ਸੰਦੌੜ, 15 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) ਬੀਤੀ ਦੇਰ ਰਾਤ ਆਸਮਾਨ ਵਿਚ ਛਾਏ ਬੱਦਲਾਂ ਅਤੇ ਨਾਲ ਹੀ ਪਏ ਮੀਂਹ ਤੋਂ ਬਾਅਦ ਸੰਦੌੜ ਖੇਤਰ ਦੇ
ਲੋਕਾਂ ਨੂੰ ਪ੍ਰਦੂਸ਼ਿਤ ਧੁੰਦ ਤੋਂ ਰਾਹਤ ਮਹਿਸੂਸ ਹੋਈ ਹੈ। ਠੰਡ ਵਿਚ ਭਾਵੇਂ ਹੁਣ ਵਾਧਾ ਹੋ ਗਿਆ ਹੈ, ਪਰ ਮੌਸਮ ਸਾਫ ਹੋਣ ਦੇ ਨਾਲ ਲੋਕ ਆਪੋ ਆਪਣੇ ਕੰਮਾਂ ’ਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 20-25 ਦਿਨਾਂ ਤੋਂ ਪੂਰੇ ਉੱਤਰ ਭਾਰਤ ਵਿੱਚ ਧੁੰਦ ਅਤੇ ਧੂੰਏ ਦਾ ਕਹਿਰ ਸੀ ਅਤੇ ਇਸ ਧੁੰਦ ਦੇ ਕਾਰਨ ਅਨੇਕਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਸਨ। ਮੌਸਮ ਵਿਭਾਗ ਨੇ ਤਾਂ ਚੇਤਾਵਨੀ ਭਰਿਆ ਪੱਤਰ ਵੀ ਜਾਰੀ ਕਰ ਦਿੱਤਾ ਸੀ ਕਿ ਜਿਹੜਾ ਇਸ ਜ਼ਹਿਰੀਲੀ ਧੁੰਦ ਵਿੱਚ ਘੁੰਮੇਗਾ ਤਾਂ ਉਸ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।ਬੀਤੇ ਦਿਨ ਪਏ ਮੀਂਹ ਨੇ ਜਿੱਥੇ ਧੁੰਦ ਤੋਂ ਰਾਹਤ ਦਿਵਾਈ ਹੈ, ਉਥੇ ਹੀ ਆਮ ਜਨਜੀਵਨ ਨੂੰ ਵੀ ਕਾਫੀ ਸੁਖਾਲਾ ਕੀਤਾ ਹੈ।ਮੀਂਹ ਪੈਣ ਤੋਂ ਮਗਰੋਂ ਤਾਪਮਾਨ ਵਿੱਚ ਇਕਦਮ ਭਾਵੇਂ ਗਿਰਾਵਟ ਆਈ ਹੈ, ਪਰ ਮੌਸਮ ਸਾਫ ਹੋਣ ਨਾਲ ਲੋਕ ਠੰਡ ਵਿੱਚ ਸੜਕਾਂ ਅਤੇ ਆਪਣੇ ਕੰਮਾਂਕਾਰਾਂ ਤੇ ਜਾ ਰਹੇ ਹਨ।ਦੂਜੇ ਪਾਸੇ ਵੇਖਿਆ ਜਾਵੇ ਤਾਂ ਕਿਸਾਨਾਂ ਦੀ ਜ਼ਮੀਨ ਦਾ ਵੱਤਰ ਨਾ ਆਉਣ ਕਾਰਨ ਕਣਕ ਦੀ ਬਿਜਾਈ ਨਹੀਂ ਹੋ ਰਹੀ।ਪਰਾਲੀ ਨਾ ਸਾੜਨ ਦੇ ਹੁਕਮਾਂ ਦੇ ਬਾਵਜੂਦ ਕਈ ਕਿਸਾਨ ਪਰਾਲੀ ਨੂੰ ਸਾੜ ਰਹੇ ਹਨ, ਪਰ ਪਰਾਲੀ ਗਿੱਲੀ ਹੋਣ ਕਰਕੇ ਸੜ ਨਹੀਂ ਰਹੀ ਤੇ ਜੇਕਰ ਪਰਾਲੀ ਨਹੀਂ ਸੜਦੀ ਤਾਂ ਕਣਕ ਦੀ ਬਿਜਾਈ ਲਈ ਵਾਹਨ ਤਿਆਰ ਕਰਨਾ ਬਹੁਤ ਔਖਾ ਹੈ।ਕਿਸਾਨਾਂ ਦਾ ਕਹਿਣਾ ਸੀ ਕਿ ਮੀਂਹ ਦੇ ਨਾਲ ਧੁੰਦ ਗਾਇਬ ਹੋ ਗਈ ਹੈ ਅਤੇ ਧੁੱਪਾਂ ਨਿਕਲਣ ਤੇ ਹੀ ਉਹ ਕਣਕ ਦੀ ਬਿਜਾਈ ਕਰ ਸਕਣਗੇ ਨਹੀਂ ਤਾਂ ਬਿਜਾਈ ਪਛੇਤੀ ਪੈ ਗਈ ਤਾਂ ਝਾੜ ਵੀ ਘਟ ਸਕਦਾ ਹੈ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media