ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਵੋਟਰ ਸੂਚੀਆਂ ਵਿੱਚ ਸਰਸਰੀ ਸੁਧਾਈ ਸਬੰਧੀ 15 ਨਵੰਬਰ ਤੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ
ਤਹਿਤ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਭਾਸ਼ ਕੁਮਾਰ ਨੇ ਅੱਜ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਤਹਿਸੀਲਦਾਰ ਚੋਣਾ ਸ੍ਰੀ ਰਾਕੇਸ਼ ਥਾਪਰ ਅਤੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2018 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਪ੍ਰੋਗਰਾਮ ਤਹਿਤ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 15 ਨਵੰਬਰ ਨੂੰ ਕੀਤੀ ਜਾਵੇਗੀ। ਇਸ ਸਬੰਧੀ ਦਾਅਵੇ ਤੇ ਇਤਰਾਜ 14 ਦਸੰਬਰ ਤੱਕ ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ਕਿ 18 ਅਤੇ 25 ਨਵੰਬਰ ਨੂੰ ਬੀ.ਐਲ.ਓਜ਼. ਪਿੰਡਾਂ ਵਿੱਚ ਗਰਾਮ ਸਭਾ ਅਤੇ ਸ਼ਹਿਰਾਂ ਵਿੱਚ ਲੋਕਲ ਬਾਡੀਜ਼ ਦਫ਼ਤਰਾਂ ਵਿਖੇ ਵੋਟਰ ਸੂਚੀਆਂ ਪੜ ਕੇ ਸੁਣਾਉਣਗੇ। ਇਸ ਤੋਂ ਇਲਾਵਾ 19 ਅਤੇ 26 ਨਵੰਬਰ ਨੂੰ ਸਪੈਸ਼ਲ ਕੰਪੇਨ ਦੌਰਾਨ ਬੀ.ਐਲ.ਓਜ਼ ਅਤੇ ਬੀ.ਐਲ.ਏ. ਵੱਲੋਂ ਪੋਲਿੰਗ ਸਟੇਸ਼ਨਾਂ ’ਤੇ ਬੈਠ ਕੇ ਸਵੇਰੇ 9 ਵਜੇ ਤੋਂ 5 ਵਜੇ ਤੱਕ ਫਾਰਮ ਪ੍ਰਾਪਤ ਕੀਤੇ ਜਾਣਗੇ। ਉਨਾਂ ਦੱਸਿਆ ਕਿ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 13 ਜਨਵਰੀ 2018 ਨੂੰ ਹੋਵੇਗੀ। ਉਨਾਂ ਦੱਸਿਆ ਕਿ ਵੋਟਰ ਸਰਸਰੀ ਸੁਧਾਈ ਨਾਲ ਸਬੰਧਤ ਫਾਰਮ ਨੰਬਰ 6,6ਏ,7,8 ਅਤੇ 8ਏ ਵਰਤੇ ਜਾਣੇ ਹਨ। ਫਾਰਮ ਨੰਬਰ 6 ਨਵੀਂ ਵੋਟ ਬਣਾਉਣ, ਫਾਰਮ ਨੰਬਰ 6ਏ ਓਵਰਸੀਜ ਵੋਟਰਾਂ ਲਈ ਨਾਮ ਸ਼ਾਮਲ ਕਰਨ ਲਈ ਬਿਨੈ ਪੱਤਰ, ਫਾਰਮ ਨੰਬਰ 7 ਵੋਟਰ ਸੂਚੀ ਵਿੱਚ ਦਰਜ ਨਾਂ ਦੇ ਵਿਰੁੱਧ ਇਤਰਾਜ ਕਰਨ, ਫਾਰਮ ਨੰਬਰ 8 ਵੋਟਰ ਸੂਚੀ ਦੇ ਇਤਰਾਜ ਵਿੱਚ ਸੋਧ ਕਰਨ, ਫਾਰਮ ਨੰਬਰ 8ਏ ਇਕ ਚੋਣ ਹਲਕੇ ਵਿੱਚ ਰਹਿੰਦੇ ਹੋਏ ਇੱਕ ਪੋਲਿੰਗ ਬੂਥ ਤੋਂ ਦੂਜੇ ਪੋਲਿੰਗ ਬੂਥ ਵਿੱਚ ਨਾਮ ਦਰਜ ਕਰਵਾਉਣ ਲਈ ਭਰੇ ਜਾਣੇ ਹਨ।
ਸੁਭਾਸ਼ ਕੁਮਾਰ ਨੇ ਦੱਸਿਆ ਕਿ 1 ਜਨਵਰੀ 2018 ਦੇ ਆਧਾਰ ’ਤੇ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਅਨੁਸਾਰ ਜ਼ਿਲੇ ਵਿੱਚ ਕੁੱਲ 1796001 ਵੋਟਰ ਹਨ, ਜਿੰਨਾਂ ਵਿੱਚ 950750 ਮਰਦ ਵੋਟਰ ਅਤੇ 845194 ਔਰਤ ਅਤੇ 57 ਹੋਰ ਵੋਟਰ ਹਨ। ਉਨਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਬੂਥ ਲੈਵਲ ਏਜੰਟ ਨਿਯੁਕਤ ਕਰਕੇ ਉਨਾਂ ਦੇ ਨਾਵਾਂ ਸਬੰਧੀ ਲਿਸਟ ਜ਼ਿਲਾ ਚੋਣ ਅਫ਼ਸਰ ਦੇ ਦਫ਼ਤਰ ਵਿੱਚ ਭੇਜਣ।ਉਨਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਰ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਫੋਟੋ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਸਬੰਧੀ ਇਕ ਸੀ.ਡੀ ਬਿਨਾਂ ਫੋਟੋ ਵਾਲੀ ਮੁਫ਼ਤ ਸਪਲਾਈ ਕੀਤੀ ਜਾਣੀ ਹੈ ਅਤੇ ਫੋਟੋ ਵੋਟਰ ਸੂਚੀ ਦੇ ਸੈਟ ਅਤੇ ਸੀ.ਡੀ 15 ਨਵੰਬਰ ਤੱਕ ਜ਼ਿਲਾ ਚੋਣ ਦਫ਼ਤਰ ਅੰਮਿ੍ਰਤਸਰ ’ਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media