ਅੰਮ੍ਰਿਤਸਰ, 6 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਆਧੁਨਿਕ ਪੰਜਾਬੀ
ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦਾ ਇਕ 145ਵਾਂ ਜਨਮ ਦਿਵਸ ਮਨਾਇਆ ਗਿਆ।ਇਸ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਰਮਿੰਦਰ ਕੌਰ ਨੇ ਕੀਤੀ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਭਾਈ ਵੀਰ ਸਿੰਘ ਜਿਹੇ ਵਿਦਵਾਨਾਂ ਅਤੇ ਸਾਹਿਤਕਾਰਾਂ ਦੇ ਜੀਵਨ ਦ੍ਰਿਸ਼ਟੀਕੋਣ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਅਤੇ ਉਘੇ ਚਿੰਤਕ ਡਾ. ਹਰਭਜਨ ਸਿੰਘ ਭਾਟੀਆ ਨੇ ਪੰਜਾਬੀ ਸਾਹਿਤ ਵਿਚ ਭਾਈ ਵੀਰ ਸਿੰਘ ਦੇ ਯੋਗਦਾਨ ਸੰਬੰਧੀ ਵਿਦਵਤਾ ਭਰਪੂਰ ਪ੍ਰਵਚਨ ਦਿੱਤਾ।ਉਹਨਾਂ ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਬਹੁਤ ਵਡਆਕਾਰੀ ਸਾਹਿਤ ਸਿਰਜਣਾ ਕੀਤੀ ਹੈ, ਪਰੰਤੂ ਉਹਨਾਂ ਨੂੰ ਮੁਕੰਮਲ ਰੂਪ ਵਿਚ ਬਹੁਤ ਘੱਟ ਪੜ੍ਹਿਆ ਗਿਆ ਹੈ। ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਸਾਹਿਤ ਦੀ ਸਮੁੱਚੀ ਸਾਰਥਕਤਾ ਨੂੰ ਪਛਾਣਨ ਲਈ ਉਹਨਾਂ ਦੀ ਸਾਹਿਤ ਰਚਨਾ ਦਾ ਪੁਨਰ ਅਧਿਐਨ ਲੋੜੀਂਦਾ ਹੈ ।
ਡਾ. ਦਰਿਆ ਨੇ ਭਾਈ ਵੀਰ ਸਿੰਘ ਦੇ ਜੀਵਨ ਅਤੇ ਕਾਵਿ ਜਗਤ ਸੰਬੰਧੀ ਬੜੇ ਅਹਿਮ ਨੁਕਤੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਾਈ ਵੀਰ ਸਿੰਘ ਨੇ ਆਧੁਨਿਕ ਪੰਜਾਬੀ ਸਾਹਿਤ ਦੀ ਮੁੱਢਲੀ ਰੂਪ-ਰੇਖਾ ਘੜਨ ਵਿਚ ਬੁਨਿਆਦੀ ਭੂਮਿਕਾ ਨਿਭਾਈ ਜਿਸ ਕਾਰਨ ਪੰਜਾਬੀ ਜਗਤ ਹਮੇਸ਼ਾਂ ਉਹਨਾਂ ਦਾ ਰਿਣੀ ਰਹੇਗਾ।ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਦੀ ਕਵਿਤਾ ਨਾਲ ਪਹਿਲੀ ਵਾਰ ਗੁਰਬਾਣੀ ਦੀ ਸੁਹਜ ਸੰਵੇਦਨਾ ਆਧੁਨਿਕ ਪੰਜਾਬੀ ਭਾਸ਼ਾ ਵਿਚ ਸੰਚਾਰਤ ਹੋਈ ਜੋ ਕਿ ਉਹਨਾਂ ਤੋਂ ਬਾਅਦ ਦੀ ਪੰਜਾਬੀ ਕਵਿਤਾ ਵਿਚ ਦੁਰਲਭ ਹੈ।ਉਹਨਾਂ ਇਹ ਵੀ ਕਿਹਾ ਕਿ ਜਿਸ ਵਕਤ ਸਿੱਖ ਸਾਹਿਤਕਾਰ ਅਤੇ ਵਿਦਵਾਨ ਪੰਜਾਬੀ ਦੀ ਥਾਂ ਬ੍ਰਜ ਭਾਸ਼ਾ ਵਿਚ ਲਿਖਣ ਨੂੰ ਤਰਜ਼ੀਹ ਦੇ ਰਹੇ ਸਨ ਉਸ ਵਕਤ ਭਾਈ ਵੀਰ ਸਿੰਘ ਨੇ ਪੰਜਾਬੀ ਵਿਚ ਸਾਹਿਤ ਸਿਰਜਣਾ ਕਰਕੇ ਪੰਜਾਬ ਦੀ ਗਿਆਨ-ਦਿਸ਼ਾ ਨੂੰ ਪੰਜਾਬੀ ਭਾਸ਼ਾ ਵੱਲ ਮੋੜਿਆ।ਪ੍ਰੋ. ਪਵਨ ਨੇ ਕਿਹਾ ਕਿ ਪੰਜਾਬੀ ਕਵਿਤਾ ਦੇ ਇਤਿਹਾਸ ਨੂੰ ਸਮਝਣ ਲਈ ਭਾਈ ਵੀਰ ਸਿੰਘ ਦੀ ਕਵਿਤਾ ਨੂੰ ਸਮਝਣਾ ਜ਼ਰੂਰੀ ਹੈ।ਇਸ ਮੌਕੇ ਵਿਭਾਗ ਦੇ ਸਮੂਹ ਅਧਿਆਪਕ ਅਤੇ ਖੋਜ ਵਿਦਿਆਰਥੀ ਹਾਜ਼ਿਰ ਸਨ ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media