Saturday, March 14, 2026

ਦਿਹਾਤੀ ਮਜ਼ਦੂਰ ਸਭਾ ਵਲੋਂ ਸੰਗਤ ਮੰਡੀ ਵਿੱਚ ਧਰਨਾ

PPN2410201702ਬਠਿੰਡਾ, 24 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਗਤ ਬਲਾਕ ਨਾਲ ਸਬੰਧਤ ਪਿੰਡਾਂ ਦੇ ਬੇਜ਼ਮੀਨੇ, ਦਲਿਤ ਕਿਰਤੀ, ਦਿਹਾਤੀ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ’ਚ ਅੱਜ ਸਬ ਤਹਿਸੀਲ ਸੰਗਤ ਵਿਖੇ ਪ੍ਰਦਰਸ਼ਨ ਕਰਨ ਉਪਰੰਤ ਤਹਿਸੀਲਦਾਰ ਦੀ ਗੈਰਹਾਜ਼ਰੀ ਕਾਰਨ ਏ.ਪੀ.ਓ ਸੰਗਤ ਮੁਕੇਸ਼ ਕੁਮਾਰ ਰਾਹੀਂ ਪ੍ਰਧਾਨ ਮੰਤਰੀ ਭਾਰਤ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਹੇਠ ਦਿਹਾਤੀ ਮਜ਼ਦੂਰ ਸਭਾ ਵੱਲੋਂ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਇੱਕਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਮਿੱਠੂ ਸਿੰਘ ਘੁੱਦਾ ਪ੍ਰਧਾਨ ਅਤੇ ਹੋਰ ਆਗੂਆਂ ਨੇ ਕਿਹਾ ਕਿ  ਬੇਜ਼ਮੀਨੇ ਪਰਿਵਾਰਾਂ ਨੂੰ 10-10 ਮਰਲੇ ਦੇ ਪਲਾਟ ਅਤੇ ਘੱਟੋ ਘੱਟ ਤਿੰਨ-ਤਿੰਨ ਲੱਖ ਰੁਪਏ ਦੀ ਪ੍ਰਤੀ ਪਰਿਵਾਰ ਗਰਾਂਟ ਦਿੱਤੀ ਜਾਵੇ। ਲਾਲ ਲਕੀਰ ਦੇ ਅੰਦਰ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਅਤੇ ਬੇਜ਼ਮੀਨੇ ਅਤੇ ਦਲਿਤ ਪਰਿਵਾਰਾਂ ਨੂੰ ਰੂੜੀਆਂ ਸੁੱਟਣ ਲਈ ਵੀ ਜਗਾ ਦਿੱਤੀ ਜਾਵੇ। ਪੰਚਾਇਤੀ ਅਤੇ ਸਾਂਝੀਆਂ ਜਮੀਨਾਂ ਵਿੱਚੋਂ ਤੀਜੇ ਹਿੱਸੇ ਦੀਆਂ ਰਾਖਵੀਆਂ ਜਮੀਨਾਂ ਬਾਜ਼ਾਰੀ ਰੇਟਾਂ ਉਪਰ ਦਲਿਤਾਂ ਨੂੰ ਠੇਕੇ ਉੱਤੇ ਦੇਣਾ ਯਕੀਨੀ ਬਣਾਇਆ ਜਾਵੇ।ਦਿਹਾੜੀ ਦਾ ਰੇਟ ਘੱਟੋ ਘੱਟ ਪੰਜ ਸੌ ਰੁਪਏ ਕੀਤਾ ਜਾਵੇ ਅਤੇ ਮਨਰੇਗਾ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇ ਅਤੇ ਹਰ ਮਨਰੇਗਾ ਮਜ਼ਦੂਰ ਦੀ ਜਾਬ ਕਾਰਡ ’ਤੇ ਹਾਜ਼ਰੀ ਲਾਉਣਾ ਯਕੀਨੀ ਬਣਾਇਆ ਜਾਵੇ। ਪਹਿਲਾਂ ਕੀਤੇ ਹੋਏ ਕੰਮਾਂ ਦੇ ਬਕਾਏ ਤੁਰੰਤ ਦਿੱਤੇ ਜਾਣ ਅਤੇ ਮਨਰੇਗਾ ਅਧੀਨ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਮਿਲਣਾ ਦਿੱਤਾ ਜਾਵੇ। ਮਨਰੇਗਾ ਫੰਡਾਂ ਵਿੱਚ ਹੋਈਆਂ ਧਾਂਦਲੀਆਂ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ। ਕੌਮਾਂਤਰੀ ਕਿਰਤੀ ਕਾਨਫਰੰਸਾਂ ਦੀਆਂ ਸਿਫ਼ਾਰਸਾਂ ਅਧੀਨ ਖੇਤੀ ਕਾਮਿਆਂ ਅਤੇ ਹੋਰਨਾਂ ਪੇਂਡੂ ਮਜ਼ਦੂਰਾਂ ਨੂੰ 18000/- ਰੁਪਏ ਪ੍ਰਤੀ ਮਹੀਨਾ ਅਤੇ ਇਸੇ ਅਨੁਪਾਤ ਵਿੱਚ ਪ੍ਰਤੀ ਦਿਨ ਦੀਆਂ ਉਜਰਤਾਂ ਦਿੱਤੀਆਂ ਜਾਣ। ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਿਰਤ ਪੈਨਸਨ 3000/- ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਬੇਜ਼ਮੀਨੇ ਅਤੇ ਸਾਧਨਹੀਨ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦਾ ਲਾਭ ਦਿੱਤਾ ਜਾਵੇ ਅਤੇ ਇਸ ਵਿੱਚ ਜਾਤ ਅਤੇ ਲੋਡ ਦੀਆਂ ਸ਼ਰਤਾਂ ਖ਼ਤਮ ਕੀਤੀਆਂ ਜਾਣ।ਇਹਨਾਂ ਪਰਿਵਾਰਾਂ ਨੂੰ ਇਕ ਸਾਰ ਮਿਆਰੀ ਮੁਫ਼ਤ ਵਿਦਿਆਂ ਦੀ ਸਹੂਲਤ ਵੀ ਦਿੱਤੀ ਜਾਵੇ ਅਤੇ ਇਹਨਾਂ ਪਰਿਵਾਰਾਂ ਲਈ ਸਰਕਾਰੀ ਨੌਕਰੀ ਅਤੇ ਮੁੜ ਵਸੇਵੇ ਲਈ ਮੁਆਵਜਾ ਦਿੱਤਾ ਜਾਵੇ ਅਤੇ ਮਜ਼ਦੂਰਾਂ ਦੇ ਸਮੁੱਚੇ ਕਰਜੇ ਮੁਆਫ਼ ਕੀਤੇ ਜਾਣ। ਸਰਕਾਰਾਂ ਵੱਲੋਂ ਵੋਟਾਂ ਸਮੇਂ ਕੀਤੇ ਵਾਅਦੇ ਪੂਰੇ ਕੀਤੇ ਜਾਣ।ਇਸ ਮੌਕੇ ਧਰਨਾਕਾਰੀਆਂ ਨੂੰ ਸੰਪੂਰਨ ਸਿੰਘ ਜਮਹੂਰੀ ਕਿਸਾਨ ਸਭਾ, ਮਲਕੀਤ ਸਿੰਘ, ਮਨੋਹਰ ਸਿੰਘ ਘੁੱਦਾ, ਉਮਰਾਦੀਨ ਜੱਸੀ, ਸਿੰਦਰਪਾਲ ਕੌਰ, ਤੇਜ ਕੌਰ ਅਤੇ ਜਸਵੀਰ ਕੌਰ ਘੁੱਦਾ ਆਦਿ ਨੇ ਵੀ ਸੰਬੋਧਨ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply