ਪਠਾਨਕੋਟ, 9 ਦਸੰਬਰ (ਪੰਜਾਬ ਪੋਸਟ ਬਿਊਰੋ) – ਸਮੇਂ ਸਿਰ ਬੀਜੀ ਕਣਕ ਨੂੰ ਖੇਤ ਵਿੱਚ ਮੌਜੂਦ ਨਮੀ ਵੇਖ ਕੇ ਪਹਿਲਾ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਪਹਿਲਾ
ਪਾਣੀ ਲਾਉਣ ਤੋਂ 7 ਦਿਨ ਪਹਿਲਾਂ ਜਾਂ ਪਾਣੀ ਲਾਉਣ ਤੋਂ 5 ਦਿਨ ਬਾਅਦ ਯੂਰੀਆ ਖਾਦ ਪਾ ਦੇਣੀ ਚਾਹੀਦੀ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਬਲਾਕ ਪਠਾਨਕੋਟ ਸਰਕਲ ਕਾਨਵਾਂ ਬਲਾਕ ਪਠਾਨਕੋਟ ਦੇ ਪਿੰਡ ਭੀਮਪੁਰ ਵਿੱਚ ਕਣਕ ਦੀ ਫਸਲ ਨੂੰ ਸਿੰਚਾਈ ਲਈ ਪਹਿਲੇ ਪਾਣੀ ਦੀ ਮਹੱਤਤਾ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ।ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਸਾਹਿਲ ਮਹਾਜਨ ਅਸਿਸਟੈਂਟ ਟੈਕਨੀਕਲ ਮੈਨੇਜ਼ਰ ਅਤੇ ਹੋਰ ਕਿਸਾਨ ਹਾਜ਼ਰ ਸਨ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਹਲਕਾ ਲਾਉ ਕਿਉਂਕਿ ਭਾਰੀ ਪਾਣੀ ਲੱਗਣ ਕਾਰਨ ਨਦੀਨ ਨਾਸ਼ਕਾਂ ਦਾ ਅਸਰ ਵੀ ਘਟ ਜਾਂਦਾ ਹੈ।ਉਨਾਂ ਕਿਹਾ ਕਿ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਲਾਉਣ ਸਮੇਂ ਕੁੱਝ ਜ਼ਰੂਰੀ ਸਾਵਧਾਨੀਆਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਭਾਰੀ ਪਾਣੀ ਲੱਗਣ ਕਾਰਨ ਕਣਕ ਦੀ ਮੁਢਲੇ ਵਾਧੇ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।ਉਨਾਂ ਕਿਹਾ ਕਿ ਕਈ ਵਾਰ ਭਾਰੀਆਂ ਜ਼ਮੀਨਾਂ ਵਿੱਚ ਭਾਰੀ ਪਾਣੀ ਲੱਗਣ ਨਾਲ ਕਣਕ ਪੀਲੀ ਪੈ ਜਾਣ ਕਾਰਨ ਮੁਢਲਾ ਵਾਧਾ ਰੁਕ ਜਾਂਦਾ ਹੈ।ਉਨਾਂ ਕਿਹਾ ਕਿ ਪਿਛੇਤੀ ਜਾੜ ਮਾਰਨ ਅਤੇ ਪਿਛੇਤੀਆਂ ਗੰਢਾਂ ਬਨਣ ਸਮੇਂ ਤਿੰਨ ਕਿਲੋ ਯੂਰੀਆ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਗੋਲ ਨੋਜ਼ਲ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ।ਉਨਾਂ ਕਿਹਾ ਕਿ ਕਣਕ ਦੀ ਬਿਜਾਈ ਦਾ ਕੰਮ 20 ਦਸੰਬਰ ਤੱਕ ਮੁਕੰਮਲ ਕਰ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਕਮਾਦ ਦੀ ਕਟਾਈ ਉਪਰੰਤ ਪਿਛੇਤੀ ਕਣਕ ਦੀ ਬਿਜਾਈ ਲਈ ਪੀ. ਬੀ. ਡਬਲਯੂ. 658 ਜਾਂ ਪੀ.ਬੀ ਡਬਲਯੂ. 590 ਕਿਸਮਾਂ ਦੀ ਬਿਜਾਈ ਕਰਨ ਲਈ ਸਿਫਾਰਸ਼ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਪਿਛੇਤੀ ਬੀਜੀ ਕਣਕ ਦੇ ਬੀਜ ਨੂੰ ਪੰਛੀਆਂ ਤੋਂ ਬਚਾਉਣ ਲਈ 160 ਮਿਲੀ ਲੀਟਰ ਕਲੋਰੋਪਾਈਰੀਫਾਸ ਪ੍ਰਤੀ 40 ਕਿਲੋ ਬੀਜ ਨੂੰ 1 ਲਿਟਰ ਪਾਣੀ ਵਿੱਚ ਘੋਲ ਕੇ ਬੀਜਾਈ ਤੋਂ ਪਹਿਲਾਂ ਸੋਧ ਲੈਣਾ ਚਾਹੀਦਾ।ਉਨਾਂ ਕਿਹਾ ਕਿ ਜ਼ਰੂਰਤ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਫਾਰਸ਼ਾਂ ਤੋਂ ਵੱਧ ਵਰਤੀ ਯੂਰੀਆ ਕਣਕ ਦੀ ਫਸਲ ਲਈ ਕਈ ਤਰਾਂ ਦੀਆਂ ਸਮੱਸਿਆਂਵਾਂ ਪੈਦਾ ਕਰਦੀ ਹੈ।ਉਨਾਂ ਕਿਹਾ ਕਿ ਪਿਛੇਤੀ ਬੀਜੀ ਕਣਕ ਨੂੰ ਘੱਟ ਯੂਰੀਆ ਦੀ ਵਰਤੋਂ ਕਰਨੀ ਚਾਹੀਦੀ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media