ਅੰਮ੍ਰਿਤਸਰ, 19 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ
ਉਭਾਰਣ ਦੇ ਮਕਸਦ ਤਹਿਤ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਦੇ ਆਦੇਸ਼ਾਂ ’ਤੇ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ।ਜਿਸ ’ਚ ਸਕੂਲ ਦੇ ਹਰੇਕ ਵਿਸ਼ੇ ਨਾਲ ਸਬੰਧਿਤ ਵਿਦਿਆਰਥੀਆਂ ਨੇ ਆਪਣੇ-ਆਪਣੇ ਹੁਨਰ ਦਾ ਮੁਜ਼ਾਹਰਾ ਕਰਦੇ ਹੋਏ ਪ੍ਰੋਜੈਕਟ, ਮਾਡਲ ਅਤੇ ਚਾਰਟਸ ਆਦਿ ਪ੍ਰਦਰਸ਼ਨੀ ’ਚ ਪੇਸ਼ ਕੀਤੇ।ਉਪਰੰਤ ਪ੍ਰਿੰ: ਗਿੱਲ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਆਪਸ ’ਚ ਮੀਟਿੰਗ ਵੀ ਹੋਈ।
ਸਕੂਲ ਪ੍ਰਿੰਸੀਪਲ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਨੂੰ ਉਭਾਰਨਾ ਅਤਿ ਜਰੂਰੀ ਹੈ ਅਤੇ ਇਸ ਲਈ ਸਕੂਲਾਂ ਤੇ ਕਾਲਜ ਪੱਧਰ ’ਤੇ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਆਪਣੀ ਪ੍ਰਤਿਭਾ ਨੂੰ ਪੇਸ਼ ਕਰ ਸਕਣ ਅਤੇ ਜੀਵਨ ’ਚ ਕੁਝ ਕਰ ਸਕਣ ਦਾ ਜ਼ਜ਼ਬਾ ਸੁਰਜੀਤ ਰਹਿ ਸਕੇ।ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੇ ਬੱਚੇ ਦੀ ਰੁਚੀ ਮੁਤਾਬਕ ਹੀ ਉਸ ਨੂੰ ਵਿਸ਼ਾ ਅਤੇ ਪ੍ਰਤਿਭਾ ਨੂੰ ਜਾਹਿਰ ਕਰਨ ਲਈ ਉਸਦੇ ਕਦਮ ਨਾਲ ਕਦਮ ਮਿਲਾ ਕੇ ਚਲਣ ਕਿਉਂਕਿ ਜਬਰਦਸਤੀ ਨਾਲ ਕਰਵਾਈ ਵਿੱਦਿਆ ਤੇ ਕੰਮਕਾਰ ਕਦੇ ਵੀ ਸਫ਼ਲ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਨਿਰਦੇਸ਼ਾਂ ਮੁਤਾਬਕ ਵਿਦਿਆਰਥੀਆਂ ਦੇ ਹੁਨਰ ਨੂੰ ਜਗ-ਜਾਹਿਰ ਕਰਨ ਅਤੇ ਵਿੱਦਿਅਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਜਿਹੇ ਪ੍ਰੋਗਰਾਮ ਸਕੂਲ ’ਚ ਸਮੇਂ-ਸਮੇਂ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।ਅੱਜ ਦੀ ਇਸ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਮਿਊਜ਼ਿਕ, ਡਾਂਸ, ਧਾਰਮਿਕ ਸਿੱਖਿਆ, ਪੁਰਾਤਨ ਪਹਿਰਾਵਾ, ਸ਼ਸ਼ਤਰ ਆਦਿ ਨੂੰ ਆਪਣੀ-ਆਪਣੀ ਕਾਬਲੀਅਤ ਮੁਤਾਬਕ ਤਿਆਰ ਕਰਕੇ ਪ੍ਰਦਰਸ਼ਨੀ ਦੀ ਸ਼ੋਭਾ ਵਧਾਈ।ਇਸ ਮੌਕੇ ਪਵਨਦੀਪ, ਕਮਲਜੀਤ ਕੌਰ, ਪ੍ਰਭਜੋਤ ਕੌਰ, ਨਰਵਿੰਦਰ ਸਿੰਘ, ਸਾਲੋਨੀ ਕਪੂਰ, ਵਿਸ਼ਾਲ ਅਰੋੜਾ, ਸਮਰਿਤੀ, ਕਿਰਨ, ਅਮਰਪ੍ਰੀਤ ਕੌਰ ਤੇ ਹੋਰ ਸਟਾਫ਼ ਤੇ ਸਕੁਲ ਦੇ ਸਮੂਹ ਵਿਦਿਆਰਥੀ ਮੌਜ਼ੂਦ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media