ਬਠਿੰਡਾ, 8 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪੰਜਾਬ ਖੇਡ ਵਿਭਾਗ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਖੇਡ ਵਿਭਾਗ
ਬਠਿੰਡਾ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਸਰਪ੍ਰਸਤੀ ਹੇਠ ਜ਼ਿਲ੍ਹਾ ਪੱਧਰ ਖੇਡਾਂ, ਮੈਨ, ਵੂਮੈਨ ਅੰਡਰ-25 ਮਿਤੀ 14 ਅਤੇ 15 ਦਸੰਬਰ ਤੱਕ ਕਰਵਾਈਆਂ ਜਾ ਰਹੀਆਂ ਹਨ।ਜ਼ਿਲ੍ਹਾ ਖੇਡ ਅਫ਼ਸਰ ਬਠਿੰਡਾ ਕਰਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ’ਚ ਜਿਨ੍ਹਾਂ ਖਿਡਾਰੀ/ਖਿਡਾਰਨਾਂ ਦੀ ਉਮਰ 31 ਦਸੰਬਰ 2017 ਤੱਕ 25 ਸਾਲ ਦੀ ਹੋਣੀ ਚਾਹੀਦੀ ਹੈ, ਭਾਵ ਉਸ ਦਾ ਜਨਮ ਮਿਤੀ 1 ਜਨਵਰੀ 1993 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ, ਉਹੀ ਖਿਡਾਰੀ/ਖਿਡਾਰਨਾਂ ਇਨ੍ਹਾਂ ਖੇਡਾਂ ’ਚ ਭਾਗ ਲੈ ਸਕਦੀਆਂ ਹਨ। ਜੋ ਖਿਡਾਰੀ ਵਿਦਿਅਕ ਸੰਸਥਾਂ ’ਚ ਪੜ੍ਹਦੇ ਹਨ, ਉਹ ਜਾਂ ਤਾਂ ਆਪਣੇ ਜਨਮ ਵਾਲੇ ਜ਼ਿਲ੍ਹੇ ਵਲੋਂ ਖੇਡ ਸਕਦੇ ਹਨ ਜਾਂ ਫਿਰ ਜ਼ਿਲ੍ਹੇ ’ਚ ਪੜ੍ਹਦੇ ਹਨ, ਉਸ ਵਲੋਂ ਭਾਗ ਲੈ ਸਕਦੇ ਹਨ।ਉਨ੍ਹਾਂ ਦੱਸਿਆ ਕਿ ਜੋ ਖਿਡਾਰੀ ਅਲਗ-ਅਲਗ ਵਿਭਾਗਾਂ ’ਚ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਪੋਸਟਿਡ ਹਨ, ਪਰ ਉਨ੍ਹਾਂ ਦਾ ਜਨਮ ਬਠਿੰਡਾ ਜ਼ਿਲ੍ਹੇ ਅੰਦਰ ਹੋਇਆ ਹੈ, ਉਹ ਵੀ ਭਾਗ ਲੈ ਸਕਦੇ ਹਨ, ਜੋ ਖਿਡਾਰੀ ਦੂਸਰੇ ਰਾਜਾਂ ਨਾਲ ਸਬੰਧ ਰੱਖਦੇ ਹਨ ਪ੍ਰੰਤੂ ਪੰਜਾਬ ਰਾਜ ’ਚ ਵੱਖ-ਵੱਖ ਮਹਿਕਮਿਆਂ ’ਚ ਨੌਕਰੀ ਕਰਦੇ ਹਨ ਅਤੇ ਰਾਸ਼ਟਰੀ ਖੇਡਾਂ ’ਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕੀਤੀ ਹੈ, ਵੀ ਆਪਣੇ ਤਾਇਨਾਤੀ ਵਾਲੇ ਜ਼ਿਲ੍ਹੇ ਵਲੋਂ ਭਾਗ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਵੱਖ-ਵੱਖ ਸਥਾਨ ਨਿਰਧਾਰਿਤ ਕੀਤੇ ਗਏ ਹਨ ਜਿਸ ’ਚ ਐਥਲੈਟਿਕਸ ਗੇਮ ਸਰਕਾਰੀ ਸਪੋਰਟਸ ਸਕੂਲ ਘੁੱਦਾ ਅਤੇ ਖੋ-ਖੋ, ਬਾਕਸਿੰਗ, ਫੁਟਬਾਲ ਗੇਮਾਂ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਬਾਸਕਟਬਾਲ ਗੇਮ ਦੇ ਕੰਪੀਟੀਸ਼ਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਹਾਕੀ ਗੇਮ ਦੇ ਕੰਪੀਟੀਸ਼ਨ ਹਾਕੀ ਟਰਫ ਸਟੇਡੀਅਮ ਬਠਿੰਡਾ, ਜਿਮਨਾਸਟਿਕ ਅਤੇ ਲਾਅਨ ਟੈਨਿਸ ਗੇਮ ਦੇ ਕੰਪੀਟੀਸ਼ਨ ਪੁਲਿਸ ਪਬਲਿਕ ਸਕੂਲ ਬਠਿੰਡਾ, ਟੇਬਲ ਟੈਨਿਸ ਐਮ.ਐਸ.ਡੀ ਸਕੂਲ ਬਠਿੰਡਾ ਅਤੇ ਬੈਡਮਿੰਟਨ ਗੇਮ ਦੇ ਟੂਰਨਾਮੈਂਟ ਡੀ.ਏ.ਵੀ ਕਾਲਜ ਬਠਿੰਡਾ ਵਿਖੇ ਕਰਵਾਏ ਜਾਣਗੇ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media