ਬਿਜਲੀ ਦੇ ਰੇਟਾਂ ਕਾਰਨ ਪੰਜਾਬ ਦੀ ਜਨਤਾ `ਤੇ 2500 ਕਰੋੜ ਰੁਪਏ ਦਾ ਬੋਝ
ਬਠਿੰਡਾ, 24 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਪ੍ਰਧਾਨ ਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਜਿਸ ਤਹਿਤ ਬਿਜਲੀ ਦੇ ਰੇਟਾਂ ’ਚ ਇਕ ਅਪ੍ਰੈਲ 2017 ਤੋਂ 9.33% ਦਾ ਵਾਧਾ ਕੀਤਾ ਗਿਆ ਹੈ।ਜਿਸ ਨਾਲ ਪੰਜਾਬ ਦੀ ਜਨਤਾ `ਤੇ 2500 ਕਰੋੜ ੇ ਦਾ ਬੋਝ ਪਵੇਗਾ।ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕੇ ਲੋਕ ਤਾਂ ਪਹਿਲਾਂ ਹੀ ਕੇਂਦਰ ਦੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਤੋਂ ਔਖੇ ਸਨ।ਲੱਗਦਾ ਹੁਣ ਪੰਜਾਬ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਨਾਲ ਮੁਕਾਬਲਾ ਕਰ ਰਹੀ ਹੈ ਕਿ ਕੌਣ ਸਭ ਤੋਂ ਵੱਧ ਲੋਕ ਵਿਰੋਧੀ ਨੀਤੀਆਂ ਅਪਣਾਉਂਦਾ ਹੈ।ਹਾਲੇ 3 ਦਿਨ ਪਹਿਲਾਂ ਹੀ ਪੰਜਾਬ ਸਰਕਾਰ 800 ਪ੍ਰਾਇਮਰੀ ਸਕੂਲ ਬੰਦ ਕਰਕੇ ਲੋਕਾਂ ਨੂੰ ਗੁਰਦਾਸਪੁਰ ਚੋਣ ਜਿੱਤਣ ਦਾ ਤੋਹਫ਼ਾ ਦਿੱਤਾ ਸੀ ਤੇ ਹੁਣ ਆਹ ਬਿਜਲੀ ਦੇ ਰੇਟ ਵਧਾ ਕੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ।
ਉਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਵਧੇ ਹੋਏ ਰੇਟ ਤੁਰੰਤ ਵਾਪਿਸ ਲਏ ਜਾਣ ਤਾਂ ਕਿ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਪੰਜਾਬੀ ਇਸ ਨਵੇਂ ਬੋਝ ਤੋਂ ਬਚ ਸਕਣ।ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ।ਪੰਜਾਬੀਆਂ ਨੂੰ ਕੈਪਟਨ ਸਾਹਿਬ ਤੋਂ ਬਹੁਤ ਉਮੀਦਾਂ ਸਨ, ਪਰ ਕੈਪਟਨ ਸਾਹਿਬ ਖਜਾਨਾ ਖਾਲੀ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ’ਚ ਬੁਰੀ ਤਰਾਂ ਫੇਲ ਹੋਏ ਹਨ ।ਕੈਪਟਨ ਸਾਹਿਬ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਕੁੱਝ ਸਿੱਖਣਾਂ ਚਾਹੀਦਾ ਜਿਨਾਂ ਨੇ ਕਦੇ ਨਹੀਂ ਕਿਹਾ ਕਿ ਖਜਾਨਾ ਖਾਲੀ ਹੈ।ਅੱਜ ਦਿੱਲੀ ਦੀ ਕੇਜਰੀਵਾਲ ਸਰਕਾਰ ਮੁਫ਼ਤ ਸਿਹਤ ਸਹੂਲਤਾਂ, ਮੁਫ਼ਤ ਪਾਣੀ, ਵਰਲਡ ਕਲਾਸ ਸਿਖਿਆ ਸਹੂਲਤਾਂ ਦੇ ਰਹੀ ਹੈ।। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬਿਜਲੀ ਦੇ ਭਾਅ ਅੱਧੇ ਕੀਤੇ ਤੇ ਪਿਛਲੇ 3 ਸਾਲਾਂ ਵਿੱਚ ਇਕ ਬਾਰ ਵੀ ਬਿਜਲੀ ਦੇ ਰੇਟ ਨਹੀਂ ਵਧਣ ਦਿਤੇ। ਅੱਜ ਦਿਲੀ ਵਿਚ ਭਾਰਤ ਦੇ ਸਾਰੇ ਸੂਬਿਆਂ ਤੋਂ ਸੱਸਤੀ ਬਿਜਲੀ ਹੈ।ਬਲਕਿ ਦਿੱਲੀ ਦਾ ਬਜਟ ਵੀ 24000 ਕਰੋੜ ਤੋਂ 50000 ਕਰੋੜ ਤਕ ਪਹੁੰਚਾ ਦਿੱਤਾ ਹੈ।ਲੋਕ ਹਿਤੈਸ਼ੀ ਕੰਮ ਕਰਨ ਲਈ ਨੀਅਤ ਚਾਹੀਦੀ ਹੈ ਜੋਕਿ ਕੈਪਟਨ ਸਰਕਾਰ ਕੋਲ ਨਹੀਂ ਹੈ।ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਤੇ ਚੁੱਪ ਨਹੀਂ ਬੈਠੇਗੀ ਬਲਕਿ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਵੀ ਕਰੇਗੀ ਤੇ ਸਰਕਾਰ ਨੂੰ ਵਿਧਾਨ ਸਭਾ ਵਿੱਚ ਵੀ ਘੇਰੇਗੀ।
Punjab Post Daily Online Newspaper & Print Media