Saturday, March 14, 2026

ਆਖਿਰ ਕਦੋਂ ਮੁਕੰਮਲ ਹੋਵੇਗਾ ਚੌਕ ਮਹਿਤਾ ਦਾ ਕਮਿਊਨਟੀ ਹੈਲਥ ਸੈਂਟਰ ?

ਚੌੰਕ ਮਹਿਤਾ, 14 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਇਲਾਕੇ ‘ਚ ਸਿਹਤ ਸੇਵਾਵਾਂ ਦੀ ਵੱਡੀ ਕਮੀ ਦੇ ਮੱਦੇਨਜ਼ਰ ਅਕਾਲੀ-ਭਾਜਪਾ PPN1411201724ਸਰਕਾਰ ਵੱਲੋਂ ਆਪਣੇ ਪਿਛਲ਼ੇ ਕਾਰਜਕਾਲ ਸਮੇਂ ਸਥਾਨਕ ਜਲੰਧਰ ਰੋਡ ‘ਤੇ ਮੌਜੂਦਾ ਥਾਣੇ ਸਾਹਮਣੇ ਸੈਂਟਰ ਮਨਜ਼ੂਰ ਕੀਤਾ 30 ਬਿਸਤਰਿਆਂ ਵਾਲਾ ਕਮਿਊਨਟੀ ਹੈਲਥ ਸੈਂਟਰ ਮਨਜ਼ੂਰ ਕੀਤਾ ਗਿਆ ਸੀ, ਜੋ ਸਰਕਾਰੀ ਹੁਕਮਾਂ ਅਨੁਸਾਰ 01/10/2011 ਨੂੰ ਸ਼ੁਰੂ ਹੋ ਕੇ 30/09/2012 ਨੂੰ ਸਮਾਪਤ ਹੋਣਾ ਸੀ, ਪਰ ਅੱਜ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਇਸ ਹਸਪਤਾਲ ਦਾ ਕੰਮ ਵੀ ਮੁਕੰਮਲ ਨਹੀਂ ਹੋ ਸਕਿਆ ਤੇ ਰਹਿੰਦੇ ਕੰਮ ਨੁੰ ਦੇਖਦੇ ਹੋਏ ਇੰਝ ਲੱਗਦਾ ਹੈ ਕਿ ਸਥਾਨਕ ਕਸਬੇ ਦੇ ਲੋਕਾਂ ਨੂੰ ਅਜੇ ਹੋਰ ਸਮਾਂ ਇਸ ਹਸਪਤਾਲ ਦੇ ਖੁੱਲਣ ਦੀ ਉਡੀਕ ਕਰਨੀ ਪਵੇਗੀ।
ਪੀ.ਡਬਲਯੂ.ਡੀ ਮਹਿਕਮੇ ਦੇ ਅਧੀਨ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇਸ ਪ੍ਰਾਜੈਕਟ ਦਾ ਕੰਮ ਬਹੁਤ ਹੀ ਹੌਲੀ ਗਤੀ ਨਾਲ ਚੱਲ ਰਿਹਾ ਹੈ।ਜਿਸ ਦੇ ਚੱਲਦਿਆਂ ਸਥਾਨਕ ਇਲਾਕਾ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਡਾਕਟਰੀ ਸਹਾਇਤਾ ਲਈ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਖਾਸ ਤੌਰ ‘ਤੇ ਰਾਤ ਨੂੰ ਕਿਸੇ ਤਰ੍ਹਾਂ ਦੀ ਐਂਮਰਜੈਂਸੀ ਹੋ ਜਾਵੇ ਤਾਂ ਪਰਿਵਾਰ ਲਈ ਆਪਣੇ ਮਰੀਜ਼ ਦਾ ਇਲਾਜ਼ ਕਰਵਾਉਣਾ ਬਹੁਤ ਔਖਾ ਹੋ ਜਾਂਦਾ ਹੈ, ਕਿਉਂਕਿ ਸਥਾਨਕ ਇਲਾਕੇ ‘ਚ ਰਾਤ ਸਮੇਂ  ਡਾਕਟਰੀ ਸਹਾਇਤਾ ਦੀ ਕਮੀ ਦੇ ਚੱਲਦਿਆ ਮਜ਼ਬੂਰੀ ਵੱਸ ਉਨ੍ਹਾਂ ਨੂੰ ਕਈ ਕਿਲੋਮੀਟਰ ਦੂਰ ਸ਼ਹਿਰ ਵੱਲ ਮੂੂੰਹ ਕਰਨਾ ਪੈਂਦਾ ਹੈ।ਜਿਸ ਕਾਰਨ ਕਈ ਵਾਰ ਮਰੀਜ਼ ਹਸਪਤਾਲ ਤੱਕ ਵੀ ਪਹੁੰਚ ਨਹੀਂ ਪਾਉਂਦਾ ਤੇ ਇਲਾਜ਼ ਖੁਣੋਂ ਰਾਹ ‘ਚ ਹੀ ਦਮ ਤੋੜ ਦਿੰਦਾ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਰਾਤਾਂ ਨੂੰ ਗਹਿਰੀਆਂ ਧੁੰਦਾਂ ਪੈ ਰਹੀਆਂ ਹਨ, ਉਸ ਵੇਲੇ ਅਜਿਹੇ ਹਲਾਤਾਂ ‘ਚ ਸ਼ਹਿਰ ਜਾਣਾ ਹੋਰ ਵੀ ਔਖਾ ਹੋ ਜਾਂਦਾ ਹੈ।
ਇਸ ਮੌਕੇ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਸੂਬਾ ਵਾਈਸ ਪ੍ਰਧਾਨ ਜਥੇਦਾਰ ਕਰਮਜੀਤ ਸਿੰਘ ਲਾਲੀ ਤੇ ਜਿਲ੍ਹਾਂ ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਖੱਬੇ ਰਾਜਪੂਤਾਂ ਨੇ ਕਿਹਾ ਕਿ ਕਸਬੇ ‘ਚ ਭਾਵੇਂ ਪ੍ਰਾਈਵੇਟ ਹਸਪਤਾਲ ਕਾਫੀ ਹਨ, ਪਰ ਮਹਿੰਗੇ ਇਲਾਜ ਨੂੰ ਦੇਖਦੇ ਹੋਏ ਜਿਆਦਾਤਰ ਲੋਕ ਖਾਸ ਤੌਰ ‘ਤੇ ਗਰੀਬ ਵਰਗ ਨੂੰ ਅਜਿਹੇ ਸਰਕਾਰੀ ਹਸਪਤਾਲ ਦਾ ਵੱਡਾ ਆਸਰਾ ਹੁੰਦਾ ਹੈ, ਜਿਥੇ ਉਹ ਥੋੜੇ੍ਹ ਪੈਸਿਆ ‘ਚ ਆਪਣੇ ਮਰੀਜ਼ ਦਾ ਇਲਾਜ ਆਸਾਨੀ ਨਾਲ ਕਰਵਾ ਸਕਦੇ ਹਨ।ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦਾ ਖਮਿਆਜ਼ਾ ਗਰੀਬ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਇਸ ਹਸਪਤਾਲ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਸ਼ਹਿਰ ਦੀ ਬਜਾਏ ਲੋੜੀਦੀ ਡਾਕਟਰੀ ਸਹਾਇਤਾ ਇੱਥੇ ਹੀ ਮਿਲ ਸਕੇ।
ਜਦ ਇੰਜੀਨਅਰ ਇੰਦਰਜੀਤ ਸਿੰਘ ਐਕਸੀਅਨ ਪੀ.ਡਬਲਯੂ.ਡੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕੁੱਝ ਕਾਰਨਾਂ ਕਰਕੇ ਹਸਪਤਾਲ ਦਾ ਕੰਮ ਲੇਟ ਹੋ ਰਿਹਾ ਸੀ, ਪਰ ਹੁਣ ਸਾਰੇ ਮਸਲੇ ਸੁਲਝ ਚੁੱਕੇ ਹਨ ਤੇ ਜਲਦ ਤੋਂ ਜਲਦ ਇਹ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ।
ਕੀ ਕਹਿਣਾ ਹੈ ਹਲਕਾ ਵਿਧਾਇਕ ਡੈਨੀ ਬੰਡਾਲਾ ਦਾ- ਇਸ ਸਬੰਧੀ ਜਦ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨਾਲ  ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਕਦੇ ਦਾ ਮੇਰੇ ਧਿਆਨ ‘ਚ ਸੀ ਤੇ ਮੈਂ ਪਹਿਲਾਂ ਹੀ ਇਸ ਸਬੰਧੀ ਸਖਤ ਨਿਰਦੇਸ਼ ਸਬੰਧਤ ਅਧਿਕਾਰੀਆਂ ਨੂੰ ਜਾਰੀ ਕਰ ਰੱਖੇ ਹਨ।ਉਨ੍ਹਾਂ ਕਿਹਾ ਕਿ ਚੜ੍ਹਦੇ ਸਾਲ ਦੇ ਪਹਿਲੇ ਮਹੀਨੇ ਹੀ ਇਹ ਕਮਿਊਨਟੀ ਹੈਲਥ ਸੈਂਟਰ ਚਾਲੂ ਕਰਕੇ ਇਲਾਕਾ ਨਿਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਜੁੜੇ ਹਰ ਮਸਲੇ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਲਈ ਉਹ ਪੂਰੀ ਤਰ੍ਹਾਂ ਨਾਲ ਵੱਚਨਬੱਧ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply