ਕਿਹਾ ਹਰ ਸਾਲ 21.5 ਕਰੋੜ ਦੀ ਬਿਜਲੀ ਦੀ ਹੋਵੇਗੀ ਬੱਚਤ
ਫਤਿਹਗੜ੍ਹ ਚੂੜੀਆਂ (ਬਟਾਲਾ), 14 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਫਤਿਹਗੜ੍ਹ ਚੂੜੀਆਂ ਤੋਂ ਨਗਰ ਕੌਂਸਲ ਦਫ਼ਤਰ ਵਿਖੇ ‘ਉਜਾਲਾ ਸਕੀਮ’ ਦੀ ਸ਼ੁਰੁਆਤ ਕੀਤੀ ਗਈ। ਕੈਬਨਿਟ ਮੰਤਰੀ ਬਾਜਵਾ ਵਲੋਂ ਇਸ ਸਕੀਮ ਦੀ ਜ਼ਿਲ੍ਹਾ ਗੁਰਦਾਸਪੁਰ ਵਿਚ ਸ਼ੁਰੂਆਤ ਕਰਦਿਆਂ ਕਿਹਾ ਕਿ ਉਜਾਲਾ ਸਕੀਮ (ਉਨਤ ਜੋਤੀ ਬਾਈ ਅਫੋਰਡੇਬਲ ਐੱਲ.ਈ.ਡੀ ਫਾਰ ਆਲ) ਤਹਿਤ ਐਨਰਜ਼ੀ ਐਫੀਸੈਂਸੀ ਸਰਵਿਸਸ ਲਿਮਟਿਡ (ਈ.ਈ.ਐਸ.ਐਲ.) ਵਲੋਂ ਵਾਜਬ ਕੀਮਤਾਂ ’ਤੇ ਘੱਟ ਬਿਜਲੀ ਖ਼ਪਤ ਕਰਨ ਵਾਲੇ ਐਲ.ਈ.ਡੀ ਬੱਲਬ ਅਤੇ ਹੋਰ ਬਿਜਲੀ ਉਪਕਰਨ ਵੰਡੇ ਜਾਣਗੇ।
ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਊਰਜਾ ਦੀ ਬੱਚਤ ਕਰਕੇ ਅਸੀਂ ਦੇਸ਼ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਕਿਹਾ ਬਿਜਲੀ ਅੱਜ ਦੇ ਯੁੱਗ ਵਿਚ ਸਭ ਤੋਂ ਅਹਿਮ ਲੋੜ ਬਣ ਗਈ ਹੈ ਅਤੇ ਹਰ ਕਾਰਜ ਅਤੇ ਕਾਰੋਬਾਰ ਬਿਜਲੀ ’ਤੇ ਨਿਰਭਰ ਹੋ ਗਿਆ ਹੈ। ਦਿਨੋਂ-ਦਿਨ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਿਆਂ ਕਰਨ ਲਈ ਬਿਜਲੀ ਪੈਦਾਵਾਰ ਕਰਨ ’ਤੇ ਕੁਦਰਤੀ ਸਾਧਨ ਖ਼ਤਮ ਹੋ ਰਹੇ ਹਨ। ਊਰਜਾ ਦੀ ਖ਼ਪਤ ਨੂੰ ਘੱਟ ਕਰਨ ਲਈ ਉਜਾਲਾ ਯੋਜਨਾ ਨੂੰ ਸੂਬੇ ਭਰ ਵਿਚ ਉਪਭੋਗਤਾਵਾਂ ਵੱਲੋਂ ਅਪਨਾਇਆ ਜਾ ਰਿਹਾ ਹੈ ਅਤੇ ਇਸ ਯੋਜਨਾ ਦੇ ਅੰਤਰਗਤ ਈ.ਈ.ਐਸ.ਐਲ ਵਲੋਂ ਹੁਣ ਤੱਕ ਪੰਜਾਬ ਦੇ 10 ਜ਼ਿਲ੍ਹਿਆਂ ਵਿਚ 4 ਲੱਖ ਐਲ.ਈ.ਡੀ ਬਲਬ, ਘੱਟ ਊਰਜਾ ਖ਼ਪਤ ਕਰਨ ਵਾਲੇ 10,000 ਪੱਖੇ ਅਤੇ 25000 ਐਲ.ਈ.ਡੀ. ਟਿਊਬਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਕਰਣਾਂ ਦੇ ਇਸਤੇਮਾਲ ਕਰਨ ਨਾਲ ਹਰ ਸਾਲ 5.4 ਕਰੋੜ ਕਿਲੋ ਵਾਟ ਬਿਜਲੀ ਅਤੇ ਉਪਭੋਗਤਾਵਾਂ ਦੀ ਬਿਜਲੀ ਦੇ ਬਿੱਲਾਂ ਵਿਚ 21.5 ਕਰੋੜ ਰੁਪਏ ਦੀ ਬਚਤ ਹੋਵੇਗੀ।
ਪੇਂਡੂ ਵਿਕਾਸ ਮੰਤਰੀ ਬਾਜਵਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ‘ਉਜਾਲਾ ਸਕੀਮ’ ਦੀ ਸ਼ੁਰੂਆਤ ਕਰਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਇਸ ਯੋਜਨਾ ਦੇ ਤਹਿਤ ਸੂਬੇ ਦੇ ਬਿਜਲੀ ਖ਼ੱਪਤਕਾਰਾਂ ਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਲੋਕ ਵੀ ਬਿਜਲੀ ਦੀ ਬਚਤ ਕਰਕੇ ਆਪਣਾ ਪੈਸਾ ਬਚਾ ਸਕਣਗੇ।ਬਾਜਵਾ ਨੇ ਦਸਿਆ ਕਿ ਇਸ ਉਜਾਲਾ ਸਕੀਮ ਤਹਿਤ 9 ਵਾਟ ਦੇ ਐਲ.ਈ.ਡੀ ਬੱਲਬ ਦੀ ਕੀਮਤ 70 ਰੁਪਏ ਜਦਕਿ ਇਹੀ ਬੱਲਬ ਬਜ਼ਾਰ ਵਿਚੋਂ 250 ਰੁਪਏ ਦਾ ਮਿਲਦਾ ਹੈ।ਉਨ੍ਹਾਂ ਦਸਿਆ ਕਿ 20 ਵਾਟ ਦੀ ਐਲ.ਈ.ਡੀ ਟਿਊਬਲਾਈਟ 220 ਰੁਪਏ ਅਤੇ ਘੱਟ ਊਰਜਾ ਖ਼ਪਤ ਵਾਲੇ ਪਖੇ ਦੀ ਕੀਮਤ 1200 ਰੁਪਏ ਰਖੀ ਗਈ ਹੈ, ਜਦਕਿ ਬਜ਼ਾਰ ਵਿਚ ਇਹ ਮਹਿੰਗੇ ਭਾਅ ਮਿਲਦੇ ਹਨ।ਈ.ਈ.ਐਸ.ਐਲ ਤਿੰਨ ਸਾਲਾਂ ਤੱਕ ਐਲ.ਈ.ਡੀ ਬਲਬ ਅਤੇ ਐਲ.ਈ.ਡੀ ਟਿਊਬਲਾਈਟ ਦੇ ਖ਼ਰਾਬ ਹੋਣ ’ਤੇ ਬਦਲਣ ਦੀ ਗਰੰਟੀ ਦਿੰਦੀ ਹੈ, ਜਦਕਿ ਘੱਟ ਊਰਜਾ ਵਾਲੇ ਪਖੇ ’ਤੇ 2.5 ਸਾਲਾਂ ਦੀ ਗਰੰਟੀ ਦਿੰਦੀ ਹੈ।
ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਬਿਜਲੀ ਬੱਚਤ ਦੀ ਅਹਿਮੀਅਤ ਨੂੰ ਦੇਖਦਿਆਂ ਮੁਲਕ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਬਹੁਤ ਦੂਰ ਅੰਦੇਸ਼ ਆਗੂ ਡਾ. ਮਨਮੋਹਨ ਸਿੰਘ ਨੇ ਸਾਲ 2013 ਵਿੱਚ ਘਰੇਲੂ ਬਚਤ ਯੋਜਨਾ ਸ਼ੁਰੂ ਕੀਤੀ ਸੀ ਜੋ ਹੁਣ ਕੇਂਦਰ ਸਰਕਾਰ ਵੱਲੋਂ ਉਜਾਲਾ ਦੇ ਨਾਂ ਹੇਠ ਚਲਾਈ ਜਾ ਰਹੀ ਹੈ। ਉਜਾਲਾ ਯੋਜਨਾ ਵੀ ਕੇਂਦਰ ਦੀ ਕਾਂਗਰਸ ਸਰਕਾਰ ਦੀ ਦੇਣ ਹੈ ਅਤੇ 5 ਜਨਵਰੀ 2013 ਮਨਮੋਹਨ ਸਰਕਾਰ ਦੀ ਦੇਣ ਹੈ।
ਈ.ਈ.ਐਸ.ਐਲ ਕੰਪਨੀ ਦੇ ਰੀਜਨਲ ਮੈਨੇਜਰ ਨਿਤਿਨ ਭੱਟ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕੰਪਨੀ ਵੱਲੋਂ ਇਹ ਐਲ.ਈ.ਡੀ. ਬਲਬ ਬਿਜਲੀ ਘਰਾਂ ਅਤੇ ਗ੍ਰਾਮ ਸੁਵਿਧਾ ਕੇਂਦਰਾਂ ਵਿਚੋਂ ਖ਼ਰੀਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਕੈਂਪ ਲਗਾ ਕੇ ਇਹ ਉਪਕਰਨ ਵੇਚੇ ਜਾਣਗੇ। ਉਨ੍ਹਾਂ ਕਿਹਾ ਕਿ ਮੁਲਕ ਵਿਚ ਤਕਰੀਬਨ 27 ਕਰੋੜ ਬਲਬ ਤੇ 38 ਲੱਖ ਸਮਾਰਟ ਅੱੈਲ.ਈ.ਡੀ ਟਿਊਬਾਂ ਵਾਲੀਆਂ ਸਟਰੀਟ ਲਾਈਟਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਪੰਜਾਬ ਵਿਚ ਉਜਾਲਾ ਸਕੀਮ ਨੂੰ ਕਾਮਯਾਬ ਕੀਤਾ ਜਾਵੇਗਾ।
ਇਸ ਮੌਕੇ ਐਡਵੋਕੇਟ ਨਵਤੇਜ ਸਿੰਘ ਰੰਧਾਵਾ, ਰਾਜੀਵ ਸੋਨੀ, ਕੇਵਲ ਕ੍ਰਿਸ਼ਨ ਕੌਡੇ ਸ਼ਾਹ, ਕੁਲਵਿੰਦਰ ਸਿੰਘ ਲਾਲੀ, ਪ੍ਰਦੇਸ਼ ਕਾਂਗਰਸ ਸਕੱਤਰ ਸੁਰੇਸ਼ ਬੱਬਲੂ, ਰਜਿੰਦਰ ਸਿੰਘ ਬਿੰਦੂ, ਯੂਥ ਪ੍ਰਧਾਨ ਦਵਿੰਦਰਪਾਲ ਸਿੰਘ ਮੱਘਾ, ਰੋਸ਼ਨ ਜੋਸ਼ਫ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਚੇਅਰਮੈਨ ਸਤਨਾਮ ਸਿੰਘ ਗਿੱਲ, ਰਾਕੇਸ਼ ਲੱਕੀ, ਜ਼ਿਲ੍ਹਾ ਮੀਤ ਪ੍ਰਧਾਨ ਕਿਰਪਾਲ ਸਿੰਘ ਸੰਧੂ, ਕੌਂਸਲਰ ਕੁਲਬੀਰ ਜੋਸ਼ੀ, ਸੁਖਦੇਵ ਸਿੰਘ ਸੰਧੂ, ਸਤਨਾਮ ਸਿੰਘ ਸੱਤੂ, ਅਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਲਾਲੀ ਰੰਧਾਵਾ, ਨਿਸ਼ਾਨ ਸਿੰਘ ਬੰਦੇਸ਼ਾ, ਵਰੁਨ ਕੁੰਦਰਾ, ਪੀ.ਏ ਸਿਕੰਦਰ ਸਿੰਘ, ਡਾ. ਜਸਵੰਤ ਸਿੰਘ ਖਹਿਰਾ, ਸੁਨੀਲ ਮਸੀਹ, ਸੁਖਚੈਨ ਸਿੰਘ, ਡਾ. ਅਨੂਪ ਜਨੋਤਰਾ, ਗੁਰਮੀਤ ਸਿੰਘ ਸ਼ਮਸ਼ੇਰਪੁਰ, ਬਲਦੇਵ ਸਿੰਘ ਬੰਦੇਸ਼ਾ, ਰਿਪਨਜੀਤ ਕਾਹਲੋਂ, ਡਾ. ਸੁਧੀਰ ਸ਼ਰਮਾ, ਮਾਣਾ ਕਾਹਲੋਂ, ਰਣਯੋਧ ਸਿੰਘ ਦਿਓ, ਅਮਰਜੀਤ ਸਿੰਘ ਦਿਓ, ਭੂਸ਼ਨ ਜੋਸ਼ੀ ਆਦਿ ਹਾਜ਼ਰ ਸਨ।
Punjab Post Daily Online Newspaper & Print Media