ਮੋਤੀ ਲਾਲ ਨਹਿਰੂ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਕਾਲਜ ਦਾ ਨਾਂ ਬਦਲਣ ਦੀ ਕੀਤੀ ਵਕਾਲਤ
ਨਵੀਂ ਦਿੱਲੀ, 21 ਨਵੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਵਾਲੇ ਗਵਰਨਿੰਗ ਕੌਂਸਲ
ਦੇ 17 ਨਵੰਬਰ 2017 ਦੇ ਮਤੇ ਨੂੰ ਨਾ ਪ੍ਰਵਾਣ ਕਰਨ ਦੀ ਦਿੱਲੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪਾਸੋਂ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਇਸ ਸਬੰਧੀ ਪ੍ਰੋ. ਯੋਗੇਸ਼ ਕੁਮਾਰ ਤਿਆਗੀ ਨੂੰ ਭੇਜੇ ਗਏ ਪੱਤਰ ’ਚ ਉਘੇ ਸਮਾਜ ਸੁਧਾਰਕ ਸਰਦਾਰ ਦਿਆਲ ਸਿੰਘ ਮਜੀਠੀਆ ਵਲੋਂ ਚੰਗੇ ਸਮਾਜ ਦੀ ਉਸਾਰੀ ’ਚ ਪਾਏ ਗਏ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਵੰਦੇ ਮਾਤਰਮ ਦੇ ਨਾਂ ’ਤੇ ਸਿੱਖਾਂ ਦੀ ਦੇਸ਼ ਭਗਤੀ ’ਤੇ ਸਵਾਲਿਆ ਨਿਸ਼ਾਨ ਨਾ ਖੜਾ ਕਰਨ ਦੀ ਵੀ ਨਸੀਹਤ ਦਿੱਤੀ ਗਈ ਹੈ।ਜੀ.ਕੇ ਨੇ ਬਿਨਾ ਕਿਸੇ ਦਾ ਨਾਂ ਲਏ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਦਾ ਭਾਰਤ ਦੀ ਆਜ਼ਾਦੀ ਮਤਲਬ 1947 ’ਚ ਕੋਈ ਯੋਗਦਾਨ ਨਹੀਂ ਸੀ, ਉਹ ਸਿੱਖਾਂ ਨੂੰ ਰਾਸ਼ਟਰਵਾਦੀ ਹੋਣ ਦਾ ਸਰਟੀਫਿਕੇਟ ਵੰਡਣ ਦੀ ਗੁਸਤਾਖ਼ੀ ਨਾ ਕਰਨ।ਸਿੱਖਾਂ ਦਾ ਇਨ੍ਹਾਂ ਵੱਡਾ ਮਹਾਨ ਇਤਿਹਾਸ ਹੈ ਕਿ ਉਸਨੂੰ ਨਿਪਟਾਉਣ ਦੀ ਥਾਂ ਮਾਨ ਬਖਸ਼ਣਾ ਚਾਹੀਦਾ ਹੈ।ਜੀ.ਕੇ ਨੇ ਕਿਹਾ ਕਿ ਜੇ ਨਾਂ ਬਦਲਣ ਦੀ ਹੀ ਸਿਆਸਤ ਕਰਨੀ ਹੈ ਤਾਂ ਦਿੱਲੀ ਦੇ ਮੋਤੀ ਲਾਲ ਨਹਿਰੂ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਕਾਲਜ ਦਾ ਨਾਂ ਬਦਲ ਕੇ ਸਿੱਖਾਂ ਦੀ ਬਹਾਦਰੀ ਅਤੇ ਸ਼ਹੀਦੀਆਂ ਨੂੰ ਤਵੱਜੋਂ ਦਿੰਦੇ ਹੋਏ ਤੁਰੰਤ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਉਧਮ ਸਿੰਘ ਜਾਂ ਦਿਵਾਨ ਟੋਡਰ ਮੱਲ ਦੇ ਨਾਂ ’ਤੇ ਕਰ ਦੇਣੇ ਚਾਹੀਦੇ ਹਨ। ਜੀ.ਕੇ ਨੇ ਕਿਹਾ ਕਿ ਸਿੱਖਾਂ ਨੂੰ ਕਿਸੇ ਨੂੰ ਰਾਸ਼ਟਰਵਾਦੀ ਹੋਣ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਪੂਰਾ ਸੰਸਾਰ ਦੇਸ਼-ਕੌਮ ਦੀ ਰੱਖਿਆ ਲਈ ਸਿੱਖਾਂ ਵੱਲੋਂ ਦਿਖਾਈ ਗਈ ਬਹਾਦਰੀ ਦਾ ਸਤਿਕਾਰ ਕਰਦਾ ਹੈ। ਜੇਕਰ ਕਿਸੇ ਨੂੰ ਰਾਸ਼ਟਰਵਾਦੀ ਦਾ ਸਰਟੀਫਿਕੇਟ ਚਾਹੀਦਾ ਹੈ ਤਾਂ ਸਿੱਖ ਉਸ ਨੂੰ ਬਾਖੂਬੀ ਦੇ ਸਕਦੇ ਹਨ।ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸਿੱਖਾਂ ’ਚ ਦਿਆਲ ਸਿੰਘ ਦਾ ਵੀ ਨਾਂ ਆਉਂਦਾ ਹੈ।ਇਸ ਲਈ ਨਾਂ ਬਦਲਣ ’ਤੇ ਰਾਸ਼ਟਰਵਾਦ ਦੀ ਚਾਸਨੀ ’ਚ ਭਿੱਜ ਕੇ ਹੋ ਰਹੀ ਸਿਆਸਤ ਕਾਲਜ ਦੇ ਵਿਦਿਆਰਥੀਆਂ ਨੂੰ ਵੰਡਣ ਦਾ ਕਾਰਨ ਬਣੇਗੀ।ਜੋ ਕਿ ਇਸ ਕਾਲਜ ’ਚ ਧਰਮ ਨਿਰਪੇਖ ਰਾਸ਼ਟਰ ਦੀ ਇਮਾਰਤ ਦਾ ਆਪਣੇ ਗਿਆਨ ਅਤੇ ਕਾਬਲੀਅਤ ਨਾਲ ਹਿੱਸਾ ਬਣਨ ਆਏ ਹਨ। ਜੀ.ਕੇ ਨੇ ਦਾਅਵਾ ਕੀਤਾ ਕਿ ਨਾਂ ਬਦਲੀ ਦੇ ਨਾਂ ’ਤੇ ਫਿਰਕੂ ਚਸ਼ਮੇ ਨਾਲ ਬਣਾਇਆ ਜਾ ਰਿਹਾ ਲੜੀਵਾਰ ਦੇਸ਼ ’ਚ ਰਾਸ਼ਟਰਵਾਦ ਦੀ ਭਾਵਨਾ ਨੂੰ ਢਾਹ ਲਗਾਉਣ ਅਤੇ ਦੇਸ਼ ਦੇ ਭਾਈਚਾਰੇ ਨੂੰ ਵਿਗਾੜਨ ਦਾ ਕਾਰਨ ਬਣੇਗਾ।ਗਵਰਨਿੰਗ ਕੌਂਸਿਲ ਵਲੋਂ ਕਾਲਜ ਦਾ ਨਾਂ ਬਦਲਣ ਦੇ ਪਾਸ ਕੀਤੇ ਗਏ ਮਤੇ ਨੂੰ ਜੀ.ਕੇ ਨੇ ਦਿਆਲ ਸਿੰਘ ਟਰੱਸਟ ਅਤੇ ਦਿੱਲੀ ਯੂਨੀਵਰਸਿਟੀ ਵਿੱਚਕਾਰ ਹੋਏ ਸਮਝੌਤੇ ਦੇ ਨਿਯਮ 12 ਦੀ ਉਲੰੰਘਣਾ ਦੱਸਣ ਦੇ ਨਾਲ ਹੀ ਦਿਆਲ ਸਿੰਘ ਦੀ ਵਿਰਾਸਤ ਨੂੰ ਛੁਟਿਆਉਣ ਦੀ ਕੋਸ਼ਿਸ਼ ਦੱਸਿਆ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media