ਅੱਜ ਪੰਜਾਬੀ ਸੰਗੀਤ ਦੇ ਖੇਤਰ ਵਿੱਚ ਗਾਇਕਾਵਾਂ ਦੀ ਗਿਣਤੀ ਗਾਇਕਾਂ ਦੇ ਮੁਕਾਬਲੇ ਬਹੁਤ ਘੱਟ ਹੈ।ਜੇਕਰ ਨਵੀਆਂ ਕੁੜੀਆਂ ਇਸ ਖੇਤਰ ਵਿੱਚ ਆਉਂਦੀਆਂ ਵੀ ਹਨ ਤਾਂ ਦੋ-ਚਾਰ ਸਾਲ ਬਾਅਦ ਪਤਾ ਨੀ ਕਿੱਥੇ ਅਲੋਪ ਹੋ ਜਾਂਦੀਆਂ ਹਨ।ਇਸ ਦਾ ਪ੍ਰਮੁੱਖ ਕਾਰਨ ਸੰਗੀਤ ਪ੍ਰਤੀ ਲਗਨ ਅਤੇ ਜੀਅ ਤੋੜ ਮਿਹਨਤ ਨਾ ਹੋਣਾ।ਸਿਆਣਿਆਂ ਦਾ ਕਹਿਣਾ ਹੈ ਕਿ ਓਸੇ ਹੀ ਸਫਲਤਾ ਰੂਪੀ ਮਹਿਲ ਦੀ ਛੱਤ ਚਿਰ ਸਦੀਵੀਂ ਟਿਕੀ ਰਹਿੰਦੀ ਹੀ ਜਿਸ ਦੀਆਂ ਮਿਹਨਤ ਰੂਪੀ ਨੀਹਾਂ ਮਜ਼ਬੂਤ ਹੋਣ। ਮੁਕਾਮ `ਤੇ ਪਹੁੰਚਣਾ ਓਨਾਂ ਔਖਾ ਨਹੀਂ ਜਿੰਨਾ ਕਿ ਮੁਕਾਮ `ਤੇ ਪਹੁੰਚ ਕੇ ਟਿਕੇ ਰਹਿਣਾ ।ਅੱਜ ਮੈਂ ਇਕ ਅਜਿਹੀ ਨਾਮਵਰ ਸੁਰੀਲੀ ਕੁੜੀ ਦੀ ਚਰਚਾ ਕਰਨ ਜਾ ਰਿਹਾ ਹਾਂ ਜੋ ਇਕੱਲੀ ਹੀ ਲੰਮੇ ਸਮੇਂ ਤੋਂ ਸੰਗੀਤ ਦੀਆਂ ਬੁਲੰਦੀਆਂ `ਤੇ ਪਹੁੰਚ ਕੇ ਟਿਕੀ ਹੋਈ ਹੈ।ਨਾਮ ਹੈ ਨਾਮਵਰ ਪੰਜਾਬੀ ਗਾਇਕਾ ‘ਰੁਪਿੰਦਰ ਹਾਂਡਾ’।
ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਦੇ ਜਿਲਾ ਸਿਰਸਾ ਦੀ ਜੰਮਪਲ ਰੁਪਿੰਦਰ ਹਾਂਡਾ ਨੇ ਬਚਪਨ ਵਿੱਚ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਇਕ ਦਿਨ ਸੰਗੀਤ ਜਗਤ ਦੇ ਅੰਬਰ ਤੇ ਧਰੂ ਤਾਰੇ ਵਾਂਗ ਚਮਕੇਗੀ।ਬਚਪਨ ਵਿੱਚ ਵੱਡੇ ਵੀਰ ਅਮਨ ਹਾਂਡਾ ਦੇ ਸੰਗੀਤ ਪ੍ਰਤੀ ਰੁਝਾਨ ਨੇ ਰੁਪਿੰਦਰ ਨੂੰ ਸੰਗੀਤ ਦੀ ਚੇਟਕ ਲਾ ਦਿੱਤੀ।ਰਹਿੰਦੀ ਖੂੰਹਦੀ ਕਸਰ ਨਾਨਕੇ ਪਰਿਵਾਰ ਵਿੱਚ ਸੰਗੀਤਕ ਮਹੌਲ ਨੇ ਪੂਰੀ ਕਰ ਦਿੱਤੀ, ਉਹ ਬਕਾਇਦਾ ਸੰਗੀਤ ਦੀ ਤਾਲੀਮ ਲੈਣ ਲੱਗੀ ਪਰ ਸੰਗੀਤ ਦੇ ਖ਼ੇਤਰ ਵਿੱਚ ਆਉਣਾ ਉਸ ਦੇ ਦਿਲੋ ਦਿਮਾਗ ਵਿੱਚ ਵੀ ਨਹੀਂ ਸੀ।
ਕਾਫ਼ੀ ਸਮਾਂ ਸਿੱਖਣ ਤੋਂ ਬਾਅਦ ਜਦ ਉਹ ਕਾਲਜ ਵਿੱਚ ਪਹੁੰਚੀ ਤਾਂ ਕਾਲਜ ਪੱਧਰ ਦੇ ਮੁਕਾਬਲਿਆਂ `ਚ ਹਿੱਸਾ ਲੈਣ ਲੱਗ ਪਈ। ਇਸੇ ਤਰਾਂ ਇਕ ਸੰਗੀਤਕ ਮੁਕਾਬਲੇ ਵਿੱਚ ਜਦ ਇਸ ਪੰਜਾਬੀ ਕੁੜੀ ਨੇ ਹਰਿਆਣਵੀ ਦੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਤਾਂ ਉਥੇ ਮੌਜੂਦ ਉਘੀਆਂ ਸੰਗੀਤਕ ਹਸਤੀਆਂ ਨੂੰ ਦੰਦਾਂ ਹੇਠ ਉਂਗਲੀ ਦੇਣ ਲਈ ਮਜ਼ਬੂਰ ਕਰ ਦਿੱਤਾ। ਇਹਨਾਂ ਹਸਤੀਆਂ ਦੀ ਹੱਲਸ਼ੇਰੀ ਨੇ ਰੁਪਿੰਦਰ ਦੇ ਵਿੱਚ ਸੰਗੀਤ ਜਗਤ ਵਿੱਚ ਕਦਮ ਰੱਖਣ ਲਈ ਇਕ ਵਿਲੱਖਣ ਉਤਸ਼ਾਹ ਭਰ ਦਿੱਤਾ। ਫ਼ਿਰ ਸੰਨ 2005 ਵਿੱਚ ਉਹ ਦਿਨ ਵੀ ਆਇਆ ਜਦ ਐਮ.ਐਚ-1 ਚੈਨਲ ਦੇ ਸ਼ੁਰੂ ਹੋਏ ਸੰਗੀਤਕ ਮੁਕਾਬਲੇ ‘ਅਵਾਜ਼ ਪੰਜਾਬ ਦੀ’ ਵਿੱਚ ਸਮੂਹ ਪੰਜਾਬੀਆਂ ਨੇ ਉਸ ਦੀ ਮਿੱਠੀ ਅਵਾਜ਼ ਨੂੰ ਰੱਜ ਕੇ ਮਾਣਿਆ ‘ਤੇ ਉਸ ਨੂੰ ‘ਅਵਾਜ਼ ਪੰਜਾਬ ਦੀ’ ਦਾ ਖ਼ਿਤਾਬ ਦਿਵਾ ਕੇ ਪਲਕਾਂ `ਤੇ ਬਿਠਾ ਲਿਆ ਲੋਕਾਂ ਦੇ ਪਿਆਰ ਨਾਲ ਸਰਸ਼ਾਰ ਹੋਈ ਰੁਪਿੰਦਰ ਨੇ ਮਾਰਕੀਟ ਵਿੱਚ ਜਦ ਆਪਣਾ ਪਹਿਲਾ ਗੀਤ ‘ਦਿਲ ਵਿੱਚ ਰਹਿਣਾ’ ਪੇਸ਼ ਕੀਤਾ ਤਾਂ ਫ਼ਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।ਉਸ ਤੋਂ ਬਾਅਦ ‘ਤੇਰੀ ਮੇਰੀ ਨਿਭੀ ਜਾਂਦੀ ਤਾਂ ਕਰਕੇ, ‘ਖਿੜ ਖਿੜ ਹੱਸਦਿਆ ਮਾਹੀਆ, ‘ਨਾ ਰੁੱਸਦੀ, ‘ਅੜਬ ਪੰਜਾਬਣ, ‘ਘੈਂਟ ਜੱਟੀਆਂ, ‘ਘੈਂਟ ਸਰਦਾਰ, ‘ਪਿੰਡ ਦੇ ਗੇੜੇ, ‘ਤਖ਼ਤ ਪੋਸ਼, ‘ਸੂਟ ਪੱਗ ਨਾਲ ਦਾ, ‘ਮੇਰਾ ਸਰਦਾਰ, ‘ਸਿਰਜਣਹਾਰਾ, ‘ਸਰਦਾਰ `ਤੇ ਮਰਦੀ ਆਂ ਆਦਿ ਅਨੇਕਾਂ ਗੀਤ ਇਕ ਤੋਂ ਬਾਅਦ ਇਕ ਸੁਪਰਹਿੱਟ ਹੁੰਦੇ ਗਏ ਅਤੇ ਉਹ ਕਦਮ ਦਰ ਕਦਮ ਸਫ਼ਲਤਾਂ ਦੀਆਂ ਪੌੜੀਆਂ ਚੜਦੀ ਗਈ।
12 ਸਾਲ ਬਾਅਦ ਅੱਜ ਵੀ ਰੁਪਿੰਦਰ ਹਾਂਡਾ ਦੀ ਗਾਇਕੀ ਦਾ ਜਾਦੂ ਨਿਰੰਤਰ ਬਰਕਰਾਰ ਹੈ, ਜਦੋਂਕਿ ਉਸ ਦੀਆਂ ਸਮਕਾਲੀ ਗਾਇਕਾਵਾਂ ਨੇ ਕੁੱਝ ਸਮੇਂ ਬਾਅਦ ਹੀ ਮੈਦਾਨ ਛੱਡ ਦਿੱਤਾ। ਸਾਦਗੀ ਪਸੰਦ ਰੁਪਿੰਦਰ ਦਾ ਕਹਿਣਾ ਹੈ ਕਿ ਅੱਜ ਸੰਗੀਤ ਦੇ ਖੇਤਰ ਵਿੱਚ ਮਿਹਨਤ ਨਾਲੋਂ ਜਿਆਦਾ ਦਿਖਾਵੇ ਨੂੰ ਤਰਜੀਹ ਦਿੱਤੀ ਜਾਣ ਲੱਗੀ ਹੈ, ਪਰ ਮਿਹਨਤ ਤੋਂ ਬਗ਼ੈਰ ਲੰਮਾ ਸਮਾਂ ਗਾਇਕੀ ਦੇ ਪਿੜ ਵਿੱਚ ਨਿੱਤਰਣਾ ਸੰਭਵ ਨਹੀਂ ਹੈ।ਉਹ ਸਵਰਗੀ ਗੀਤਕਾਰ ਗੁਰਚਰਨ ਵਿਰਕ ਦਾ ਅਹਿਸਾਨ ਕਦੇ ਵੀ ਨਹੀਂ ਭੁੱਲਦੀ, ਜਿਸ ਨੇ ਰੁਪਿੰਦਰ ਨੂੰ ਬਹੁਤ ਕੁੱਝ ਨਵਾਂ ਸਿਖਾਇਆ ਹੈ।ਅੱਜਕਲ ਰੁਪਿੰਦਰ ਹਾਂਡਾ ਆਪਣੇ ਨਵੇਂ ਨਕੋਰ ਗੀਤ ‘ਸਟੈਂਡ’ ਨਾਲ ਇਕ ਵਾਰ ਫ਼ੇਰ ਤੋਂ ਚਰਚਾ ਵਿੱਚ ਹੈ ਜਿਸ ਨੂੰ ਕਲਮਬੱਧ ਕੀਤਾ ਬਾ-ਕਮਾਲ ਗੀਤਕਾਰ ਫ਼ਤਿਹ ਸ਼ੇਰਗਿੱਲ ਨੇ ਅਤੇ ਸੁਰੀਲੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ ਨਾਮਵਰ ਸੰਗੀਤਕਾਰ ਰੁਪਿਨ ਕਾਹਲੋਂ ਨੇ।ਸਾਗਾ ਮਿੳੂਜ਼ਕ ਵਿੱਚ ਆਉਣ ਵਾਲਾ ਇਹ ਗੀਤ ਆਸ ਕਰਦੇ ਹਾਂ ਕਿ ਰੁਪਿੰਦਰ ਦੇ ਪਹਿਲੇ ਗੀਤਾਂ ਵਾਂਗ ਫ਼ਿਰ ਤੋਂ ਸਰੋਤਿਆਂ ਦੇ ਸਿਰ ਚੜ੍ਹ ਬੋਲੇਗਾ ਅਤੇ ਪ੍ਰਮਾਤਮਾ ਅੱਗੇ ਦੁਆ ਹੈ ਕਿ ਮਾਂ ਬੋਲੀ ਦੀ ਲਾਡਲੀ ਇਸੇ ਤਰਾਂ ਬੁਲੰਦੀਆਂ ਨੂੰ ਛੂੰਹਦੀ ਹੋਈ ਇਸੇ ਤਰਾਂ ਪੰਜਾਬੀਆਂ ਦੇ ਦਿਲਾਂ `ਤੇ ਰਾਜ ਕਰਦੀ ਰਹੇ।

ਲੱਕੀ ਚਾਵਲਾ ਮੁਕਤਸਰ
ਸ੍ਰੀ ਮੁਕਤਸਰ ਸਾਹਿਬ
ਮੋਬਾਈਲ : 82888-58745
Punjab Post Daily Online Newspaper & Print Media