ਗਹਿਰੀ ਮੰਡੀ, 9 ਨਵੰਬਰ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਸਥਾਨਕ ਕਸਬਾ ਗਹਿਰੀ ਮੰਡੀ ਵਿਖੇ ਮਿੱਡ ਡੇ ਮੀਲ ਵਰਕਰ ਯੂਨੀਅਨ ਵਲੋਂ ਸ੍ਰੀਮਤੀ ਹਰਜਿੰਦਰ ਕੌਰ ਗਹਿਰੀ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਖਿਲਾਫ ਉਲੀਕੇ ਐਕਸ਼ਨ ਤਹਿਤ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁੱਤਲਾ ਫੂਕਿਆ ਗਿਆ।ਜਿਸ ਦੌਰਾਨ ਸੁਬਾਈ ਆਗੂ ਮਮਤਾ ਸ਼ਰਮਾ ਨੇ ਆਪਣੇ ਸਾਥੀਆਂ ਨੂੰ ਸੰਬੋਧਨੀ ਭਾਸ਼ਣ `ਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਰਕਰਾਂ ਦੇ ਮੇਹਨਤਾਨੇ `ਚ 500 ਰੁਪਏ ਦਾ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ 1700 ਪ੍ਰਤੀ ਮਹੀਨੇ `ਤੇ ਕੰਮ ਕਰਵਾ ਕੇ ਵਰਕਰਾਂ ਦਾ ਆਰਥਿਕ ਸੋਸ਼ਣ ਕੀਤਾ ਜਾ ਰਿਹਾ ਹੈ।ਉਨਾ ਨੇ ਕਿਹਾ ਵਰਕਰਾਂ ਤੋਂ ਕੰਮ 11 ਮਹੀਨੇ ਲਿਆ ਜਾ ਰਿਹਾ ਹੈ, ਪਰ ਤਨਖਾਹ 10 ਮਹੀਨੇ ਦੀ ਦਿੱਤੀ ਜਾ ਰਹੀ ਹੈ, ਜੋ ਕਿ ਸਰਾਸਰ ਬੇਇਨਸਾਫੀ ਹੈ।ਉਨਾ ਨੇ ਵਰਕਰਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਦੇਖਣ `ਚ ਆ ਰਿਹਾ ਹੈ ਕਿ ਮਹਿਕਮੇਂ ਦੀ ਨਲਾਇਕੀ ਕਰਕੇ ਦੂਸਰਿਆਂ ਵਿਭਾਗਾਂ ਦੀ ਤਰਜ਼ `ਤੇ ਇੰਨਾ ਵਰਕਰਾਂ ਨੂੰ ਹਰ ਮਹੀਨੇ ਤਨਖਾਹ ਸਮੇਂ ਸਿਰ ਨਾ ਦੇ ਕੇ ਸਿਖਿਆ ਵਿਭਾਗ ਮਨਮਾਨੀਆਂ ਕਰਕੇ ਵਰਕਰਾਂ ਦੀ ਮੇਹਨਤ ਨੂੰ ਡਕਾਰਨ ਦਾ ਅਪਰਾਧ ਕਰ ਰਿਹਾ ਹੈ। ਉਨਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਹਿਜ਼ੇ `ਚ ਕਿਹਾ ਕਿ ਮਿਡ ਡੇ ਮੀਲ ਵਰਕਰਾਂ ਦੀ ਤਨਖਾਹ ਹਰ ਮਹੀਨੇ ਦਿੱਤੇ ਜਾਣ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਰਹਿੰਦੇ ਬਕਾਏ ਬਿਨਾ ਦੇਰੀ ਜਾਰੀ ਕਰਨ ਦੇ ਆਦੇਸ਼ ਸਬੰਧਿਤ ਅਧਿਕਾਰੀ ਨੂੰ ਦਿੱਤੇ ਜਾਣ।ਉਨਾ ਨੇ ਇਹ ਮੁੱਦਾ ਵੀ ਉਠਾਇਆ ਹੈ ਕਿ ਵਰਕਰਾਂ ਤੋਂ ਵਾਧੂ ਕੰਮ ਨਾ ਲਿਆ ਜਾਵੇ ਅਤੇ ਸਕੂਲਾਂ `ਚ ਬਣਾਏ ਜਾਣ ਵਾਲੇ ਮਿਡ ਡੇ ਮੀਲ ਖਾਣੇ ਨੂੰ ਬਣਾਉਂਣ ਲਈ ਗੈਸ ਸਿਲੰਡਰਾਂ ਦੀ ਲੋੜ ਨੂੰ ਪੂਰਿਆਂ ਕੀਤਾ ਜਾਵੇ।ਇਸ ਮੌਕੇ ਇਸ ਮਨਜੀਤ ਕੌਰ ਮਾਨਾਵਾਲਾ,ਰਾਜਵਿੰਦਰ ਕੌਰ ਚੋਗਾਵਾ, ਰਾਜਵਿੰਦਰ ਕੌਰ ਨਵਾਂਪਿੰਡ, ਰਾਜਵਿੰਦਰ ਕੌਰ ਮੱਲੀਆ ਆਦਿ ਵੀ ਮੌਜੂਦ ਸਨ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media