
ਅੰਮ੍ਰਿਤਸਰ 24 ਜੁਲਾਈ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ‘ਬੇਦੀ’ ਨੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਏਸ਼ੀਆ ਕੱਪ ਦੌਰਾਨ ਭਾਰਤ ਦੇ ਦੋ ਸਿੱਖ ਖਿਡਾਰੀ ਸ. ਅੰਮ੍ਰਿਤਪਾਲ ਸਿੰਘ ਤੇ ਸ. ਅਮਜੋਤ ਸਿੰਘ ਨੂੰ ਮੈਚ ਰੈਫਰੀ ਵੱਲੋਂ ਸਿਰ ‘ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕੇ ਜਾਣ ਦੀ ਸਖਤ ਨਿਖੇਧੀ ਕੀਤੀ ਹੈ। ਇਥੋਂ ਜਾਰੀ ਪ੍ਰੈੱਸ ਨੋਟ ਵਿੱਚ ਸ. ਦਿਲਜੀਤ ਸਿੰਘ ‘ਬੇਦੀ’ ਨੇ ਕਿਹਾ ਕਿ ਹਰੇਕ ਸਿੱਖ ਵਾਸਤੇ ਸਿਰ ਢੱਕਣ ਲਈ ਦਸਤਾਰ ਸਜਾਉਣੀ ਜ਼ਰੂਰੀ ਹੁੰਦੀ ਹੈ, ਇਥੋਂ ਤੱਕ ਕਿ ਖੇਡਾਂ ਦੌਰਾਨ ਵੀ ਛੋਟੀ ਦਸਤਾਰ (ਪਟਕਾ) ਸਜਾਉਣੀ ਪੈਂਦੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਖੇਡ ਦੌਰਾਨ ਕਿਸੇ ਵੀ ਦੂਸਰੇ ਖਿਡਾਰੀ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ, ਪਰ ਪਤਾ ਨਹੀਂ ਕਿਹੜੇ ਨਿਯਮ ਤਹਿਤ ਫੀਬਾ ਨੇ ਸਿੱਖ ਖਿਡਾਰੀਆਂ ਨੂੰ ਛੋਟੀ ਦਸਤਾਰ ਸਜਾ ਕੇ ਖੇਡਣ ਤੋਂ ਰੋਕਿਆ ਹੈ।ਫੀਬਾ ਦੇ ਇਸ ਤਰ੍ਹਾਂ ਕਰਨ ਨਾਲ ਜਿਥੇ ਖਿਡਾਰੀਆਂ ਦੀ ਮਾਨਸਿਕਤਾ ਨੂੰੰ ਭਾਰੀ ਸੱਟ ਵੱਜੀ ਹੈ, ਉਥੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਤੇ ਰੋਹ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਇੰਟਰਨੈਸ਼ਨਲ ਵਰਲਡ ਸੰਸਥਾ (ਫੀਫਾ) ਵੱਲੋਂ ਫੁੱਟਬਾਲ ਮੈਚ ਖੇਡਣ ਸਮੇਂ ਸਿੱਖ ਖਿਡਾਰੀਆਂ ਨੂੰ ਛੋਟੀ ਦਸਤਾਰ ਸਜਾ ਕੇ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਕੌਮਾਂਤਰੀ ਪੱਧਰ ‘ਤੇ ਸਿੱਖ ਭਾਈਚਾਰੇ ਤੇ ਹੋਰ ਸੰਸਥਾਵਾਂ ਵੱਲੋਂ ਭਾਰੀ ਵਿਰੋਧ ਕਰਨ ‘ਤੇ ਫੀਫਾ ਵੱਲੋਂ ਆਪਣੇ ਨਿਯਮ ਵਿੱਚ ਸੋਧ ਕਰਕੇ ਸਿੱਖ ਖਿਡਾਰੀਆਂ ਨੂੰ ਦਸਤਾਰ (ਪਟਕਾ) ਬੰਨ ਕੇ ਫੁੱਟਬਾਲ ਖੇਡਣ ਦੀ ਇਜ਼ਾਜਤ ਦਿੱਤੀ ਗਈ ਸੀ, ਪ੍ਰੰਤੂ ਹੁਣ ਫੀਬਾ ਵੱਲੋਂ ਦੋ ਸਿੱਖ ਖਿਡਾਰੀਆਂ ਨੂੰ ਸਿਰ ਤੇ ਛੋਟੀ ਦਸਤਾਰ ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕਿਆ ਗਿਆ ਹੈ, ਜੋ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਅਤੇ ਸੰਸਥਾਵਾਂ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਕੌਮਾਂਤਰੀ ਪੱਧਰ ‘ਤੇ ਫੀਬਾ ਦੀ ਇਸ ਹਰਕਤ ਦਾ ਸਖਤ ਨੋਟਿਸ ਲੈਣ ਤਾਂ ਜੋ ਇੰਟਰਨੈਸ਼ਨਲ ਵਰਲਡ ਸੰਸਥਾ (ਫੀਫਾ) ਦੀ ਤਰ੍ਹਾਂ ਫੀਬਾ ਵੀ ਆਪਣੇ ਨਿਯਮਾਂ ਵਿੱਚ ਸੋਧ ਕਰੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media