ਅੰਮ੍ਰਿਤਸਰ, 15 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਗੁਰੂ ਘਰ ਦੇ ਸੇਵਕ, ਗੁਰਬਾਣੀ ਦੇ ਰਸੀਏ, ਕਹਿਣੀ ਤੇ ਕਰਨੀ ਦੇ ਪੂਰੇ ਅਮਰ ਸ਼ਹੀਦ ਬਾਬਾ ਦੀਪ
ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿਚ ਦੂਰ-ਦੁਰੇਡਿਓਂ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ।ਇਸ ਸਮੇਂ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਕਰਦਿਆਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜੀਵਨ ਭਗਤੀ ਤੇ ਸ਼ਕਤੀ ਦਾ ਅਨੋਖਾ ਸੁਮੇਲ ਸੀ, ਜਿਸ ਤੋਂ ਸਾਨੂੰ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਜੀਵਨ ਜਿਉਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਨੇ ਨੌਜੁਆਨੀ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਪ੍ਰੇਰਨਾ ਵੀ ਕੀਤੀ। ਇਸ ਤੋਂ ਇਲਾਵਾ ਪੰਥ ਪ੍ਰਸਿੱਧ ਢਾਡੀ, ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਤੋਂ ਜਾਣੂੰ ਕਰਵਾਇਆ।
ਇਸ ਦੌਰਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਹੀ ਬਾਅਦ ਦੁਪਹਿਰ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਵਿੰਦਰ ਸਿੰਘ ਤੇ ਭਾਈ ਹਰਵਿੰਦਰ ਸਿੰਘ ਦਿੱਲੀ, ਭਾਈ ਬਲਵਿੰਦਰ ਸਿੰਘ ‘ਰੰਗੀਲਾ’ ਚੰਡੀਗੜ੍ਹ, ਭਾਈ ਮਨਿੰਦਰ ਸਿੰਘ ਸ੍ਰੀਨਗਰ, ਭਾਈ ਗਗਨਦੀਪ ਸਿੰਘ ਗੰਗਾਨਗਰ, ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਹਰਵਿੰਦਰ ਸਿੰਘ ਲਿਟਲ ਬੀਬੀ ਕੌਲਾਂ ਭਲਾਈ ਕੇਂਦਰ, ਭਾਈ ਕੁਲਦੀਪ ਸਿੰਘ ਡੇਹਰਾਦੂਨ, ਭਾਈ ਹਰਜੋਤ ਸਿੰਘ ਜ਼ਖਮੀ ਜਲੰਧਰ, ਬੀਬੀ ਵਿਪਨਪ੍ਰੀਤ ਕੌਰ ਲੁਧਿਆਣਾ, ਭਾਈ ਨਿਰਮਲ ਸਿੰਘ ਨੂਰ ਢਾਡੀ ਜਥਾ, ਵਿਦਿਆਰਥੀ ਸੂਰਮਾ ਸਿੰਘ ਆਸ਼ਮ, ਸੈਂਟਰਲ ਖ਼ਾਲਸਾ ਯਤੀਮਖਾਨਾ ਸ੍ਰੀ ਅੰਮ੍ਰਿਤਸਰ, ਬੀਬੀ ਕਵਲਜੀਤ ਕੌਰ ਕੀਰਤਨੀ ਜਥਾ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਗੁਰਮਤਿ ਸੰਗੀਤ ਵਿਦਿਆਲਾ ਮੀਰਾਂਕੋਟ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਜਾਇਬ ਸਿੰਘ ਅਭਿਆਸੀ, ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਭੂਰੀਵਾਲੇ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸੁਲੱਖਣ ਸਿੰਘ ਭੰਗਾਲੀ ਤੇ ਮਨਜਿੰਦਰ ਸਿੰਘ ਮੰਡ ਮੈਨੇਜਰ, ਗੁਰਪ੍ਰੀਤ ਸਿੰਘ ਮੀਤ ਮੈਨੇਜਰ, ਜਗਜੀਤ ਸਿੰਘ ਤੇ ਬਲਵਿੰਦਰ ਸਿੰਘ ਸੇਵਕ ਜੱਥਾ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media