ਅੰਮਿ੍ਤਸਰ, 23 ਅਕਤੂਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਹਾਲ ਹੀ ਵਿਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅੱਜ ਸ਼ਾਮ ਜਿੱਤ ਲਈ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਆਏ। ਉਨਾਂ ਨਾਲ ਇਸ ਮੌਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਤਰਸੇਮ ਸਿੰਘ ਡੀ.ਸੀ, ਸ਼ਹਿਰੀ ਪ੍ਰਧਾਨ ਜੁਗਲ ਕਿਸ਼ੋਰ, ਕਾਂਗਰਸ ਦੇ ਬੁਲਾਰੇ ਅਤੇ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਅਤੇ ਹੋਰ ਹਾਜ਼ਰ ਸਨ।ਪ੍ਰੈਸ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ ਅਤੇ ਇਥੋਂ ਸਿੱਧਾ ਆਪਣੇ ਚੋਣ ਹਲਕੇ ਗੁਰਦਾਸਪੁਰ ਵਿਚ ਜਾਣਗੇ।ਬਿਜਲੀ ਬਿੱਲਾਂ ਵਿਚ ਵਾਧੇ ਬਾਰੇ ਪੁੱਛੇ ਜਾਣ ’ਤੇ ਜਾਖੜ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਜੋ ਬੋਝ ਪਿਛਲੇ ਸਮੇਂ ਦੌਰਾਨ ਪੰਜਾਬ ਦੇੇ ਖਜ਼ਾਨੇ ਉਤੇ ਪਾਇਆ ਸੀ ਇਹ ਉਸ ਦਾ ਹੀ ਨਤੀਜਾ ਹੈ, ਕਿਉਂਕਿ ਮਹਿੰਗੇ ਮੁੱਲ ਨਿੱਜੀ ਪਲਾਟਾਂ ਤੋਂ ਬਿਜਲੀ ਖ੍ਰੀਦਣ ਦੇ ਜੋ ਸਮਝੌਤੇ ਇੰਨਾਂ ਨੇ ਕੀਤੇ ਸਨ, ਇਹ ਉਸਦਾ ਭੁਗਤਾਨ ਕਰਨ ਲਈ ਜ਼ਰੂਰੀ ਸੀ।ਆਰ.ਐਸ.ਐਸ ਵੱਲੋਂ ਗੁਰੂ ਸਾਹਿਬਾਨ ਬਾਰੇ ਸਮਾਗਮ ਕਰਵਾਉਣ ਬਾਰੇ ਪੁੱਛੇ ਜਾਣ ’ਤੇ ਉਨਾਂ ਕਿਹਾ ਕਿ ਕੋਈ ਗੁਰੂ ਸਾਹਿਬ ਬਾਰੇ ਸਮਾਗਮ ਕਰੇ ਕੋਈ ਇਤਰਾਜ਼ ਨਹੀਂ, ਪਰ ਇੰਨਾਂ ਦੀ ਸੋਚ ਮਾੜੀ ਹੈ ਅਤੇ ਇਹ ਰਾਜਨੀਤੀ ਲਈ ਧਰਮ ਦੀ ਵਰਤੋਂ ਕਰ ਰਹੇ ਹਨ, ਜੋ ਕਿ ਬੇਹੱਦ ਗੰਭੀਰ ਮੁੱਦਾ ਹੈ।
ਈਰਾਨ ਵਿਚ ਫਸੇ ਪੰਜਾਬੀ ਨੌਜਵਾਨਾਂ ਬਾਰੇ ਪੁੱਛੇ ਜਾਣ ’ਤੇ ਉਨਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ ਕਿ ਸਾਰੇ ਬੱਚੇ ਸਹੀ ਸਲਾਮਤ ਘਰਾਂ ਨੂੰ ਆਉਣ ਅਤੇ ਇਸ ਬਾਬਤ ਲੋਕ ਸਭਾ ਵਿਚ ਵੀ ਮੁੱਦਾ ਉਠਾਉਣਗੇ। ਕੇਂਦਰ ਸਰਕਾਰ ਵੱਲੋਂ ਟਰੈਕਟਰ ਨੂੰ ਵਪਾਰਕ ਵਾਹਨ ਐਲਾਨੇ ਜਾਣ ਦੀ ਨਿੰਦਾ ਕਰਦੇ ਸ੍ਰੀ ਜਾਖੜ ਨੇ ਕਿਹਾ ਕਿ ਪਹਿਲਾਂ ਖੇਤੀ ਸੰਦਾਂ, ਖਾਦਾਂ ਤੇ ਦਵਾਈਆਂ ’ਤੇ ਜੀ.ਐਸ.ਟੀ ਲਗਾ ਕੇ ਕਿਸਾਨ ਦਾ ਕਚੂੰਮਰ ਕੇਂਦਰ ਸਰਕਾਰ ਨੇ ਕੱਢਿਆ ਹੈ ਅਤੇ ਹੁਣ ਵਪਾਰਕ ਟੈਕਸ ਟਰੈਕਟਰ ’ਤੇ ਲਗਾ ਕੇ ਬਹੁਤ ਘਿਨੌਣਾ ਕੰਮ ਕੀਤਾ ਹੈ, ਜਦਕਿ ਕੈਪਟਨ ਸਰਕਾਰ 2 ਲੱਖ ਰੁਪਏ ਪ੍ਰਤੀ ਕਿਸਾਨ ਕਰਜ਼ਾ ਮੁਆਫ ਕਰਕੇ ਕਿਸਾਨ ਨੂੰ ਥੋੜੀ ਢਾਰਸ ਦੇ ਰਹੀ ਹੈ।ਗੁਰਦਾਸਪੁਰ ਵਿਚ ਭਾਜਪਾ ਵੱਲੋਂ ਹਾਰ ਦਾ ਠੀਕਰਾ ਅਕਾਲੀ ਦਲ ਸਿਰ ਭੰਨਣ ਬਾਰੇ ਪੁੱਛੇ ਜਾਣ ’ਤੇ ਜਾਖੜ ਨੇ ਕਿਹਾ ਕਿ ਇਹ ਹਾਰ ਕਿਸੇ ਇਕ ਦੀ ਨਹੀਂ, ਬਲਕਿ ਅਕਾਲੀ-ਭਾਜਪਾ ਦੇ ਪਿਛਲੇ 10 ਸਾਲ ਦੇ ਕਿਰਦਾਰ ਦਾ ਨਤੀਜਾ ਹੈ ਅਤੇ ਇੰਨਾਂ ਨੂੰ ਚਾਹੀਦਾ ਹੈ ਕਿ ਇਸ ਹਾਰ ਤੋਂ ਸਬਕ ਲੈਣ, ਨਾ ਕਿ ਤੋਹਮਤਬਾਜ਼ੀ ਕਰਨ।ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਬਾਰੇ ਬੋਲਦੇ ਜਾਖੜ ਨੇ ਕਿਹਾ ਕਿ ਅਮਨ-ਕਾਨੂੰਨ ਕਾਇਮ ਕਰਨ ਲਈ ਕੈਪਟਨ ਸਾਹਿਬ ਨੇ ਪੁਲਿਸ ਨੂੰ ਖੁੱਲੇ ਹੱਥ ਦੇ ਰੱਖੇ ਹਨ ਅਤੇ ਕੋਈ ਰਾਜਸੀ ਦਬਾਅ ਪੁਲਿਸ ’ਤੇ ਨਹੀਂ ਹੈ।ਹਾਲ ਹੀ ਵਿਚ 800 ਸਕੂਲ ਬੰਦ ਕਰਨ ਬਾਰੇ ਬੋਲਦੇ ਸ੍ਰੀ ਜਾਖੜ ਨੇ ਕਿਹਾ ਕਿ ਭਾਵੇਂ ਅਜੇ ਇਸ ਬਾਰੇ ਫੈਸਲਾ ਹੋਣਾ ਹੈ, ਪਰ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ 10 ਸਾਲਾਂ ਵਿਚ 5 ਲੱਖ ਬੱਚੇ ਸਰਕਾਰੀ ਸਕੂਲਾਂ ਤੋਂ ਕਿਨਾਰਾ ਕਰ ਗਏ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media