Sunday, March 15, 2026

ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਜਲਿਆਂਵਾਲਾ ਬਾਗ ਤੇ ਸ੍ਰੀ ਦੁਰਗਿਆਨਾ ਮੰਦਿਰ ਦੇ ਵੀ ਕੀਤੇ ਦਰਸ਼ਨ
ਅੰਮ੍ਰਿਤਸਰ, 16 ਨਵੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ Sri Golden Temple Kovindਨਤਮਸਤਕ ਹੋਏ। ਇਸ ਮੌਕੇ ਹਾਵਈ ਅੱਡੇ ਤੇ ਰਾਜਪਾਲ ਪੰਜਾਬ ਸ੍ਰੀ ਵੀ.ਪੀ. ਸਿੰਘ ਬਦਨੌਰ, ਸ੍ਰੀਮਤੀ ਅਲਕਾ ਸਿੰਘ ਧਰਮ ਪਤਨੀ ਰਾਜਪਾਲ  ਪੰਜਾਬ, ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਉਨਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਸੁਰਿੰਦਰਪਾਲ ਸਿੰਘ ਪਰਮਾਰ ਆਈ.ਜੀ, ਅਰੁਣ ਕੁਮਾਰ ਡੀ.ਆਈ.ਜੀ, ਪੁਲਿਸ ਕਮਿਸ਼ਨਰ ਐਸ.ਸ੍ਰੀਵਾਸਤਵਾ, ਪਰਮਪਾਲ ਸਿੰਘ ਐਸ.ਐਸ.ਪੀ ਦਿਹਾਤੀ ਨੇ ਵੀ ਉਨਾਂ ਦਾ ਸਵਾਗਤ ਕੀਤਾ।
ਇਸ ਉਪਰੰਤ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਰੂਹਾਨੀਅਤ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਉਨਾਂ ਦੇ ਨਾਲ ਸਨ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ’ਤੇ ਸ੍ਰੀ ਰਾਮਨਾਥ ਕੋਵਿੰਦ ਦਾ ਘੰਟਾ ਘਰ ਦੇ ਬਾਹਰ ਪਲਾਜ਼ਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਸਮੇਤ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਗਏ ਅਤੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਪ੍ਰੀਕਰਮਾ ਕਰਦਿਆਂ ਸ੍ਰੀ ਰਾਮਨਾਥ ਕੋਵਿੰਦ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇਥੇ ਸਥਿਤ ਹੋਰ ਅਸਥਾਨਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਉਨਾਂ ਨੇ ਕੜਾਹ ਪ੍ਰਸ਼ਾਦਿ ਦੀ ਦੇਗ ਵੀ ਕਰਵਾਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਉਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਗਵਰਨਰ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪ੍ਰਸ਼ਾਦ ਰੂਪ ਵਿਚ ਸਿਰੋਪਾਓ ਅਤੇ ਫੁੱਲਾਂ ਦਾ ਹਾਰ ਬਖਸ਼ਿਸ਼ ਕੀਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਦਰਬਾਰ ਸਾਹਿਬ ਦੇ ਨਵੇਂ ਬਣੇ ਸੂਚਨਾ ਕੇਂਦਰ ਵਿਖੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ, ਉਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਾਜਪਾਲ ਸ੍ਰੀ ਵੀ.ਪੀ ਸਿੰਘ ਬਦਨੌਰ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ, ਲੋਈ/ਸ਼ਾਲ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਰਾਮਨਾਥ ਕੋਵਿੰਦ ਨੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਜ਼ਟਰ ਬੱਕ ਵਿਚ ਆਪਣੇ ਅਨੁਭਵ ਦਰਜ ਕਰਦਿਆਂ ਲਿਖਿਆ ਕਿ ਉਨਾਂ ਨੂੰ ਇਥੇ ਨਤਮਸਤਕ ਹੋਣ ’ਤੇ ਸੰਗਤ, ਪੰਗਤ ਅਤੇ ਲੰਗਰ ਵਿਚ ਸਾਰੇ ਭੇਦ-ਭਾਵ ਮਿਟਾਉਣ ਦੀ ਸ਼ਕਤੀ ਦਾ ਅਨੁਭਵ ਹੋਇਆ ਹੈ।ਇਥੇ ਸ਼ਰਧਾਲੂਆਂ ਅੰਦਰ ਸਰਬਤ ਦੇ ਭਲੇ ਲਈ ਸਮਰਪਣ  ਭਾਵਨਾ ਦੇਖ ਕੇ ਮਨੁੱਖਤਾਵਾਦੀ ਸੇਵਾ ਦਾ ਮਾਣ ਮਹਿਸੂਸ ਹੋਇਆ ਹੈ। ਉਨਾਂ ਲਿਖਿਆ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਨਾਲ ਮੱਥਾ ਟੇਕ ਕੇ ਉਨਾਂ ਨੂੰ ਜੋ ਅਨੁਭਵ ਹੋਇਆ ਉਸ ਨੂੰ ਪਰਮਾਤਮਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਸ਼ੀਰਵਾਦ ਵਜੋਂ ਮਹਿਸੂਸ ਕਰਦੇ ਹਨ।
ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਭਿਟੇਵਡ, ਭਾਈ ਰਾਮ ਸਿੰਘ ਤੇ ਜੈਪਾਲ ਸਿੰਘ ਮੰਡੀਆਂ, ਮੈਂਬਰ ਭਗਵੰਤ ਸਿੰਘ ਸਿਆਲਕਾ, ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਦਿਆਲ ਸਿੰਘ ਕੋਲਿਆਂਵਾਲੀ, ਅਜਾਇਬ ਸਿੰਘ ਅਭਿਆਸੀ, ਮੀਤ ਸਕੱਤਰ ਕੁਲਵਿੰਦਰ ਸਿੰਘ ‘ਰਮਦਾਸ’, ਸੂਚਨਾ ਅਧਿਕਾਰੀ ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ, ਅੰਮਿ੍ਰਤਪਾਲ ਸਿੰਘ ਆਦਿ ਹਾਜ਼ਰ ਸਨ।
ਇਸ ਉਪਰੰਤ ਰਾਸ਼ਟਰਪਤੀ ਜਲਿਆਂ ਵਾਲਾ ਬਾਗ ਵਿਖੇ ਗਏ ਜਿਥੇ ਉਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਵਿਜ਼ਟਰ ਬੁੱਕ ਵਿੱਚ ਆਪਣੇ ਵਿਚਾਰ ਦਰਜ ਕਰਦਿਆਂ ਲਿਖਿਆ ਕਿ ਅੱਜ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਮੈਨੂੰ ਜਲਿਆਂਵਾਲਾ ਬਾਗ ਵਿਖੇ ਦੇਸ਼ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨਾਂ ਨੇ ਕਿਹਾ ਕਿ ਮੈਨੂੰ ਇਸ ਇਤਿਹਾਸਕ ਸਥਾਨ ਤੇ ਆਪਣੀਆਂ ਜਾਨਾਂ ਦੇਣ ਵਾਲੇ ਸ਼ਹੀਦਾਂ ਨੂੰ ਯਾਦ ਕਰਦਿਆਂ ਮੇਰੀਆਂ ਅੱਖਾਂ ਭਰ ਆਈਆਂ ਹਨ।ਉਨਾਂ  ਇਹ ਵੀ ਲਿਖਿਆ ਕਿ ਉਹ ਆਪਣੀਆਂ ਦਿਲੀ ਗਹਿਰਾਈਆਂ ਤੋਂ ਉਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਨਤਮਸਤਕ ਹੁੰਦੇ ਹਨ।ਜਲਿਆਂ ਵਾਲਾ ਬਾਗ ਤੋਂ ਉਪਰੰਤ ਉਨਾਂ ਨੇ ਸ੍ਰੀ ਦੁਰਗਿਆਨਾ ਮੰਦਿਰ ਦੇ ਦਰਸ਼ਨ ਵੀ ਕੀਤੇ। ਉਥੇ ਉਨਾਂ ਨੂੰ ਮੰਦਿਰ ਦੀ ਕਮੇਟੀ  ਵੱਲੋਂ ਸਨਮਾਨਿਤ ਕੀਤਾ ਗਿਆ।
ਰਾਸ਼ਟਰਪਤੀ ਦੀ ਅੰਮ੍ਰਿਤਸਰ ਫੇਰੀ ਸਮੇਂ ਉਨਾਂ ਨਾਲ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਸਵਿਤਾ ਕੋਵਿੰਦ, ਸਪੁੱਤਰ ਪ੍ਰਸ਼ਾਂਤ ਕੁਮਾਰ, ਪੁੱਤਰੀ ਮਿਸ ਸਵਾਤੀ, ਨੂੰਹ ਸ੍ਰੀਮਤੀ ਗੌਰੀ ਕੁਮਾਰ, ਪੋਤਰਾ ਅਭੀਵਰਿਆ ਕੁਮਾਰ, ਪੋਤਰੀ ਮਿਸ ਅਨਨਿਆ ਕੁਮਾਰ ਅਤੇ ਨਜਦੀਕ ਰਿਸ਼ਤੇਦਾਰ ਸ੍ਰੀ ਰਾਜੇਸ਼ਵਰ ਲਾਲ ਹਾਂਡਾ ਤੇ ਸ੍ਰੀਮਤੀ ਉਸ਼ਾ ਹਾਂਡਾ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply