
ਸਮਰਾਲਾ, 7 ਦਸੰਬਰ (ਪੰਜਾਬ ਪੋਸਟ- ਕੰਗ) – ਲੇਖਕ ਮੰਚ (ਰਜਿ.) ਸਮਰਾਲਾ ਵੱਲੋਂ ਕਿੰਡਰ ਗਾਰਟਨ ਸੀਨੀ. ਸੈਕੰ. ਸਕੂਲ ਸਮਰਾਲਾ ਵਿੱਚ ਚੇਤਨਾ ਕਲਚਰਲ ਸੈਂਟਰ ਟੋਰਾਂਟੋ ਕੈਨੇਡਾ ਦੀ ਟੀਮ ਨੇ ਪੰਜਾਬੀ ਨਾਟਕਕਾਰ ਨਾਹਰ ਸਿੰਘ ਔਜਲਾ ਦੁਆਰਾ ਲਿਖਿਤ ਤੇ ਮਾਸਟਰ ਤਰਲੋਚਨ ਦੁਆਰਾ ਨਿਰਦੇਸ਼ਤ ਪੰਜਾਬੀ ਨਾਟਕ ਸੁਪਰਵੀਜ਼ਾ ਦਾ ਪ੍ਰਭਾਵਸ਼ਾਲੀ ਮੰਚਨ ਕੀਤਾ।ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਇਸ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਅਤੇ ਕਹਾਣੀਕਾਰ ਅਜਮੇਰ ਸਿੱਧੂ ਨੇ ਇਸ ਪ੍ਰੋਗਰਾਮ ਵਿੱਚ ਪ੍ਰਧਾਨਗੀ ਲਈ ਸ਼ਿਰਕਤ ਕੀਤੀ।ਨਾਟਕ ਸੁਪਰ ਵੀਜ਼ਾ ਦੀ ਕਹਾਣੀ ਨੇ ਲਗਭਗ ਇੱਕ ਘੰਟਾ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਿਆ। ਇਸ ਨਾਟਕ ਵਿੱਚ ਕੈਨੇਡਾ ਦੀ ਵੱਖਰੀ ਤਰਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਨਾਲ ਨਾਲ ਹੀ ਪਦਾਰਥਵਾਦੀ ਮਾਹੌਲ ਵਿੱਚ ਰਿਸ਼ਤਿਆਂ ਦੀ ਟੁੱਟ-ਭੱਜ ਨੂੰ ਵੀ ਬਾਖੂਬੀ ਪੇਸ਼ ਕੀਤਾ ਗਿਆ।ਨਾਟਕ ਦੇ ਕਿਰਦਾਰਾਂ ਵਿੱਚ ਪ੍ਰਵੇਸ਼ ਸੇਠੀ, ਰਾਜਵਿੰਦਰ ਸਮਰਾਲਾ, ਹਰਜੱਸਪ੍ਰੀਤ ਕੌਰ, ਕਮਲਜੀਤ ਕੌਰ, ਅਵਤਾਰ ਕੌਰ ਔਜਲਾ, ਤਰਨਵੀਰ ਸਿੰਘ ਅਤੇ ਗੁਰਸਹਿਜ ਕੌਰ ਸਿੱਧੂ ਨੇ ਆਪਣੀ ਕਲਾ ਰਾਹੀਂ ਅਮਿੱਟ ਛਾਪ ਛੱਡੀ। 
ਲੇਖਕ ਮੰਚ ਦੇ ਪ੍ਰਧਾਨ ਦਲਜੀਤ ਸ਼ਾਹੀ ਨੇ ਆਈਆਂ ਹੋਈਆਂ ਉਘੀਆਂ ਸਖਸ਼ੀਅਤਾਂ ਨੂੰ `ਜੀ ਆਇਆਂ` ਆਖਣ ਉਪਰੰਤ ਲੇਖਕ ਮੰਚ ਦੇ ਸਰਪ੍ਰਸਤ ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਡਾ. ਪਰਮਿੰਦਰ ਸਿੰਘ ਬੈਨੀਪਾਲ, ਪ੍ਰਿੰਸੀ. ਰਣਜੋਤ ਕੌਰ ਅਤੇ ਸਰਬਜੀਤ ਕੌਰ ਵੱਲੋਂ, ਡਾ.ਸੁਰਜੀਤ ਪਾਤਰ, ਪ੍ਰਵੇਸ਼ ਸੇਠੀ ਅਤੇ ਨਾਹਰ ਸਿੰਘ ਔਜਲਾ ਨੂੰ ਸਨਮਾਨਤ ਕੀਤਾ ਗਿਆ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਸੁਰਜੀਤ ਭੱਟੀ, ਪਦਮ ਸੁਰਜੀਤ ਪਾਤਰ, ਕਹਾਣੀਕਾਰ ਅਜਮੇਰ ਸਿੱਧੂ ਅਤੇ ਪੰਜਾਬੀ ਦੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਨਾਟਕ ਸੁਪਰ ਵੀਜ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਜੋਕ ਸਮੇਂ ਦੇ ਵਿੱਚ ਇਹੋ ਜਿਹੇ ਨਾਟਕ ਸਮਾਜ ਦੀ ਵੱਡੀ ਲੋੜ ਹਨ।ਇਸ ਤਰਾਂ ਦੇ ਨਾਟਕਾਂ ਜਰੀਏ ਅਸੀਂ ਕਾਫੀ ਹੱਦ ਤੱਕ ਰਿਸ਼ਤਿਆਂ ਅੰਦਰ ਵੱਧ ਰਹੇ ਖਲਾਅ ਨੂੰ ਭਰਨ ਦੇ ਸਮਰੱਥ ਹੋਵਾਂਗੇ।ਇਸ ਮੌਕੇ ਡਾ. ਸੁਖਵਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਖੜਕ, ਹਰਵਿੰਦਰ ਸਿੰਘ ਸਿੱਧੂ, ਗੁਰਵੀਰ ਸਿੰਘ ਸ਼ਾਹੀ, ਕਮਲਜੀਤ ਸਿੰਘ ਸ਼ਾਹੀ, ਜਗਦੀਸ਼ ਖੰਨਾ, ਬਲਵਿੰਦਰ ਗੁਰੂ, ਬਲਵੰਤ ਮਾਂਗਟ, ਰਵਿੰਦਰ ਸਿੰਘ ਬੱਬੂ ਕੌਂਸਲਰ (ਖੰਨਾ), ਹਰਬੰਸ ਮਾਲਵਾ ਸ਼ਾਮਲ ਹੋਏ।
Punjab Post Daily Online Newspaper & Print Media