ਅੰਮਿ੍ਤਸਰ, 13 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) -ਜ਼ਿਲਾ ਅੰਮਿ੍ਰਤਸਰ ਦੇ ਕਸਬਾ ਰਾਜਾਸਾਂਸੀ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਗਰ ਕੌਂਸਲ ਰਾਜਾਸਾਂਸੀ ਦੇ ਦੋ ਵਾਰਡਾਂ ’ਚ ਸਫਾਈ ਵਿਵਸਥਾ ਦਾ ਨਵਾਂ ਫਾਰਮੂਲਾ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਪ੍ਰਸ਼ਾਸਨ ਵੱਲੋਂ ਹਰ ਘਰ ਨੂੰ ਕੂੜਾ ਇਕੱਠਾ ਕਰਨ ਲਈ ਹਰੇ ਤੇ ਨੀਲੇ ਰੰਗ ਦੇ 2 ਡਸਟਬੀਨ ਦਿੱਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਅਜਨਾਲਾ ਰਜਿਤ ਉਬਰਾਏ ਨੇ ਦੱਸਿਆ ਕਿ ਹਰੇ ਅਤੇ ਨੀਲੇ ਰੰਗ ਦੇ ਡਸਟਬਿਨਾਂ ਵਿੱਚ ਲੋਕ ਵੱਖਰਾ-ਵੱਖਰਾ ਕੂੜਾ ਪਾ ਰਹੇ ਹਨ ਜੋ ਕਿ ਰੀਸਾਈਕਲ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਹਰੇ ਰੰਗ ਦੇ ਡਸਟਬੀਨ ’ਚ ਘਰ ਦੀ ਰਸੋਈ ਦਾ ਵੇਸਟ ਅਤੇ ਨੀਲੇ ਡਸਟਬੀਨ ਵਿੱਚ ਪਲਾਸਟਿਕ, ਕਾਗਜ਼, ਗੱਤੇ ਦੇ ਡੱਬੇ, ਪੈਕਟ ਆਦਿ ਦਾ ਕੂੜਾ ਪਾਇਆ ਜਾਂਦਾ ਹੈ ਅਤੇ ਹਰ ਰੋਜ਼ ਘਰ ਤੋਂ ਇੱਕ ਵਿਸ਼ੇਸ਼ ਵਾਹਨ ਅੱਡ-ਅੱਡ ਇਹ ਕੂੜਾ ਇਕੱਠਾ ਕਰ ਕੇ ਲਿਜਾਂਦਾ ਹੈ।ਉਨਾਂ ਦੱਸਿਆ ਕਿ ਹਰੇ ਡਸਟਬੀਨ ਵਾਲਾ ਕੂੜਾ ਜਿਸ ਵਿੱਚ ਸਬਜ਼ੀਆਂ ਅਤੇ ਹੋਰ ਰਸੋਈ ਦੀ ਵੇਸਟ ਹੁੰਦੀ ਹੈ, ਉਸ ਕੂੜੇ ਤੋਂ ਕੰਪੋਸਟ ਖਾਦ ਤਿਆਰ ਕੀਤੀ ਜਾ ਰਹੀ ਹੈ, ਜਦਕਿ ਨੀਲੇ ਡਸਟਬੀਨ ਵਾਲੇ ਕੂੜੇ ਨੂੰ ਕਬਾੜੀਏ ਕੋਲ ਵੇਚਿਆ ਜਾ ਸਕਦਾ ਜਾਂ ਰੀਸਾਈਕਲ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਫਿਲਹਾਲ ਇਹ ਤਜ਼ਰਬਾ ਰਾਜਾਸਾਂਸੀ ਦੇ ਦੋ ਵਾਰਡਾਂ ’ਚ ਸ਼ੁਰੂ ਕੀਤਾ ਗਿਆ ਹੈ, ਜੋ ਕਿ ਲੋਕਾਂ ਦੇ ਸਹਿਯੋਗ ਨਾਲ ਸਫਲਤਾਪੂਰਵਕ ਚੱਲ ਰਿਹਾ ਹੈ।ਐਸ.ਡੀ.ਐਮ ਨੇ ਦੱਸਿਆ ਕਿ ਦਸੰਬਰ ਮਹੀਨੇ ਦੇ ਅਖੀਰ ਤੱਕ ਸ਼ਹਿਰ ਦੇ ਸਾਰੇ ਵਾਰਡਾਂ ਦੇ ਹਰ ਘਰ ’ਚ ਪ੍ਰਸ਼ਾਸਨ ਵੱਲੋਂ ਦੋ ਰੰਗ ਦੇ ਡੱਬੇ ਵੰਡ ਦਿੱਤੇ ਜਾਣਗੇ ਅਤੇ ਵੱਖ-ਵੱਖ ਕੂੜਾ ਕਰਕਟ ਇਕੱਠਾ ਕਰਕੇ ਉਸਨੂੰ ਵਰਤੋਂ ’ਚ ਲਿਆਂਦਾ ਜਾ ਜਾਵੇਗਾ।
ਐਸ.ਡੀ.ਐਮ ਅਜਨਾਲਾ ਸ੍ਰੀ ਉਬਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਫਾਈ ਮੁਹਿੰਮ ’ਚ ਪ੍ਰਸ਼ਾਸਨ ਦਾ ਸਾਥ ਦੇਣ।ਉਨਾਂ ਕਿਹਾ ਕਿ ਕੋਈ ਵੀ ਨਾਗਰਕਿ ਇਧਰ-ਓਧਰ ਕੂੜਾ ਨਾ ਸੁੱਟੇ ਅਤੇ ਆਪਣੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ’ਚ ਪ੍ਰਸ਼ਾਸਨ ਦਾ ਸਹਿਯੋਗ ਦੇਵੇ।ਉਨਾਂ ਕਿਹਾ ਕਿ ਜੇਕਰ ਕਿਸੇ ਨਾਗਰਕਿ ਨੇ ਸਫਾਈ ਵਿਵਸਥਾ ਨੂੰ ਭੰਗ ਕੀਤਾ ਜਾਂ ਨਿਰਧਾਰਤ ਨਿਯਮਾਂ ਅਨੁਸਾਰ ਦੋ ਰੰਗ ਦੇ ਡਸਟਬੀਨਾਂ ਰਾਹੀਂ ਕੂੜਾ ਨਾ ਦਿੱਤਾ ਤਾਂ ਨਗਰ ਕੌਂਸਲ ਉਨਾਂ ਦਾ ਚਲਾਨ ਕਰਕੇ ਜੁਰਮਾਨਾ ਕਰੇਗੀ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media