ਮਹਿਕਮੇ ਦੇ ਅਧਿਕਾਰੀਆਂ ਨੇ ਫੋਨ ਸੁਣਨ ਦੀ ਬਜਾਏ ਕੀਤੇ ਬੰਦ

ਫਾਜਿਲਕਾ, ੨੨ ਜੁਲਾਈ (ਵਿਨੀਤ ਅਰੋੜਾ) – ਇਕ ਪਾਸੇ ਪੰਜਾਬ ਸਰਕਾਰ ਸਮੇਤ ਹੋਰ ਵੱਖ-ਵੱਖ ਸੰੰਸਥਾਵਾਂ ਵੱਲੋਂ ਪੰਜਾਬ ਸੂਬੇ ਨੂੰ ਹਰਾ ਭਰਾ ਬਣਾਉਣ ਅਤੇ ਪ੍ਰਦੂਸ਼ਨ ਕਾਰਨ ਵਿਗੜ ਰਹੇ ਵਾਤਾਵਰਨ ਨੂੰ ਬਚਾਉਣ ਲਈ ਖਾਲੀ ਸਥਾਨਾ ਤੇ ਪੌਦੇ ਲਗਾ ਕੇ ਹਰਿਆਵਲ ਲਹਿਰਾ ਚਲਾਈਆਂ ਜਾ ਰਹੀਆਂ ਹਨ। ਪਰੰਤੂ ਦੂਸਰੇ ਪਾਸੇ ਪੰਜਾਬ ਸਰਕਾਰ ਦੇ ਜੰਗਲਾਤ ਵਿਭਾਗ ਦੇ ਕੁਝ ਮੁਲਾਜਮਾ ਵੱਲੋਂ ਸੁੱਕੇ ਦਰਖਤਾਂ ਦੀ ਆੜ ਹੇਠ ਹਰੇ ਦਰਖਤਾਂ ਨੂੰ ਵਢਾ ਕੇ ਹਰਿਆਵਲ ਲਹਿਰ ਨੂੰ ਵੱਡੀ ਠੇਸ ਪਹੁੰਚਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਮੰਡੀ ਰੋੜਾਂਵਾਲੀ ਦੇ ਨੇੜ ਦੀ ਲੰਘਦੀ ਈਸਟਰਨ ਕੈਨਾਲ ਨਹਿਰ ਦੀ ਬੁਰਜੀ ਨੰਬਰ 215ਤੋਂ 224 ਸੜ੍ਹੀਆਂ ਪੁੱਲ ਤੇ ਮਹਿਕਮੇ ਵੱਲੋਂ ਸੁਕੇ ਰੁੱਖਾ ਦੀ ਨਿਲਾਮੀ ਕਰਵਾ ਕੇ ਪਟਾਈ ਕਰਵਾਈ ਜਾ ਰਹੀ ਹੈ। ਅੱਜ ਦੁਪਹਿਰ ਸਮੇਂ ਇਸ ਜਗ੍ਹਾ ਤੋਂ ਗੁਜਰ ਰਹੇ ਇਸ ਪੱਤਰਕਾਰ ਵੱਲੋਂ ਵੇਖਿਆ ਗਿਆ ਕਿ ਠੇਕੇਦਾਰ ਵੱਲੋਂ ਸੁੱਕੇ ਦਰਖਤਾਂ ਦੇ ਨਾਲ ਸ਼ਰੇਆਮ ਕਿੱਕਰ ਅਤੇ ਟਾਲ੍ਹੀ ਦੇ ਹਰੇ ਦਰਖਤ ਵੀ ਵਢਵਾਏ ਜਾ ਰਹੇ ਸਨ। ਜਦ ਇਸ ਪੱਤਰਕਾਰ ਵੱਲੋਂ ਹਰੇ ਦਰਖਤਾਂ ਦੀ ਕਟਾਈ ਕਰ ਰਹੇ ਮਜਦੂਰਾਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਮਹਿਕਮੇ ਵੱਲੋਂ ਇਨ੍ਹਾਂ ਨੂੰ ਵੱਢਣ ਲਈ ਕਿਹਾ ਗਿਆ ਹੈ। ਜਦ ਇਸ ਸਬੰਧੀ ਸਬੰਧਤ ਠੇਕੇਦਾਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜਦ ਇਸ ਸਬੰਧੀ ਸਬੰਧਤ ਵਣ ਗਾਰਡ ਗੁਰਪ੍ਰੀਤ ਕੌਰ ਨਾਲ ਵਾਰ-ਵਾਰ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਸੁਣਨ ਦੀ ਬਜਾਏ ਆਪਣਾ ਫੋਨ ਬੰਦ ਕਰ ਦਿੱਤਾ। ਜਦ ਇਸ ਸਬੰਧੀ ਰੇਂਜ ਅਫਸਰ ਰਾਮ ਲਾਲ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਸੀ।
Punjab Post Daily Online Newspaper & Print Media