੀ ਵਰਤੋਂ ਕਰਦੇ ਸਨ, ਜਿਨ੍ਹਾਂ ਦੀ ਗਿਣਤੀ ਵੱਧ ਕੇ 2009 ਵਿੱਚ 14.6% ਹੋ ਗਈ।ਵਿਸ਼ਵ ਸਿਹਤ ਸੰਸਥਾ ਅਨੁਸਾਰ ਭਾਰਤ ਵਿੱਚ 5 ਕਰੋੜ ਲੋਕ ਹੋਰ ਸਾਲ ਤੰਬਾਕੂ ਨਾਲ ਸੰਬੰਧਤ ਵਸਤੂਆਂ ਦੀ ਵਰਤੋਂ ਕਰਨ ਨਾਲ ਮਰਦੇ ਹਨ, ਜਿਵੇਂ ਕੈਂਸਰ, ਸਾਹ ਦੀਆਂ ਬੀਮਾਰੀਆਂ, ਦਿਲ ਦੀਆਂ ਬੀਮਾਰੀਆਂ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply