ਅੰਮ੍ਰਿਤਸਰ, 5 ਅਕਤੁਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – `ਸਵਾਮੀ ਵਿਰਜਾਨੰਦ ਜੀ` ਅਤੇ `ਮਹਾਂਰਿਸ਼ੀ ਵਾਲਮੀਕੀ ਜੀ` ਦੇ ਜਨਮ ਦਿਵਸ ਦੇ ਮੌਕੇ ਤੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਵਲੋਂ ਉਚਾਰੇ ਗਏ ਧਾਰਮਿਕ ਗੀਤਾਂ ਅਤੇ ਸ਼ਲੋਕਾਂ ਨਾਲ ਸਾਰਾ ਵਾਤਾਵਰਨ ਪੂਰੀ ਤਰ੍ਹਾਂ ਸਰੋਬਾਰ ਹੋ ਗਿਆ।
ਵਿਦਿਆਰਥੀਆਂ ਨੇ ਸਵਾਮੀ ਵਿਰਜਾਨੰਦ ਜੀ ਦੀ ਪ੍ਰੇਰਨਾਤਮਕ ਜਿ਼ੰਦਗੀ ਬਾਰੇ ਦੱਸਿਆ।ਉਨਾਂ ਕਿਹਾ ਕਿ ਮਹਾਨ ਅਤੇ ਪਵਿੱਤਰ ਸੰਤ `ਸਵਾਮੀ ਦਇਆਨੰਦ ਜੀ ਇੰਨ੍ਹਾਂ ਦੇ ਜੀਵਨ ਤੋਂ ਬੜੇ ਪ੍ਰਭਾਵਿਤ ਸਨ ਅਤੇ ਇੰਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਵਿਰਜਾਨੰਦ ਜੀ ਤੋਂ ਬਿਨਾਂ ਦਇਆਨੰਦ ਜੀ ਅਧੂਰੇ ਹਨ ਅਤੇ ਦਇਆਨੰਦ ਜੀ ਤੋਂ ਬਿਨਾਂ ਵੈਦਿਕ ਧਰਮ ਨੂੰ ਉਚਾ ਚੁੱਕਣ ਵਾਲਾ ਹੋਰ ਕੋਈ ਨਹੀਂ ਹੈ।ਇਹ ਸਵਾਮੀ ਵਿਰਜਾਨੰਦ ਜੀ ਹੀ ਸਨ ਜਿੰਨ੍ਹਾਂ ਨੇ ਦਇਆਨੰਦ ਜੀ ਨੂੰ ਜੀਵਨ ਦੇ ਸਹੀ ਅਰਥ ਸਮਝਣ ਅਤੇ ਵੇਦਾਂ ਦੇ ਗੁੱਝੇ ਭੇਤਾਂ ਨੂੰ ਜਾਨਣ ਵਿੱਚ ਮਦਦ ਕੀਤੀ।ਇੰਨ੍ਹਾਂ ਨੇ ਹੀ ਦਇਆਨੰਦ ਜੀ ਨੂੰ ਵੇਦਾਂ ਦਾ ਅਸਲੀ ਗਿਆਨ ਫੈਲਾਉਣ, ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ, ਸੱਚਾਈ ਦੇ ਅਸਲੀ ਅਰਥਾਂ `ਤੇ ਚਾਨਣਾ ਪਾਉਣ ਅਤੇ ਸਿਖਿਅਕ ਭਾਰਤ (ਪੜ੍ਰਿਆ ਲਿਖਿਆ ਭਾਰਤ) ਬਣਾਉਣ ਲਈ ਕਿਹਾ।ਵਿਦਿਆਰਥੀਆਂ ਨੇ ਇਸ ਮੌਕੇ ਤੇ ਉਨ੍ਹਾਂ ਦੁਆਰਾ ਦਿਖਾਏ ਗਏ ਰਸਤੇ `ਤੇ ਤੁਰਨ ਅਤੇ ਸਮਾਜ ਵਿਚੋਂ ਅਗਿਆਨਤਾ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਪ੍ਰਣ ਲਿਆ ।
ਵਿਦਿਆਰਥੀਆਂ ਨੇ ਇਸ ਮੌਕੇ ਤੇ ਮਹਾਨ ਸੰਤ ਤੇ ਮਹਾਂ ਕਾਵਿ `ਰਮਾਇਣ` ਦੇ ਲੇਖਕ `ਮਹਾਂਰਿਸ਼ੀ ਵਾਲਮਿਕੀ ਜੀ` ਨੂੰ ਵੀ ਯਾਦ ਕਰਦਿਆਂ ਕਿਹਾ ਕਿ ਮਹਾਂਰਿਸ਼ੀ ਵਾਲਮੀਕੀ ਜੀ ਨੇ ਰਮਾਇਣ ਦੀ ਰਚਨਾ ਕਰਕੇ ਮਨੁੱਖਤਾ ਨੂੰ ਅੱਛਾਈ ਦਾ ਰਸਤਾ ਦਿਖਾਇਆ, ਜੋ ਕਿ ਸਹੀ ਅਰਥਾਂ ਵਿੱਚ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ।ਵਿਦਿਆਰਥੀਆਂ ਨੇ ਉਨ੍ਹਾਂ ਦੇ ਜੀਵਨ ਦੀਆਂ ਕੁੱਝ ਘਟਨਾਵਾਂ ਨੂੰ ਬਿਆਨ ਕੀਤਾ ਅਤੇ ਉਨ੍ਹਾਂ ਦੁਆਰਾ ਰਚੀਆਂ ਕੁਝ ਕਵਿਤਾਵਾਂ ਵੀ ਪੜ੍ਹੀਆਂ ਅਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀਆਂ ਸਿੱਖਿਆਵਾਂ ਨੇ ਲੋਕਾਂ ਨੂੰ ਸਮਾਜਿਕ ਅਨਿਆਂ ਵਿਰੁੱਧ ਅਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ ਸੀ ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ, ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚੇ ਮਾਨਵੀ ਮੁੱਲਾਂ ਨੂੰ ਅਪਨਾਉਂਦੇ ਹੋਏ ਇੱਕ ਵਧੀਆ ਜੀਵਨ ਬਤੀਤ ਕਰਨ ਦੀ ਸਲਾਹ ਵੀ ਦਿੱਤੀ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਅਜਿਹੇ ਮਹਾਨ ਸੰਤਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ, ਜਿੰਨ੍ਹਾਂ ਨੇ ਸਾਨੂੰ ਗਿਆਨ ਤੇ ਇਮਾਨਦਾਰੀ ਦੇ ਰਸਤੇ ਤੇ ਚੱਲਣਾ ਸਿਖਾਇਆ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media