ਅੰਮ੍ਰਿਤਸਰ ਵਿਚ ਸਟੇਟ ਕੈਂਸਰ ਇੰਸਟੀਚਿੳੂਟ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ ਵਿਚ 5 ਨਵੇਂ ਮੈਡੀਕਲ ਕਾਲਜ ਖੋਲੇ ਜਾਣਗੇ ਅਤੇ ਮੁਹਾਲੀ ਵਿਚ ਛੇਤੀ ਹੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਪੰਜਾਬ ਵਿਚ 60 ਸਾਲ ਦੇ ਅਰਸੇ ਬਾਅਦ ਬਣਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ।ਅੱਜ ਮੈਡੀਕਲ ਕਾਲਜ ਅੰਮਿ੍ਰਤਸਰ ਵਿਚ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਕੈਂਸਰ ਇਸਟੀਚਿੳੂਟ ਦਾ ਨੀਂਹ ਪੱਥਰ ਅਤੇ ਗੁਰੂ ਨਾਨਕ ਹਸਪਤਾਲ ਦੇ ਪ੍ਰਬੰਧਕੀ ਬਲਾਕ ਅਤੇ ਅਤਿ ਆਧੁਨਿਕ ਐਡੀਟੋਰੀਅਮ ਦਾ ਉਦਘਾਟਨ ਕਰਨ ਮਗਰੋਂ ਡਾਕਟਰਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਪ੍ਰੋਫਸਰਾਂ ਦੀਆਂ ਸਾਰੀਆਂ ਸੀਟਾਂ ਛੇਤੀਆਂ ਪੁਰ ਕੀਤੀਆਂ ਜਾਣਗੀਆਂ ਅਤੇ ਇਸ ਲਈ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਪ੍ਰੋਫਸਰਾਂ ਦੇ ਤਨਖਾਹ ਸਕੇਲ ਵੀ ਸੋਧੇ ਜਾਣਗੇ, ਤਾਂ ਜੋ ਉਹ ਸਰਕਾਰੀ ਨੌਕਰੀ ਵੱਲ ਆਕਰਸ਼ਿਤ ਹੋਣ।
ਉਨਾਂ ਡਾਕਟਰੀ ਅਮਲੇ ਨੂੰ ਭਰੋਸਾ ਦਿੱਤਾ ਕਿ ਡਾਕਟਰਾਂ ਦਾ ਪ੍ਰੋਮੋਸ਼ਨ ਚੈਨਲ ਬਾਕਾਇਦਾ ਕੰਮ ਕਰਗੇ ਅਤੇ ਕਿਸੋ ਨਾਲ ਪ੍ਰੋਮੋਸ਼ਨ ਵਿਚ ਬੇਇਨਸਾਫੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਦਾ ਹੱਕ ਮਾਰਿਆ ਜਾਵੇਗਾ।ਉਨਾਂ ਕਿਹਾ ਕਿ ਸਿਹਤ ਵਿਭਾਗ ਵਿਚ ਲੱਗਾ ਅਮਲਾ ਬੇਖੌਫ ਅਤੇ ਸੁਹਿਰਦਤਾ ਦੇ ਆਪਣੀ ਨੌਕਰੀ ਕਰੇ, ਤਾਂ ਕਿ ਡਾਕਟਰੀ ਪੇਸ਼ੇ ਦੇ ਕੰਮ-ਕਾਜ ’ਤੇ ਬੀਤੇ ਸਮੇਂ ਤੋਂ ਉਠ ਰਹੇ ਸਵਾਲਾਂ ਨੂੰ ਦੂਰ ਕੀਤਾ ਜਾ ਸਕੇ।ਉਨਾਂ ਸਰਕਾਰ ਵੱਲੋਂ ਭਰੋਸਾ ਦਿੰਦੇ ਕਿਹਾ ਕਿ ਸਿਹਤ ਦੇ ਖੇਤਰ ਵਿਚ ਕਿਸੇ ਤਰਾਂ ਦੀ ਰਾਜਸੀ ਦਖਲਅੰਦਾਜੀ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਮੈਡੀਕਲ ਕਾਲਜ ਕੰਪਲੈਕਸ ਵਿਚ ਚੱਲ ਰਹੇ ਇਮਾਰਤੀ ਕੰਮਾਂ ਲਈ 70 ਕਰੋੜ ਰੁਪਏ ਦੇਣ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਪਲੈਕਸ ਨੂੰ ਵਾਈ-ਫਾਈ ਕਰਨ ਦਾ ਐਲਾਨ ਵੀ ਕੀਤਾ।70 ਕਰੋੜ ਰੁਪਏ ਦੀ ਐਲਾਨੀ ਰਾਸ਼ੀ ਵਿਚੋਂ ਬ੍ਰਹਮ ਮਹਿੰਦਰਾ ਨੇ 32 ਕਰੋੜ ਰੁਪਏ ਚੱਲ ਰਹੇ ਵਿੱਤੀ ਵਰੇ ਲਈ ਜਾਰੀ ਵੀ ਕਰ ਦਿੱਤੇ।ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿੳੂਟ ਉਤੇ 115 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਵਿਚ ਕੈਂਸਰ ਦੇ ਮਰੀਜਾਂ ਲਈ 150 ਬੈਡ ਦਾ ਹਸਪਤਾਲ ਬਣਗੇ, ਜਿੱਥੇ ਰੇਡੀਓ ਥਰੈਪੀ ਦੇ ਅਤਿ ਆਧੁਨਿਕ ਉਪਕਰਨ ਨਾਲ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਉਨਾਂ ਇਸ ਮੌਕੇ ਵਿਦਿਆਰਥੀਆਂ ਅਤੇ ਹਸਪਤਾਲ ਦੇ ਹੋਰ ਕਰਮਚਾਰੀਆਂ ਨਾਲ ਖੁੱਲ ਕੇ ਗੱਲਾਂ ਵੀ ਕੀਤੀਆਂ ਅਤੇ ਉਨਾਂ ਕੋਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਸੁਝਾਅ ਵੀ ਲਏ।
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਬੋਧਨ ਕਰਦੇ ਹੋਏ ਸਿਹਤ ਸਹੂਲਤਾਂ ਵਿਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦੇ ਕਿਹਾ ਕਿ ਹਸਪਤਾਲਾਂ ਲਈ ਫੰਡ ਜਾਰੀ ਕਰਨ ਦੇ ਨਾਲ-ਨਾਲ ਇਥੇ ਕੰਮ ਕਰਨ ਵਾਲੇ ਅਮਲੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਵਿਧਾਇਕ ਤਰਸੇਮ ਸਿੰਘ ਡੀ.ਸੀ ਨੇ ਆਪਣੇ ਸੰਬੋਧਨ ਵਿਚ ਕੈਂਸਰ ਇੰਸਟੀਚਿੳੂਟ ਲਈ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਮੈਡਕਲ ਕਾਲਜ ਤੇੇਜਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ ਅਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ।ਇਸ ਮੌਕੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜੁਗਲ ਕਿਸ਼ੋਰ, ਪੁਨੀਤ ਗਿਰਧਰ, ਸਿਵਲ ਸਰਜਨ ਸ੍ਰੀਮਤੀ ਨਰਿੰਦਰ ਕੌਰ, ਡਾ. ਕੇ.ਡੀ ਸਿੰਘ, ਡਾ. ਰਾਮ ਸਰੂਪ, ਕ੍ਰਿਸ਼ਨ ਕੁਮਾਰ ਕੁੱਕੂ, ਪਿੰਸੀਪਲ ਜੀਵਨ ਲਤਾ, ਪਾਲ ਸਿੰਘ ਬਮਰਾਹ ਕਨਵੀਨਰ ਓ.ਬੀ.ਸੀ ਸੈਲ, ਡਾ. ਰੋਹਿਤ ਪੁਰੀ ਅਤੇ ਹੋਰ ਹਸਤੀਆਂ ਵੀ ਹਾਜ਼ਰ ਸਨ।ਇਸ ਉਪਰੰਤ ਸਿਹਤ ਮੰਤਰੀ ਨੇ ਡੈਂਟਲ ਕਾਲਜ ਵਿਖੇ ਵਿਦਿਆਰਥੀਆਂ ਅਤੇ ਸਟਾਫ ਨੂੰ ਵੀ ਸੰਬੋਧਨ ਕੀਤਾ।
Punjab Post Daily Online Newspaper & Print Media