ਅੰਮ੍ਰਿਤਸਰ, 9 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਜ਼ਿਲਾ ਤੇ ਸੈਸ਼ਨਜ਼ ਜੱਜ ਕਮ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਰਮਜੀਤ ਸਿੰਘ ਕੰਗ ਨੇ ਅੱਜ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰਾਸ਼ਟਰੀ ਕਾਨੂੰਨੀ ਸਾਖਰਤਾ ਦਿਵਸ ਮੌਕੇ ਸ਼ੁਰੂ ਕੀਤੀ ਗਈ ‘ਕੁਨੈਕਟਿੰਗ ਟੂ ਸਰਵ’ (ਸੇਵਾ ਲਈ ਜੁੜੋ) ਜਨ ਚੇਤਨਾ ਮੁਹਿੰਮ ਦੀ ਮੋਟਰ ਸਾਈਕਲ ਰੈਲੀ ਦਾ ਆਗ਼ਾਜ਼ ਕਰਦਿਆਂ ਆਖਿਆ ਕਿ ਇਸ ਮੁਹਿੰਮ ਤਹਿਤ ਕਾਨੂੰਨੀ ਸਾਖਰਤਾ ਪੈਦਾ ਕਰਨ ਦੇ ਨਾਲ-ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ ਜਾਣਗੀਆਂ ਅਤੇ ਉਨਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।
ਸਥਾਨਕ ਕੋਰਟ ਕੰਪਲੈਕਸ ਤੋਂ ਸ਼ੁਰੂ ਕੀਤੀ ਗਈ ਇਸ ਮੋਟਰ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਉਨਾਂ ਆਖਿਆ ਕਿ ਇਸ ਵਾਰ ਰਾਸ਼ਟਰੀ ਕਾਨੂੰਨੀ ਸਾਖਰਤਾ ਦਿਵਸ ਨੂੰ 9 ਨਵੰਬਰ ਤੋਂ 18 ਨਵੰਬਰ ਤੱਕ 10 ਦਿਨਾਂ ਲਈ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ, ਪੈਰਾ ਲੀਗਲ ਵਾਲੰਟੀਅਰਾਂ ਵੱਲੋਂ ਜਿੱਥੇ ਲੋਕਾਂ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਦੱਸਿਆ ਜਾਵੇਗਾ,ਉੱਥੇ ਨਾਲ ਹੀ ਸਰਵੇਖਣ ਕਰਕੇ, ਉਨਾਂ ਦੀਆਂ ਮੁਸ਼ਕਿਲਾਂ ਵੀ ਪੁੱਛੀਆਂ ਜਾਣਗੀਆਂ।ਉਨਾਂ ਆਖਿਆ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕਾਨੂੰਨੀ ਸਾਖਰਤਾ ਦੇ ਨਾਲ-ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕੱਢ ਕੇ, ਉਨਾਂ ਨਾਲ ਸਾਂਝ ਪਾਉਣ ਦੀ ਇਸ ਵਾਰ ਤੋਂ ਨਵੀਂ ਪਿਰਤ ਪਾਈ ਗਈ ਹੈ, ਜੋ ਕਿ ਆਮ ਲੋਕਾਂ ਲਈ ਲਾਹੇਵੰਦ ਰਹੇਗੀ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸਰਾਹਨਾ ਕਰਦੇ ਆਖਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਲੋਕਾਂ ਤੱਕ ਸਹੀ ਰੂਪ ਵਿੱਚ ਪਹੁੰਚਾਉਣ ਲਈ ਅਜਿਹੀਆਂ ਜਾਗਰੂਕ ਮੁਹਿੰਮਾਂ ਸਾਰਥਿਕ ਸਿੱਧ ਹੋਣਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ, ਡੀ.ਸੀ.ਪੀ ਏ.ਐਸ ਪਵਾਰ, ਸਕੱਤਰ ਜਿਲਾ ਕਾਨੂੰਨੀ ਸੇਵਾ ਅਥਾਰਟੀ ਮੈਡਮ ਮੋਨਿਕਾ ਸ਼ਰਮਾ, ਐਡਵੋਕੇਟ ਪ੍ਰਦੀਪ ਸੈਣੀ, ਪ੍ਰਧਾਨ ਬਾਰ ਐਸ਼ੋਸੀਏਸ਼ਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media