ਮਾਲੇਰਕੋਟਲਾ, 12 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਬੀ.ਐਸ.ਐਨ.ਐਲ ਕੈਜੁਅਲ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਪੰਜਾਬ ਦਾ 27
ਵਰਕਰਾਂ ਨੂੰ ਕੱਢੇ ਜਾਣ ਖਿਲਾਫ ਧਰਨਾ 11ਵੇਂ ਦਿਨ `ਚ ਦਾਖਲ ਹੋ ਗਿਆ ਅਤੇ ਅੱਜ ਤੋਂ ਤਿੰਨ ਵਰਕਰ ਰੋਜ਼ਾਨਾ 24 ਘੰਟਿਆਂ ਲਈ ਭੁੱਖ ਹੜਤਾਲ ਕਰਨਗੇ।ਜਨਰਲ ਸਕੱਤਰ ਕਾਮਰੇਡ ਭਰਪੂਰ ਸਿੰਘ ਬੁੱਲਾਪੁਰ, ਪ੍ਰਧਾਨ ਰਣਜੀਤ ਸਿੰਘ ਚੀਮਾ, ਸੁਖਜਿੰਦਰ ਸਿੰਘ ਭੱਟੀਆ ਅਤੇ ਮੇਵਾ ਸਿੰਘ ਤੱਖਰ ਨੇ ਕਿਹਾ ਕਿ ਬੀ.ਐਸ.ਐਨ.ਐਲ ਮਹਿਕਮੇ ਵਿੱਚ ਪਿਛਲੇ 10 ਸਾਲਾਂ ਤੋਂ ਲੈ ਕੇ 20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਵਰਕਰਾਂ ਨੂੰ ਗੈਰ ਕਾਨੂੰਨੀ ਅਤੇ ਤਾਨਾਸ਼ਾਹੀ ਤਰੀਕੇ ਨਾਲ ਕੰਮ ਤੋਂ ਹਟਾ ਦਿੱਤਾ ਜਿਸ ਦੇ ਰੋਸ ਵਜੋਂ ਸਾਰੇ ਵਰਕਰ 1 ਅਕਤੂਬਰ ਤੋਂ ਲੈ ਕੇ ਡੀ.ਈ.ਟੀ ਦਫਤਰਾਂ ਅੱਗੇ ਆਪਣੀ ਬਹਾਲੀ ਲਈ ਸ਼ਾਂਤੀਪੂਰਵਕ ਧਰਨੇ ‘ਤੇ ਬੈਠੇ ਹਨ।ਉਨ੍ਹਾਂ ਵਿਭਾਗ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਬੰਧਤ ਵਿਭਾਗ ਨੇ ਮੁਲਾਜ਼ਮਾਂ ਖਿਲਾਫ ਆਪਣਾ ਰਵੱਈਆ ਨਾ ਬਦਲਿਆ ਤਾਂ ਉਨ੍ਹਾਂ ਨੂੰ ਮਜਬੂਰਨ ਸੜਕਾਂ ‘ਤੇ ਉਤਰਨਾ ਪਵੇਗਾ।
ਕਾਮਰੇਡ ਬੂਲਾਪੁਰ ਨੇ ਕਿਹਾ ਕਿ ਜਨਰਲ ਮੈਨੇਜਰ ਟੈਲੀਕਾਮ ਸੰਗਰੂਰ ਵਲੋਂ ਵਰਕਰਾਂ ਤੋਂ ਸਹਾਇਕ ਕਿਰਤ ਕਮਿਸ਼ਨ (ਸ) ਜਲੰਧਰ ਆਪਣੀਆਂ ਹੱਕੀ ਮੰਗਾਂ ਲਈ ਦਾਇਰ ਕੀਤਾ ਕੇਸ ਵਾਪਸ ਕਰਵਾਉਣ ਲਈ ਅਜਿਹਾ ਕਰ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ 2016 ਵਿੱਚ ਵੀ 18 ਵਰਕਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ ਅਤੇ ਜਦੋਂ ਵਰਕਰਾਂ ਨੇ ਇਸ ਖਿਲਾਫ ਸੰਘਰਸ਼ ਵਿੱਢਿਆ ਅਤੇ ਕੰਮ ਤੋਂ ਹਟਾਏ ਗਏ ਮੁਲਾਜ਼ਮਾਂ ਨੂੰ ਬਹਾਲੀ ਪ੍ਰਾਪਤ ਹੋਈ।ਉਨ੍ਹਾਂ ਕਿਹਾ ਕਿ ਮਹਿਕਮੇ ਦੇ ਅਫਸਰ ਠੇਕੇਦਾਰਾਂ ਨਾਲ ਮਿਲ ਕੇ ਵਰਕਰਾਂ ਦੀ ਲੁੱਟ ਕਰ ਰਹੇ ਹਨ ਪਿਛਲੇ 1990-91 ਤੋਂ 2009 ਤੱਕ ਈ.ਪੀ.ਐਫ ਵਰਕਰਾਂ ਦਾ ਜਮ੍ਹਾ ਨਹੀਂ ਕਰਵਾਇਆ ਗਿਆ ਅਤੇ ਉਹ ਸਾਰਾ ਪੈਸਾ ਹੜੱਪ ਕਰ ਲਿਆ ਗਿਆ।ਕਾਮਰੇਡ ਭਰਪੂਰ ਸਿੰਘ ਬੁੱਲਾਪੁਰ ਨੇ ਦੱਸਿਆ ਕਿ ਬੀ.ਐਸ.ਐਨ.ਐਲ ਕੈਜੁਅਲ ਅਤੇ ਕੰਟਰੈਕਟਰ ਵਰਕਰਜ਼ ਯੂਨੀਅਨ (ਏਟਕ) ਪੰਜਾਬ ਵੱਲੋਂ ਵਰਕਰਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ 17 ਅਕਤੂਬਰ ਨੂੰ ਜਨਰਲ ਮੈਨੇਜਰ ਸੰਗਰੂਰ ਦੇ ਦਫਤਰ ਅੱਗੇ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ, ਬਹਾਦਰ ਸਿੰਘ, ਜਗਸੀਰ ਸਿੰਘ, ਹਰਜਿੰਦਰ ਸਿੰਘ ਸੱਦੋਪੁਰ, ਗੁਰਮੀਤ ਸਿੰਘ ਨੱਥੋਹੇੜੀ ਅਤੇ ਮੱਘਰ ਸਿੰਘ ਆਦਿ ਵੀ ਹਾਜ਼ਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media