ਮੋਬਾਇਲ ਫੋਨ, ਸ਼ਨਾਖਤੀ ਕਾਰਡ ਤੇ 13000 ਹਜ਼ਾਰ ਖੋਹੇ
ਪੱਟੀ, 4 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਚੋਰਾਂ, ਲੁਟੇਰਿਆਂ ਨੂੰ ਕਾਬੂ ਕਰਕੇ ਸਜ਼ਾ ਦੇਣ ਵਾਲੀ ਪੁਲਿਸ ਨੂੰ ਲੁਟੇਰਿਆਂ ਵਲੋਂ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਹੈ।ਇਹ ਘਟਨਾ ਪੱਟੀ ਇਲਾਕੇ ਦੀ ਹੈ, ਜਿਥੇ ਰੋਜ਼ਾਨਾ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ।ਤਾਜ਼ੀ ਘਟਨਾ ਗੋਇਦਵਾਲ ਸਾਹਿਬ ਥਾਣੇ `ਚ ਤੈਨਾਤ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਨਾਲ ਬੀਤੀ ਸ਼ਾਮ 6:30 ਵਜ਼ੇ ਵਾਪਰੀ।ਹੈਡ ਕਾਂਸਟੇਬਲ ਗੁਲਜ਼ਾਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪੂਨੀਆਂ (ਨੇੜੇ ਘਰਿਆਲਾ) ਨੇ ਦੱਸਿਆ ਕਿ ਉਹ ਬੀਤੀ ਸ਼ਾਮ ਡਿਊਟੀ ਖਤਮ ਕਰਕੇ ਆਪਣੇ ਮੋਟਰ ਸਾਈਕਲ `ਤੇ ਵਾਪਸ ਸਰਹਾਲੀ ਰਾਹੀਂ ਪਿੰਡ ਪੂਨੀਆ ਜਾ ਰਿਹਾ ਸੀ ਤਾਂ ਪਿੰਡ ਬੁਰਜ਼ਾਂ ਨੇੜੇ ਕੁੱਝ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਦੇ ਸੱਜੇ ਗੁੱਟ `ਤੇ ਦਾਤਰ ਮਾਰ ਕੇ ਜਖਮੀ ਕਰ ਦਿੱਤਾ ਤੇ ਉਸ ਦੀਆਂ ਦੋ ਉਂਗਲੀਆਂ ਵੀ ਜਖਮੀ ਹੋ ਗਈਆਂ। ਗੁਲਜ਼ਾਰ ਸਿੰਘ ਨੇ ਕਿਹਾ ਕਿ ਲੁਟੇਰੇ ਉਸ ਦਾ ਮੋਬਾਇਲ ਫੋਨ, ਸ਼ਨਾਖਤੀ ਕਾਰਡ ਅਤੇ 13000 ਹਜ਼ਾਰ ਰੁਪਏ ਨਗਦੀ ਖੋਹ ਕੇ ਮੌਕੇ ਤੋ ਫਰਾਰ ਹੋ ਗਏ।ਇਸ ਘਟਨਾ ਨਾਲ ਸਹਿਰ ਵਾਸੀਆਂ ਵਿਚ ਸਹਿਮ ਪਾਇਆ ਜਾ ਰਿਹਾ ਹੈ ਅਤੇ ਇਸ ਗੱਲ ਦੀ ਖਾਸ ਚਰਚਾ ਹੋ ਰਹੀ ਹੈ ਕਿ ਜੇਕਰ ਪੁਲਿਸ ਮੁਲਾਜਮ ਜਾਂ ਅਫਸਰ ਹੀ ਸੁਰਖਿਅਤ ਨਹੀ ਤਾਂ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ।ਹੈਡ ਕਾਂਸਟੇਬਲ ਵਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
Punjab Post Daily Online Newspaper & Print Media