ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਏਡਜ਼ ਵਰਗੀ ਭਿਆਨਕ ਮਹਾਮਾਰੀ ਤੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣ ਦੇ
ਮਕਸਦ ਤਹਿਤ ਖ਼ਾਲਸਾ ਕਾਲਜ ਦੇ ਰੈੱਡ ਰੀਬਨ ਕਲੱਬ ਵੱਲੋਂ ਆਯੋਜਿਤ ਸੈਮੀਨਾਰ ‘ਏਡਜ਼ : ਇਕ ਭਿਆਨਕ ਮਹਾਮਾਰੀ’ ਮੌਕੇ ਬੋਲਦਿਆਂ ਮੁਖ ਮਹਿਮਾਨ ਡਾ. ਮੋਹਨ, ਪ੍ਰੋਫ਼ੈਸਰ ਤੇ ਮੁਖੀ, ਕਮਿਊਨਿਟੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੇ ਕਿਹਾ ਕਿ ਮਨੁੱਖ ਜਾਤੀ ਨੂੰ ਤਬਾਹੀ ਦਾ ਜਿੰਨ੍ਹਾਂ ਖ਼ਤਰਾ ਏਡਜ਼ ਤੋਂ ਹੈ ਉਨ੍ਹਾਂ ਸ਼ਾਇਦ ਤੀਸਰੇ ਵਿਸ਼ਵ ਯੁੱਧ ਤੋਂ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ 2 ਜੀਆਂ ਦੇ ਆਪਸੀ ਮੋਹ, ਅਦਬ, ਸੱਚੀ ਸੁੱਚੀ ਸਾਂਝ ਅਤੇ ਅਲੌਕਿਕ ਸੁਮੇਲ ’ਚੋਂ ਜਦੋਂ ਮੁਹੱਬਤ ਅਤੇ ਅਦਬ ਮਨਫ਼ੀ ਕਰ ਦਿੱਤੇ ਜਾਣ ਤਾਂ ਏਡਜ਼ ਵਰਗੀ ਭਿਆਨਕ ਬੀਮਾਰੀ ਜਨਮ ਲੈਂਦੀ ਹੈ। ਉਨ੍ਹਾਂ ਕਿਹਾ ਕਿ ਐੱਚ. ਆਈ. ਵੀ. ਤੋਂ ਏਡਜ਼ ਬਣਨ ’ਚ 6 ਮਹੀਨੇ ਤੋਂ 10 ਸਾਲ ਲਗਦੇ ਹਨ ਪਰ ਭਾਰਤ ਵਰਗੇ ਅਵਿਕਾਸਸ਼ੀਲ ਦੇਸ਼ ’ਚ ਇਹ ਵਾਇਰਸ ਜਲਦੀ ਹੀ ਏਡਜ਼ ਦਾ ਰੂਪ ਧਾਰਨ ਕਰ ਲੈਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ’ਚ 4 ਕਰੋੜ ਲੋਕ ਐੱਚ. ਆਈ. ਵੀ. ਵਾਇਰਸ ਤੋਂ ਪੀੜਤ ਹਨ ਅਤੇ ਅਫ਼ਰੀਕਾ ਅਤੇ ਨਾਇਜੀਰੀਆ ਤੋਂ ਬਾਅਦ ਹਿੰਦੁਸਤਾਨ ਗਿਣਤੀ ’ਚ ਤੀਜਾ ਏਡਜ਼ ਗ੍ਰਸਤ ਮੁਲਕ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਅੰਮ੍ਰਿਤਸਰ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨਾਲੋਂ ਵਧੇਰੇ ਮਰੀਜ਼ ਏਡਜ਼ ਪੀੜਤ ਹਨ।
ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁਖ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਿਹੇ ਏਡਜ਼ ਜਾਗਰੂਕ ਪ੍ਰੋਗਰਾਮਾਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣਾ ਅੱਜ ਸਮੇਂ ਦੀ ਮੁਖ ਲੋੜ ਹੈ। ਇਸ ਮੌਕੇ ਡਾ. ਨਵਦੀਪ ਕਮਿਊਨਿਟੀ ਮੈਡੀਸਨ ਵਿਭਾਗ, ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਨੇ ਆਪਣੇ ਖੋਜ ਪੱਤਰ ਏਡਜ਼ : ਗੰਭੀਰ ਸੰਕਟ ’ਚ ਕਿਹਾ ਕਿ ਐੱਚ. ਆਈ. ਵੀ. ਪੌਜੀਟਿਵ ਨਾਲ ਖ਼ੂਨ ਵਿਚਲੇ ਚਿੱਟੇ ਕਣ ਜਿਹੜੇ ਸਾਡੇ ਸਰੀਰ ਦੀਆਂ ਬੀਮਾਰੀਆਂ ਤੋਂ ਰੱਖਿਆ ਕਰਦੇ ਹਨ ਨਸ਼ਟ ਹੋ ਜਾਂਦੇ ਹਨ, ਇਸ ਨਾਲ ਸਾਡਾ ਤੰਦਰੁਸਤ ਸਰੀਰ ਬੀਮਾਰੀਆਂ ਦੀ ਲਪੇਟ ’ਚ ਆ ਜਾਂਦਾ ਹੈ।ਉਨ੍ਹਾਂ ਕਿਹਾ ਬੁਖ਼ਾਰ ਦਾ ਚੜ੍ਹਨਾ, ਦਸਤ ਲਗਣੇ, ਸਰੀਰ ਵਿਚ ਗਿਲਟੀਆਂ ਦਾ ਹੋਣਾ, ਵਜਨ ਘਟਨਾ ਇਸ ਬੀਮਾਰੀ ਦੇ ਮੁੱਢਲੇ ਲਛਣ ਹਨ ।
ਕਾਲਜ ਦੇ ਰੈੱਡ ਰੀਬਨ ਕੱਲਬ ਦੇ ਕਨਵੀਨਰ ਡਾ. ਭੁਪਿੰਦਰ ਸਿੰਘ ਨੇ ਇਸ ਮੌਕੇ ਕਿਹਾ ਕਿ ਇਸ ਏਡਜ਼ ਤੋਂ ਬਚਣ ਲਈ ਸਭ ਤੋਂ ਵਧੀਆ ਢੰਗ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ’ਤੇ ਚਲਦੇ ਹੋਏ ਉੱਚਾ ਸੁੱਚਾ ਜੀਵਨ ਬਤੀਤ ਕਰੀਏ। ਕਲੱਬ ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮਰੀਜ਼ਾਂ ਨਾਲ ਆਮ ਨਾਗਰਿਕਾਂ ਨਾਲ ਪਿਆਰ ਤੇ ਹਮਦਰਦੀ ਨਾਲ ਪੇਸ਼ ਆਉਣਾ ਚਾਹੀਦਾ ਹੈ।ਇਸ ਮੌਕੇ ਪ੍ਰੋ. ਦਵਿੰਦਰ ਸਿੰਘ, ਪ੍ਰੋ. ਨਵਨੀਨ ਬਾਵਾ, ਡਾ. ਜਸਜੀਤ ਰੰਧਾਵਾ, ਪ੍ਰੋ. ਦਵਿੰਦਰ ਕੌਰ, ਪ੍ਰੋ. ਦਵਿੰਦਰਪਾਲ ਕੌਰ, ਡਾ. ਜੋਰਾਵਰ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਪ੍ਰੋ. ਲੱਖਾ ਸਿੰਘ ਅਤੇ ਡਾ. ਜਸਬੀਰ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media