ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਉਣਾ ਦੱਸਿਆ ਮਜ਼ਬੂਰੀ
ਸੰਦੌੜ, 7 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਪੰਜਾਬ ਸਰਕਾਰ ਅਤੇ ਕੌਮੀ ਗਰੀਨ ਟਿ੍ਰਬਿਊਨਲ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕਿਹਾ ਸੀ ਅਤੇ ਆਦੇਸ਼ ਦਿੱਤੇ ਸਨ ਕਿ ਜੇ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਲਾਵੇਗਾ ਤਾਂ ਉਸ ‘ਤੇ ਬਣਦੀ ਕਾਰਵਾਈ ਹੋਵੇਗੀ, ਪਰ ਫਿਰ ਵੀ ਕਿਸਾਨ ਜਥੇਬੰਦੀਆਂ ਦੇ ਰੋਹ ਨੂੰ ਦੇਖ ਸਰਕਾਰ ਦੀ ਫ਼ੂਕ ਨਿਕਲ ਗਈ ਹੈ। ਕਿਸਾਨਾਂ ਵੱਲੋਂ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ ਆਏ ਦਿਨ ਹੀ ਸਵੇਰੇ-ਸ਼ਾਮ ਵੇਲੇ ਕਾਫ਼ੀ ਧੰੁਦ ਨੁਮਾ ਧੰੂਆਂ ਹੋ ਜਾਂਦਾ ਹੈ ਜੋ ਅਨੇਕਾਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸਵੇਰੇ-ਸਵੇਰੇ ਜਦੋਂ ਲੋਕ ਸੈਰ ਨੂੰ ਬਾਹਰ ਨਿਕਲਦੇ ਹਨ ਤਾਂ ਹੈਰਾਨੀ ਹੁੰਦੀ ਹੈ ਕਿ 10-15 ਫੁੱਟ ਤੱਕ ਕੁੱਝ ਨਜ਼ਰ ਨਹੀਂ ਆਉਂਦਾ ਅਤੇ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਹੁੰਦੀ ਹੈ। ਧੰੂਏਂ ਕਾਰਨ ਹੋਣ ਵਾਲੇ ਖੰਘ, ਬੁਖ਼ਾਰ, ਨਜ਼ਲੇ ਅਤੇ ਵਾਇਰਲ ਨੇ ਲੋਕਾਂ ਦੀ ਜਾਨ ਕੱਢ ਰੱਖੀ ਹੈ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਵਧ ਰਹੀ ਹੈ, ਜਿਨਾਂ ਵਿੱਚ ਜ਼ਿਆਦਾਤਰ ਮਰੀਜ਼ ਧੰੂਏਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਪੀੜਤ ਹਨ।
ਸਰਕਾਰ ਪ੍ਰਤੀ ਏਕੜ 2000/- ਰੁਪਏ ਬੋਨਸ ਦੇਵੇ – ਕਿਸਾਨ
ਇਸ ਸਬੰਧੀ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਧੂੰਏਂ ਨਾਲ ਅਨੇਕਾਂ ਬਿਮਾਰੀਆਂ ਪੈਦਾ ਹੁੰਦੀਆਂ ਹਨ, ਪਰ ਹੁਣ ਖੇਤੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ, ਜਿਸ ਕਰ ਕੇ ਕਿਸਾਨ ਦਿਨ-ਪ੍ਰਤੀ-ਦਿਨ ਆਰਥਿਕ ਸੰਕਟ ਵਿੱਚ ਜਕੜਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਜੇਕਰ ਸਰਕਾਰ ਉਨਾਂ ਨੂੰ ਖੇਤੀ ਨਾਲ ਸਬੰਧਿਤ ਸਬਸਿਡੀ ਦੇਵੇ ਜਾਂ ਪ੍ਰਤੀ ਏਕੜ 2000/- ਰੁਪਏ ਬੋਨਸ ਦੇਵੇ ਤਾਂ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰੰਤੂ ਸਰਕਾਰ ਵਲੋਂ ਕਿਸੇ ਕਿਸਮ ਦੀ ਸਹਾਇਤਾ ਨਾ ਮਿਲਣ ਕਰ ਕੇ ਕਿਸਾਨਾਂ ਨੂੰ ਮਜਬੂਰੀ ਵੱਸ ਅੱਗ ਲਗਾਉਣੀ ਪੈ ਰਹੀ ਹੈ।
ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਕਰ ਰਹੀਆਂ ਦੂਸ਼ਿਤ – ਡਾ. ਸੰਦੀਪ ਚੋਪੜਾ
ਇਸ ਸਬੰਧੀ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਪੈਸ਼ਲਿਸਟ ਡਾਕਟਰ ਸੰਦੀਪ ਚੋਪੜਾ ਨੇ ਦੱਸਿਆ ਕਿ ਪਰਾਲੀ ਦੇ ਧੂੰਏਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ ਆਦਿ ਵਾਤਾਵਰਨ ਨੂੰ ਦੂਸ਼ਿਤ ਕਰ ਰਹੀਆਂ ਹਨ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ।ਉਨਾਂ ਕਿਹਾ ਕਿ ਇਸ ਨਾਲ ਬੱਚਿਆਂ, ਬਜ਼ੁੱਰਗਾਂ ਅਤੇ ਦਮੇ ਦੇ ਰੋਗੀਆਂ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਪੈਦਾ ਹੁੰਦੀ ਹੈ ਅਤੇ ਅੱਖਾਂ ਅਤੇ ਗਲੇ ਵਿਚ ਜਲਨ ਦੀ ਸਮੱਸਿਆ ਵਧ ਜਾਂਦੀ ਹੈ।ਉਨਾਂ ਕਿਹਾ ਕਿ ਪਰਾਲੀ ਨੂੰ ਸਾੜਣ ਤੋਂ ਬਾਅਦ ਧੂੰਏਂ ਤੋਂ ਹਵਾ ਵਿਚ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਆਲਸੀ ਤਪਸ਼ ਦਾ ਖ਼ਤਰਾ ਵੀ ਵਧ ਜਾਂਦਾ ਹੈ।
Punjab Post Daily Online Newspaper & Print Media