ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵਲੋਂ ‘ਪੰਜਾਬ ਦਿਵਸ’ ਨੂੰ ਸਮਰਪਿਤ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਦੇ ਕਵਿਤਾ-ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਸਾਹਿਤ ਸਭਾ ਇੰਚਾਰਜ ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ ਅਤੇ ਡਾ. ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪ੍ਰਿੰ: ਡਾ. ਮਹਿਲ ਸਿੰਘ ਦੀ ਪ੍ਰੇਰਣਾ ਅਤੇ ਵਿਭਾਗ ਮੁਖੀ ਡਾ. ਸੁਖਬੀਰ ਸਿੰਘ ਦੀ ਅਗਵਾਈ ’ਚ ਸਾਹਿਤ ਸਭਾ ਵਲੋਂ ਪੰਜਾਬ ਦਿਵਸ ਨੂੰ ਸਮਰਪਿਤ ਸਾਹਿਤਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਪ੍ਰੋਗਰਾਮ ਅਧੀਨ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਸਾਹਿਤ ਸਭਾ ਨਾਲ ਜੁੜੇ ਵਿਦਿਆਰਥੀਆਂ ਦਰਮਿਆਨ ਕਵਿਤਾ-ਉਚਾਰਣ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਸ ’ਚ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਮਹਿਮਾਨ ਵਜੋਂ ਸਾਹਿਤਕ ਰੁਚੀਆਂ ਰੱਖਣ ਵਾਲੇ ਸ਼ਹਿਰ ਦੇ ਮਸ਼ਹੂਰ ਈ.ਐਨ.ਟੀ ਡਾ. ਅੰਮ੍ਰਿਤ ਲਾਲ ਅਦਲੱਖਾ ਪਹੁੰਚੇ।ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤ ਜੀਵਨ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਾ ਹੈ ਤੇ ਜੀਵਨ ਦਾ ਹਰ ਖੇਤਰ ਵੀ ਸਾਹਿਤ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਸਾਹਿਤ ਨੂੰ ਜੀਵਨ ਨਾਲੋਂ ਨਿਖੇੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਵਿਅਕਤੀ ਜੀਵਨ ਦੇ ਜਿਸ ਖੇਤਰ ’ਚ ਮਰਜੀ ਮਾਹਿਰ ਬਣੇ, ਜੇਕਰ ਉਸ ਦੀ ਸਾਹਿਤ ਨਾਲ ਸਾਂਝ ਹੈ ਤਾਂ ਉਹ ਯਕੀਨਨ ਇਕ ਚੰਗਾ ਮਾਹਿਰ ਹੋਣ ਦੇ ਨਾਲ-ਨਾਲ ਇਕ ਚੰਗਾ ਵਿਅਕਤੀ ਵੀ ਸਾਬਤ ਹੋਵੇਗਾ।ਇਸ ਮਕਸਦ ਲਈ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੋੜਦੀਆਂ ਹਨ। ਉਨ੍ਹਾਂ ਡਾ. ਅਦਲੱਖਾ ਦੀ ਸਾਹਿਤਕ ਰੁਚੀਆਂ ਰੱਖਣ ਕਰਕੇ ਪ੍ਰਸੰਸਾ ਕੀਤੀ। ਪ੍ਰੋਗਰਾਮ ਦੇ ਪਹਿਲੇ ਹਿੱਸੇ ’ਚ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ ਜਿਸ ’ਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 15 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਆਪਣੀਆਂ ਮੌਲਿਕ ਕਵਿਤਾਵਾਂ ਨੂੰ ਇਸ ਅੰਦਾਜ਼ ’ਚ ਪੇਸ਼ ਕੀਤਾ ਕਿ ਹਾਜ਼ਰ ਸਰੋਤਿਆਂ ਨੇ ਨਵੇਂ ਕਵੀਆਂ ਦੀ ਤਾੜੀਆਂ ਮਾਰ ਕੇ ਖੂਬ ਹੌਂਸਲਾ ਅਫਜਾਈ ਕੀਤੀ।
ਦੂਸਰੇ ਦੌਰ ’ਚ ਭਾਸ਼ਣ ਮੁਕਾਬਲੇ ਹੋਏ ਜਿਸ ’ਚ ਵਿਦਿਆਰਥੀਆਂ ਨੇ ਵੱਖ-ਵੱਖ ਚਲੰਤ ਵਿਸ਼ਿਆਂ ’ਤੇ ਆਪਣੇ ਵਿਚਾਰ ਪੇਸ਼ ਕੀਤੇ। ਦੋਵੇਂ ਮੁਕਾਬਲਿਆਂ ਦੀ ਜੱਜਮੈਂਟ ਅੰਗਰੇਜੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਲੱਖਾ ਸਿੰਘ ਦੁਆਰਾ ਕੀਤੀ ਗਈ। ਕਵਿਤਾ ਮੁਕਾਬਲੇ ’ਚ ਪਹਿਲਾ ਸਥਾਨ ਸਾਹਿਤ ਸਭਾ ਦੇ ਮੈਂਬਰ ਕੰਵਲਪ੍ਰੀਤ ਸਿੰਘ ਨੇ ਦੂਸਰਾ ਸਥਾਨ ਪੁਸ਼ਪਿੰਦਰਜੀਤ ਕੌਰ ਅਤੇ ਤੀਸਰਾ ਸਥਾਨ ਰੇਨੂੰ ਬਾਲਾ ਨੇ ਪ੍ਰਾਪਤ ਕੀਤਾ ਜਦਕਿ ਭਾਸ਼ਣ ਮੁਕਾਬਲੇ ’ਚ ਪਹਿਲਾ ਸਥਾਨ ਨਵਦੀਪ ਕੌਰ ਨੇ ਦੂਸਰਾ ਸਥਾਨ ਪ੍ਰਭਜੋਤ ਕੌਰ ਅਤੇ ਤੀਸਰਾ ਸਥਾਨ ਕੰਵਲਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ।ਪ੍ਰੋਗਰਾਮ ਦੌਰਾਨ ਸਾਹਿਤ ਸਭਾ ਦੀ ਮੈਂਬਰ ਐਮ.ਐਸ.ਸੀ ਜੂਆਲੋਜੀ ਵਿਭਾਗ ਦੀ ਵਿਦਿਆਰਥਣ ਅਮਰਪ੍ਰੀਤ ਕੌਰ ਨੇ ਬਾਖੂਬੀ ਸਟੇਜ ਸੰਚਾਲਨ ਕੀਤਾ।ਉਸ ਨੇ ਵੱਖ-ਵੱਖ ਮੌਕਿਆਂ ’ਤੇ ਪੰਜਾਬੀ ਲੋਕ ਸਾਹਿਤ ਦੀਆਂ ਸਤਰਾਂ ਬੋਲ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ।
ਮੁਕਾਬਲਿਆਂ ਉਪਰੰਤ ਮੁਖ ਮਹਿਮਾਨ ਵਲੋਂ ਜੇਤੂ ਵਿਦਿਆਰਥੀਆਂ ਨੂੰ ਸਰਟੀਫੀਕੇਟ ਅਤੇ ਇਨਾਮ ਵੰਡੇ ਅਤੇ ਵਿਦਿਆਰਥੀਆਂ ਦੀ ਕਲਾ ਦੀ ਵਿਸ਼ੇਸ਼ ਸਰਾਹਨਾ ਕੀਤੀ ਗਈ।ਪ੍ਰੋਗਰਾਮ ਦੇ ਅਖੀਰ ਤੇ ਵਿਭਾਗ ਦੇ ਮੁਖੀ ਡਾ. ਸੁਖਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਸਾਹਿਤ ਸਭਾ ਨੂੰ ਵਿਦਿਆਰਥੀਆਂ ’ਚ ਉਸਾਰੂ ਰੁਚੀਆਂ ਪੈਦਾ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਕਿਹਾ। ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਦਵਿੰਦਰ ਕੌਰ, ਡਾ. ਆਤਮ ਰੰਧਾਵਾ, ਪ੍ਰੋ. ਦਵਿੰਦਰਪਾਲ ਕੌਰ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਹਰਜੀਤ ਕੌਰ, ਡਾ. ਰਾਜਵਿੰਦਰ ਕੌਰ, ਡਾ. ਅਮਨਦੀਪ ਕੌਰ, ਪ੍ਰੋ. ਮਨਪ੍ਰੀਤ ਸਿੰਘ, ਡਾ. ਜਸਬੀਰ ਸਿੰਘ, ਡਾ. ਗੁਰਵਿੰਦਰ ਕੌਰ, ਡਾ. ਜਸਵੀਰ ਕੌਰ, ਡਾ. ਪਲਵਿੰਦਰ ਕੌਰ, ਪ੍ਰੋ. ਰਮਨਦੀਪ, ਡਾ. ਗੁਰਿੰਦਰ ਕੌਰ ਵੀ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media