Tuesday, July 7, 2026

ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਕਿਸਾਨ ਖੁਦਕੁਸ਼ੀਆਂ ਬਾਰੇ ਰਿਪੋਰਟ ਸੌਂਪੇਗੀ ਕਮੇਟੀ – ਸਰਕਾਰੀਆ

ਅੰਮ੍ਰਿਤਸਰ, 3 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਰਾਜ ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਦੇ ਕਾਰਨਾਂ ਦਾ PPN0311201705ਪਤਾ ਲਗਾਉਣ ਅਤੇ ਸੁਝਾਅ ਦੇਣ ਲਈ ਗਠਿਤ ਕੀਤੀ ਗਈ ਸਦਨ ਦੀ ਕਮੇਟੀ, ਜਿਸ ਵਿਚ ਸਾਰੀਆਂ ਪਾਰਟੀਆਂ ਦੇ ਵਿਧਾਇਕ ਸ਼ਾਮਿਲ ਹਨ, ਵੱਲੋਂ ਅੱਜ ਅੰਮਿ੍ਰਤਸਰ ਜਿਲੇ ਵਿਚ ਹੋਈਆਂ ਖੁਦਕੁਸ਼ੀਆਂ ਦਾ ਪਤਾ ਲਗਾਉਣ ਲਈ ਜਿਲੇ ਦਾ ਦੌਰਾ ਕੀਤਾ ਗਿਆ।ਬੀਤੀ ਸ਼ਾਮ ਉਕਤ ਕਮੇਟੀ ਨੇ ਜ਼ਿਲਾ ਪ੍ਰਸ਼ਾਸਨ, ਜਿਸ ਵਿਚ ਡਿਪਟੀ ਕਮਿਸ਼ਨਰ, ਐਸ ਡੀ ਐਮ ਅਤੇ ਖੇਤੀ ਵਿਭਾਗ ਦੇ ਅਧਿਕਾਰੀ ਸ਼ਾਮਿਲ ਸਨ, ਨਾਲ ਵਿਸਥਾਰਤ ਮੀਟਿੰਗ ਕੀਤੀ ਅਤੇ ਅੱਜ ਸਾਰੇ ਕਮੇਟੀ ਮੈਂਬਰ ਰਈਆ ਨੇੜੇ ਪਿੰਡ ਲੋਹਗੜ ਵਿਖੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਗਏ ਕਿਸਾਨ ਪਰਿਵਾਰ ਨੂੰ ਮਿਲੇ। ਕਮੇਟੀ ਦੀ ਅਗਵਾਈ ਚੇਅਰਮੈਨ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕੀਤੀ ਅਤੇ ਉਨਾਂ ਨਾਲ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਨੱਥੂ ਰਾਮ, ਵਿਧਾਇਕ ਨਾਜ਼ਰ ਸਿੰਘ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜ਼ਰਾ ਬਤੌਰ ਮੈਂਬਰ ਸ਼ਾਮਿਲ ਹੋਏ।
ਕਮੇਟੀ ਨੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਗੁਰਦਿਆਲ ਸਿੰਘ ਦੇ ਪਰਿਵਾਰ ਨਾਲ ਖੁੱਲ ਕੇ ਗੱਲਾਂ ਕੀਤੀਆਂ ਅਤੇ ਖੁਦਕੁਸ਼ੀ ਦਾ ਕਾਰਨ ਬਣੇ ਕਰਜ਼ੇ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਕੀਤੀ।ਇਸ ਮੌਕੇ ਪੀੜਤ ਕਿਸਾਨ ਦੀ ਪਤਨੀ, ਪੁੱਤਰ, ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਘਰ ਦੀ ਆਰਥਿਕ ਸਥਿਤੀ, ਲੜਕੀ ਦੇ ਵਿਆਹ ਅਤੇ ਪਰਿਵਾਰ ਸਿਰ ਚੜੇ ਕਰਜ਼ੇ ਬਾਬਤ ਗੱਲਾਂ ਕੀਤੀਆਂ।ਇਸ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਸਰਕਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਇਸ ਕਮੇਟੀ ਨੇ ਮਾਲਵਾ ਖੇਤਰ ਦਾ ਦੌਰਾ ਕੀਤਾ ਹੈ ਅਤੇ ਹੁਣ ਮਾਝੇ ਦਾ ਦੌਰਾ ਜਾਰੀ ਹੈ। ਉਨਾਂ ਕਿਹਾ ਕਿ ਸਾਰੇ ਪੰਜਾਬ ਵਿਚ ਹੀ ਕਿਸਾਨਾਂ ’ਤੇ ਕਰਜ਼ਾ ਹੈ, ਪਰ ਖੁਦਕੁਸ਼ੀਆਂ ਕਿਸੇ ਸਮੱਸਿਆ ਦਾ ਹੱਲ ਨਹੀਂ। ਉਨਾਂ ਕਿਹਾ ਕਿ ਜਿਸ ਵੀ ਪਰਿਵਾਰ ਵਿਚ ਖੁਦਕੁਸ਼ੀ ਹੋਈ ਹੈ, ਉਸ ਦਾ ਪਰਿਵਾਰ ਮਾਨਸਿਕ ਅਤੇ ਆਰਥਿਕ ਮੁਹਾਜ਼ ’ਤੇ ਹੋਰ ਤੰਗ ਹੀ ਹੋਇਆ ਹੈ।ਇਸ ਲਈ ਸਮੱਸਿਆ ਨਾਲ ਸੂਝ ਅਤੇ ਅਕਲ ਨਾਲ ਲੜਨ ਦੀ ਹਿੰਮਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਨੀ ਚਾਹੀਦੀ ਹੈ, ਨਾ ਕਿ ਮੌਤ ਨੂੰ ਗਲ ਲਗਾਉਣਾ।ਉਨਾਂ ਕਿਹਾ ਕਿ ਅਸੀਂ ਸਾਰੇ ਪੰਜਾਬ ਦੀ ਸਥਿਤੀ ਦਾ ਪਤਾ ਲਗਾ ਕੇ ਇਸ ਦੀ ਰਿਪੋਰਟ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ-ਪਹਿਲਾਂ ਸਦਨ ਨੂੰ ਦੇ ਦਿਆਂਗੇ, ਜਿਸ ਵਿਚ ਖੁਦਕੁਸ਼ੀ ਦੇ ਕਾਰਨਾਂ ਦੇ ਨਾਲ-ਨਾਲ ਜ਼ਰੂਰੀ ਸੁਝਾਅ ਵੀ ਸਰਕਾਰ ਨੂੰ ਦਿੱਤੇ ਜਾਣਗੇ।
ਇਸ ਮੌਕੇ ਐਸ.ਡੀ.ਐਮ ਰਵਿੰਦਰ ਸਿੰਘ, ਜੁਇੰਟ ਸੈਕਟਰੀ ਖੇਤੀ ਵਿਭਾਗ ਸ੍ਰੀ ਰਾਹੁਲ ਗੁਪਤਾ, ਜਿਲਾ ਖੇਤੀ ਅਧਿਕਾਰੀ ਦਲਬੀਰ ਸਿੰਘ ਛੀਨਾ, ਡੀ.ਐਸ.ਪੀ ਸੁੱਖਵਿੰਦਰ ਸਿੰਘ ਮੱਲ, ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਨਰਿੰਦਰ ਸਿੰਘ ਪੰਨੂੰ, ਜਿਲਾ ਪ੍ਰੋਗਰਾਮ ਅਫਸਰ ਗੁਲਬਹਾਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply