ਮਾਲੇਰਕੋਟਲਾ, 7 ਅਕਤੂਬਰ (ਪੰਜਾਬ ਪੋਸਟ ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਦੀਆਂ ਸੜਕਾਂ ਦੀ ਦਸ਼ਾ ਪਿਛਲੇ ਲੰਮੇ ਸਮੇਂ ਤੋਂ ਬਹੁਤ ਹੀ ਮਾੜੀ ਹੋਈ ਪਈ ਸੀ, ਜਗ੍ਹਾ-ਜਗ੍ਹਾ ਤੋਂ ਸੜਕਾਂ ਟੁੱਟ ਕੇ ਟੋਏ ਪਏ ਹੋਏ ਸਨ। ਆਮ ਜਨਤਾ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਆਖਿਰਕਾਰ ਜਦੋਂ ਸ਼ਹਿਰ ਦੀਆਂ ਸੜਕਾਂ ਦੀ ਮਾੜੀ ਹਾਲਤ ਦਾ ਜਿਕਰ ਸਥਾਨਕ ਵਿਧਾਇਕਾ ਅਤੇ ਲੋਕ ਨਿਰਮਾਣ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਕੋਲ ਕੀਤਾ, ਤਾਂ ਉਨ੍ਹਾਂ ਨੇ ਫੋਰੀ ਤੌਰ ਤੇ ਸੜਕਾਂ ਨੂੰ ਵਰਤੋਂ ਦੇ ਯੋਗ ਬਣਾਉਣ ਲਈ ਨਗਰ ਕੋਂਸਲ ਦੇ ਈ.ਓ ਅਤੇ ਪ੍ਰਧਾਨ ਮੁਹੰਮਦ ਇਕਬਾਲ ਫੋਜੀ ਨੂੰ ਆਦੇਸ਼ ਦਿੱਤੇ, ਜਿਸ ਦੇ ਨਤੀਜੇ ਦੇ ਤੌਰ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਸੱਟਾ ਬਾਜ਼ਾਰ, ਕਮਲ ਸਿਨੇਮਾ ਰੋਡ, ਕੇਲੋਂ ਗੇਟ, ਮਿਲਖ ਬਾਜ਼ਾਰ, ਢਾਬੀ ਗੇਟ, ਲੋਹਾ ਬਾਜ਼ਾਰ ਤੇ ਪਿੱਪਲ ਵਾਲਾ ਚੋਂਕ ਦੀਆਂ ਸੜਕਾਂ ਨੂੰ ਵਰਤੋਯੋਗ ਬਣਾਉਣ ਦਾ ਕੰਮ ਇਲਾਕੇ ਦੇ ਕੋਂਸਲਰ ਫਾਰੂਕ ਅਨਸਾਰੀ ਦੀ ਨਿਗਰਾਨੀ ਹੇਠ ਮੁਕੰਮਲ ਕਰਵਾਇਆ, ਇਸ ਦੇ ਨਾਲ ਹੀ ਜਿੱਥੇ ਸੜਕਾਂ ਦੀ ਮੁਰੰਮਤ ਦਾ ਕੰਮ ਹੋਣ ਵਾਲਾ ਸੀ, ਉਥੇ ਮੁਰੰਮਤ ਕਰਵਾਕੇ ਸੜਕਾਂ ਨੂੰ ਚੱਲਣ ਯੋਗ ਬਣਾਇਆ। ਵਿਸ਼ੇਸ਼ ਤੌਰ `ਤੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਅਤੇ ਲੋਹਾ ਬਾਜ਼ਾਰ ਦੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਇਨ੍ਹਾਂ ਸੜਕਾਂ ਤੇ ਅਪਣੇ ਸਾਇਕਲ ਚਲਾਉਣ ਵਿੱਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ ਅਤੇ ਆਮ ਜਨਤਾ ਦਾ ਪੈਦਲ ਚੱਲਣਾ ਮੁਸ਼ਕਿਲ ਹੋ ਗਿਆ ਸੀ, ਹੁਣ ਨਵੀਆਂ ਸੜਕਾਂ ਬਣਨ ਤੇ ਸੁੱਖ ਦਾ ਸਾਹ ਲੈ ਰਹੇ ਹਨ। ਇਸ ਸਬੰਧੀ ਰਜ਼ੀਆ ਸੁਲਤਾਨਾ ਦੇ ਪੀ.ਏ ਮੁਹੰਮਦ ਤਾਰਿਕ, ਨਗਰ ਕੋਂਸਲ ਦੇ ਪ੍ਰਧਾਨ ਮੁਹੰਮਦ ਇਕਬਾਲ ਫੋਜੀ ਤੇ ਸਥਾਨਕ ਕੋਂਸਲਰ ਫਾਰਕੂ ਅਨਸਾਰੀ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਡਮ ਰਜ਼ੀਆ ਸੁਲਤਾਨਾ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਸੜਕਾਂ ਦੀ ਬਿਹਤਰ ਹਾਲਤ ਕਰਨਾ ਵੀ ਉਨ੍ਹਾਂ ਦੀ ਇਸੇ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਪੰਜਾਬ ਸਰਕਾਰ ਵੱਲੋਂ ਨਵੀਆਂ ਸੜਕਾਂ ਬਣਾਉਣ ਲਈ ਗ੍ਰਾਂਟ ਆਵੇਗੀ ਤਾਂ ਬਿਨਾ ਦੇਰੀ ਕੀਤੇ ਸੜਕਾਂ ਬਣਵਾ ਦਿੱਤੀਆਂ ਜਾਣਗੀਆਂ।
ਇਕਬਾਲ ਫੋਜੀ ਨੇ ਕਿਹਾ ਕਿ ਸ਼ਹਿਰ ਦਾ ਵਸਨੀਕ ਹੋਣ ਦੇ ਨਾਂ ਤੇ ਮੈਂ ਜਦੋਂ ਪ੍ਰਧਾਨਗੀ ਦਾ ਅਹੁੱਦਾ ਸੰਭਾਲਿਆ ਸੀ, ਉਸ ਸਮੇਂ ਬਰਸਾਤ ਦਾ ਮੋਸਮ ਹੋਣ ਕਰਕੇ ਇਨ੍ਹਾਂ ਸੜਕਾਂ ਦੀ ਮਾੜੀ ਹਾਲਤ ਨੂੰ ਬਦਲਣਾ ਮੁਸ਼ਕਿਲ ਸੀ, ਪਰ ਬਰਸਾਤ ਦਾ ਮੋਸਮ ਖਤਮ ਹੁੰਦੇ ਹੀ ਨਗਰ ਕੋਂਸਲ ਦੇ ਬਜਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਸੜਕਾਂ ਤੇ ਪੈਚਵਰਕ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਸਾਲ ਬਾਅਦ ਪੂਰੇ ਸ਼ਹਿਰ ਦੇ ਕੰਮ ਅਮ੍ਰਿਤਾ ਸਕੀਮ ਅਧੀਨ ਮੁਕੰਮਲ ਕਰਵਾ ਦਿੱਤੇ ਜਾਣਗੇ ਅਤੇ ਮਾਲੇਰਕੋਟਲਾ ਨੂੰ ਮਿਸਾਲੀ ਸ਼ਹਿਰ ਬਣਾਇਆ ਜਾਵੇਗਾ।ਫੋਜੀ ਨੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ।ਵਰਣਨਯੋਗ ਹੈ ਕਿ ਉਪਰੋਕਤ ਸੜਕਾਂ ਤੋਂ ਇਲਾਵਾ ਜਰਗ ਚੋਂਕ ਤੋਂ ਬਸ ਸਟੈਂਡ ਰੋਡ, ਕੱਚਾ ਕੋਟ ਤੋਂ ਕਲੱਬ ਚੋਂਕ, ਕਾਲਜ ਰੋਡ, ਜੈਨ ਸਵੀਟਸ, ਸਬਜੀ ਮੰਡੀ ਵਾਲਾ ਰੋਡ, ਬਸ ਸਟੈਂਡ ਦੇ ਬੈਕਸਾਇਡ, ਮਰਕਜ ਰੋਡ, ਹਸਪਤਾਲ ਰੋਡ ਆਦਿ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਮੁਕੰਮਲ ਹੋ ਚੁੱਕਿਆ ਹੈ। ਜਿਕਰਯੋਗ ਹੈ ਕਿ ਨਗਰ ਕੋਂਸਲ ਦੇ ਪ੍ਰਧਾਨ ਸ਼੍ਰੀ ਇਕਬਾਲ ਫੋਜੀ ਵਾਰਡਾਂ ਦੇ ਵਿੱਚ ਆਪ ਖੁਦ ਜਾ ਕੇ ਸੜਕਾਂ ਦੀ ਹਾਲਤ ਦਾ ਮੁਆਇਨਾ ਕਰਦੇ ਹਨ। ਇਸ ਮੌਕੇ ਪੀ.ਏ ਮੁਹੰਮਦ ਤਾਰਿਕ, ਪ੍ਰਧਾਨ ਇਕਬਾਲ ਫੋਜੀ, ਕੋਂਸਲਰ ਫਾਰੂਕ ਅਨਸਾਰੀ ਤੋਂ ਇਲਾਵਾ ਪ੍ਰਸਿੱਧ ਉਦਯੋਗਪਤੀ ਸ਼੍ਰੀ ਜਮੀਲ ਵਕੀਲ ਬ੍ਰਾਦਰਜ਼, ਪੰਜਾਬ ਵਕਫ ਬੋਰਡ ਦੇ ਮੈਂਬਰ ਇਜਾਜ ਆਲਮ, ਮਨਜੂਰ ਅਹਿਮਦ ਚੋਹਾਨ, ਮੁਹੰਮਦ ਇਰਸ਼ਾਦ ਪਠਾਨ, ਮੁਹੰਮਦ ਅਨਵਾਰ ਬਬਲੀ, ਮੁਹੰਮਦ ਲਾੱਲਾ, ਮੁਹੰਮਦ ਜਾਹਿਦ, ਮਹਿਮੂਦ, ਮੁਹੰਮਦ ਇਕਬਾਲ ਤੋਂ ਇਲਾਵਾ ਇਲਾਕੇ ਦੇ ਲੋਕ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media