ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਮਨੁੱਖਤਾ ਦੇ ਅਧਿਆਤਮਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਸੰਗਤਾਂ ਸ਼ਰਧਾ ਭਾਵਨਾ ਨਾਲ ਪੁੱਜਦੀਆਂ ਹਨ ਅਤੇ ਸਮੇਂ ਸਮੇਂ ’ਤੇ ਆਪਣੀ ਯਥਾਸ਼ਕਤ ਅਨੁਸਾਰ ਭੇਟਾਵਾਂ ਗੁਰੂ ਚਰਨਾਂ ਵਿਚ ਅਰਪਣ ਕਰਦੀਆਂ ਹਨ।ਇਸੇ ਤਹਿਤ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਦਰ ਦੇ ਸ਼ਰਧਾਲੂ ਬੀਬੀ ਸੁਰਜੀਤ ਕੌਰ ਅਰੋੜਾ ਨੇ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਸਮੇਂ ਬਾਰ੍ਹਾਂ ਸੋ ਬਾਰ੍ਹਾਂ ਗ੍ਰਾਮ ਸੋਨੇ ਦਾ ਹਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕਰਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਇਸ ਹਾਰ ਦੀ ਕੀਮਤ ਲਗਭਗ 41 ਲੱਖ ਰੁਪਏ ਹੈ।ਬੀਬੀ ਸੁਰਜੀਤ ਕੌਰ ਨੇ ਕਿਹਾ ਕਿ ਇਸ ਪਾਵਨ ਅਸਥਾਨ ਦੀ ਸੋਭਾ ਤੇ ਮਹੱਤਤਾ ਬਹੁਤ ਵੱਡੀ ਹੈ ਅਤੇ ਇਥੋਂ ਸਮੁੱਚੀ ਮਾਨਵਤਾ ਨੂੰ ਅਨੰਤ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਮਿਹਰ ਸਦਕਾ ਅਸੀਂ ਬਹੁਤ ਕੁੱਝ ਹਾਸਲ ਕੀਤਾ ਹੈ ਅਤੇ ਉਨ੍ਹਾਂ ਦਾ ਸ਼ੁਕਰਾਨਾ ਕਰਨ ਲਈ ਅਸੀਂ ਇਥੇ ਪੁੱਜੇ ਹਾਂ।
ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਵੀ ਬੀਬੀ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੇ ਛੱਬੇ, ਝਾਲਰਾਂ, ਦਰਸ਼ਨੀ ਡਿਊੜੀ ਦੇ ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨਿ ਸਵਾਰਿਆ, ਡਿਠੇ ਸਭੇ ਥਾਵ ਨਹੀ ਤੁਧੁ ਸੇਵਿਆ’ ਸੁਨਹਿਰੀ ਪੱਤਰਿਆਂ ਉਪਰ ਉਕਰੀਆਂ ਪੰਕਤੀਆਂ ਵੀ ਗੁਰੂ ਘਰ ਵਿਚ ਭੇਟ ਕੀਤੀਆਂ ਹਨ।ਇਸ ਤੋਂ ਇਲਾਵਾ ਹੁਕਮਨਾਮਾ ਵਾਲਾ ਬੋਰਡ ਚਾਂਦੀ ’ਚ ਬਣਾਇਆ।
ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਬੀਬੀ ਸੁਰਜੀਤ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤਾ।ਇਸ ਮੌਕੇ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਐਡੀਸ਼ਨਲ ਮੈਨੇਜਰ ਸ. ਰਾਜਿੰਦਰ ਸਿੰਘ ਅਟਾਰੀ ਅਤੇ ਬੀਬੀ ਰਮਨਦੀਪ ਕੌਰ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media