ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਲੋਂ ਜ਼ਿਲਾ ਤਰਨਤਾਰਨ ਦੇ `ਓਟ ਕਲੀਨਿਕ` ਦਾ ਦੌਰਾ
ਤਰਨਤਾਰਨ, 10 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਨਸ਼ੇ ਦੇ ਖ਼ਾਤਮੇ ਲਈ ਪਬਲਿਕ ਨੁਮਾਇੰਦਿਆਂ ਨੂੰ ਨਾਲ ਲੈ ਕੇ ਵੱਡੀ ਪੱਧਰ ’ਤੇ ਜਨਤਕ ਮੁਹਿੰਮ ਚਲਾਈ ਜਾਵੇਗੀ ਅਤੇ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਣਗੇ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਨੇ ਅੱਜ ਨਸ਼ਾ ਛੁਡਾਓ ਅਤੇ ਮੁੜ ਵਸੇਬਾ ਕੇਂਦਰ ਪਿੰਡ ਠਰੂ `ਚ ਸਥਾਪਿਤ ‘‘ਓਟ ਕਲੀਨਿਕ’’ (ਆੳੂਟ ਪੇਸ਼ੈਂਟ ਉਪੀਆਡ ਅਸਿਸਟਡ ਟਰੀਟਮੈਂਟ) ਦਾ ਦੌਰਾ ਕਰਨ ਉਪਰੰਤ ਕੀਤਾ।
ਇਸ ਮੌਕੇ ਉਨਾਂ ਕਿਹਾ ਕਿ ਰਾਜ ਵਿੱਚ ਨਸ਼ੇ ਦੇ ਨਾਮੁਰਾਦ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਇਲਾਜ ਕਰਕੇ ਉਨਾਂ ਨੂੰ ਇੱਜਤਦਾਰ ਜਿੰਦਗੀ ਦੇਣਾ ਰਾਜ ਸਰਕਾਰ ਦਾ ਮੁੱਖ ਮੰਤਵ ਹੈ।ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਨਸ਼ਾ ਛੁਡਾੳੂ ਅਤੇ ਮੁੜ ਵਸੇਬਾ ਕੇਂਦਰਾਂ ਰਾਹੀਂ ਨਸ਼ੇ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਲੋਕਾਂ ਦਾ ਇਲਾਜ ਕਰਕੇ ਉਨਾਂ ਨੂੰ ਸਮਾਜ ਵਿੱਚ ਸਵੈ-ਮਾਨ ਨਾਲ ਜਿੰਦਗੀ ਜਿੳੂਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਤਿੰਨ ਜ਼ਿਲਿਆਂ ਮੋਗਾ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ‘ਓਟ ਕਲੀਨਿਕ’ ਪਾਇਲਟ ਪ੍ਰੋਜੈਕਟ ਦੇ ਤੌਰ ’ਤੇ ਸ਼ੁਰੂ ਕੀਤੇ ਗਏ ਹਨ, ਜਿੰਨਾਂ ਨੂੰ ਬਾਅਦ ਵਿੱਚ ਰਾਜ ਦੇ ਬਾਕੀ ਜ਼ਿਲਿਆਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ ਇਸ ਇਲਾਜ ਪ੍ਰਣਾਲੀ ਤਹਿਤ ਮਰੀਜ ਨੂੰ ਹਸਪਤਾਲ ਦਾਖਲ ਨਹੀਂ ਕੀਤਾ ਜਾਵੇਗਾ, ਬਲਕਿ ਰੋਜ਼ਾਨਾ ਦਵਾਈ ਖਵਾ ਕੇ ਘਰ ਭੇਜ ਦਿੱਤਾ ਜਾਵੇਗਾ, ਜਿਸ ਨਾਲ ਉਹ ਆਪਣੇ ਘਰ ਦੇ ਕੰਮ-ਕਾਰ ਵੀ ਕਰ ਸਕੇਗਾ ਅਤੇ ਇਲਾਜ ਵੀ ਕਰਵਾ ਸਕੇਗਾ।ਉਨਾਂ ਦੱਸਿਆ ਕਿ ਇਹ ਦਵਾਈ ਇਨਾਂ ‘‘ਓਟ ਕਲੀਨਕਾਂ’’ ’ਤੇ ਰੋਜ਼ਾਨਾ ਬਿਲਕੁੱਲ ਮੁਫ਼ਤ ਮਿਲੇਗੀ ਅਤੇ ਸਿਹਤ ਕਰਮਚਾਰੀ ਆਪਣੀ ਹਾਜ਼ਰੀ ਵਿਚ ਮਰੀਜ਼ ਨੂੰ ਇਹ ਦਵਾਈ ਖਵਾਏਗਾ। 
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਭੈੜੀ ਆਦਤ ਵਿਚ ਪੈ ਕੇ ਆਪਣਾ ਭਵਿੱਖ ਖਰਾਬ ਕਰ ਰਹੀ ਨੌਜਵਾਨ ਪੀੜੀ ਨੂੰ ਸਹੀ ਰਸਤੇ ’ਤੇ ਪਾਉਣ ਲਈ ਅਤੇ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਆਜ਼ਾਦ ਕਰਵਾਉਣ ਦੇ ਮਕਸਦ ਨਾਲ ਇਹ ਕਲੀਨਕ ਖੋਲੇ ਗਏ ਹਨ ਤਾਂ ਜੋ ਨਸ਼ੇ ਦੀ ਆਦਤ ਪੀੜਤ ਨੌਜਵਾਨਾਂ ਦਾ ਮੁਫਤ ਇਲਾਜ ਹੋ ਸਕੇ।
ਇਸ ਮੌਕੇ ਪੱਤਰਕਾਰਾਂ ਵੱਲੋਂ ਕੀਤੇ ਗਏ ਸਵਾਲ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਹੋਰ ਅਮਲੇ ਦੀ ਘਾਟ ਨੂੰ ਪੂਰਾ ਕਰਨ ਲਈ ਜਲਦ ਹੀ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਇਸ ਸਬੰਧੀ ਕੋਈ ਵੀ ਉਪਰਾਲਾ ਨਹੀਂ ਕੀਤਾ, ਜਿਸ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪੱਤਰਕਾਰਾਂ ਵੱਲੋਂ ਤਰਨਤਾਰਨ ਸ਼ਹਿਰ ਵਿੱਚ ਟਰੋਮਾ ਸੈਂਟਰ ਨਾ ਹੋਣ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਇਸ ’ਤੇ ਜਲਦ ਹੀ ਵਿਚਾਰ ਕੀਤਾ ਜਾਵੇਗਾ।ਉਨਾਂ ਕਿਹਾ ਕਿ ਰਾਜ ਵਿੱਚ ਐਕਸੀਡੈਂਟ ਪ੍ਰਭਾਵਿਤ ਖੇਤਰਾਂ ਦੇ ਨੇੜੇ ਲੋੜੀਂਦੀਆਂ ਥਾਵਾਂ ’ਤੇ ਵੀ ਟਰੋਮਾ ਸੈਂਟਰ ਖੋਲੇ ਜਾਣਗੇ।ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਰਾਜ ਵਿੱਚ ਲਾਇਸੰਸ ਤੋਂ ਬਿਨਾਂ ਨਿੱਜੀ ਨਸ਼ਾ ਛੁਡਾਊ ਕੇਂਦਰ ਨਹੀਂ ਚੱਲਣ ਦਿੱਤੇ ਜਾਣਗੇ।
ਇਸ ਮੌਕੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਪੱਟੀ ਦੇ ਵਿਧਾਇਕ ਸ੍ਰੀ ਹਰਮਿੰਦਰ ਸਿੰਘ ਗਿੱਲ, ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਿਹਤ ਵਿਭਾਗ ਦੇ ਐਡਸ਼ੀਨਲ ਸੈਕਟਰੀ ਸ੍ਰੀ ਬੀ ਸ੍ਰੀਨੀਵਾਸਨ, ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ, ਐਸ.ਐਸ.ਪੀ ਦਰਸ਼ਨ ਸਿੰਘ ਮਾਨ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਰਾਜੀਵ ਭੱਲਾ, ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਵੀ ਨਾਲ ਸਨ।
Punjab Post Daily Online Newspaper & Print Media