ਪਠਾਨਕੋਟ, 11 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਦਾ ਨਾਮ ਪਸ਼ੂ ਪਾਲਕਾਂ ਨੇ ਜੋ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ ਉਸ ਦੇ ਲਈ ਉਹ ਵਧਾਈ ਦੇ ਪਾਤਰ ਹਨ ਅਤੇ ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਪਸ਼ੂ ਪਾਲਕ ਹੋਰ ਅਜਿਹੇ ਪਸੂ ਧੰਨ ਮੁਕਾਬਲਿਆਂ ਵਿੱਚ ਭਾਗ ਲੈ ਕੇ ਆਪਣੇ ਜ਼ਿਲ੍ਹੇ ਪਠਾਨਕੋਟ ਦਾ ਨਾਮ ਰੋਸ਼ਨ ਕਰਨਗੇ।ਇਹ ਪ੍ਰਗਟਾਵਾ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿਖੇ ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਪਠਾਨਕੋਟ ਡਿਪਟੀ ਡਾਇਰੈਕਟਰ ਕੁਲਦੀਪ ਕੁਮਾਰ, ਵੈਟਨਰੀ ਅਫਸ਼ਰ ਘੋਹ ਵਿਜੈ ਕੁਮਾਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਕੁਲਭੂਸ਼ਣ ਸ਼ਰਮਾ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਦਸੰਬਰ 2017 ਤੋਂ 5 ਦਸੰਬਰ 2017 ਤੱਕ ਪਟਿਆਲਾ ਵਿਖੇ ਨੈਸ਼ਨਲ ਲਾਈਸਟਾਕ ਚੈਪੀਅਨਸ਼ਿਪ ਐਂਡ ਐਕਸਪੋ 2017 ਕਰਵਾਈ ਗਈ ਸੀ। ਜਿਸ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪਸ਼ੂ ਪਾਲਕਾਂ ਨੇ ਭਾਰੀ ਸੰਖਿਆਂ ਵਿੱਚ ਹਿੱਸਾ ਲਿਆ।ਉਨ੍ਹਾਂ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਪੰਜਾਬ, ਗੁਜਰਾਤ, ਹਰਿਆਣਾ, ਰਾਜਸਥਾਨ ਦੇ ਪ੍ਰਦੇਸ਼ਾਂ ਦੇ ਪਸ਼ੂ ਪਾਲਕਾਂ ਨੇ ਹਿੱਸਾ ਲਿਆ ਸੀ।ਇਸ ਚੈਂਪੀਅਨਸਿਪ ਵਿੱਚ ਪਸ਼ੂ ਪਾਲਕਾਂ ਨੇ ਕਈ ਇਨਾਮ ਜਿੱਤ ਕੇ ਜ਼ਿਲ੍ਹਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਿੰਡ ਕਾਹਨਪੁਰ ਦੇ ਸ਼ਿਵਦਰਸ਼ਨ ਕੁਮਾਰ ਉਰਫ ਬਿੱਲਾ, ਦੇਵ ਰਾਜ ਸ਼ਰਮਾ ਪਿੰਡ ਪੰਗੋਲੀ , ਸਤੀਸ਼ ਕੁਮਾਰ ਪਿੰਡ ਕਰੋਲੀ, ਗਨੇਸ਼ ਕੁਮਾਰ, ਮੋਹਿੰਦਰ ਸਿੰਘ ਪਿੰਡ ਮੈਰਾ, ਰਵਿੰਦਰ ਸਲਾਰੀਆ ਪਿੰਡ ਰਾਣੀਪੁਰ, ਰਹਿਮਤ ਅਲੀ ਇਸਮਾਈਲ ਤੇ ਹਾਸਮਦੀਨ ਪਿੰਡ ਸਿੰਬਲੀ ਗੁਜੱਰਾ, ਚੰਨਣ ਸਿੰਘ, ਲੇਖਰਾਜ ਤੇ ਰਾਜ ਸਿੰਘ ਪਿੰਡ ਕਰੋਲੀ ਆਦਿ ਨੇ ਭਾਗ ਲਿਆ ਅਤੇ ਇਨ੍ਹਾਂ ਪਸ਼ੂੂ ਪਾਲਕਾਂ ਨੇ ਜ਼ਿਲ੍ਹਾ ਪਠਾਨਕੋਟ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਪਸ਼ੂ ਪਾਲਕਾਂ ਨੂੰ ਚਾਹੀਦਾ ਹੈ ਕਿ ਵਧੀਆ ਨਸਲ ਦੇੇ ਪਸੂ ਤਿਆਰ ਕਰ ਕੇ ਅਜਿਹੀਆਂ ਚੈਂਪੀਅਨਸਿਪ ਵਿੱਚ ਭਾਗ ਲੈ ਕੇ ਜ਼ਿਲ੍ਹਾ ਪਠਾਨਕੋਟ ਨੂੰ ਰੋਸ਼ਨ ਕਰਨ।
ਪਿੰਡ ਕਾਨਪੁਰ ਦੇ ਨਿਵਾਸੀ ਪਸ਼ੂ ਪਾਲਕ ਸ਼ਿਵਦਰਸ਼ਨ ਕੁਮਾਰ ੳਰਫ ਬਿੱਲਾ ਜਿਸ ਨੇ ਉਕਤ ਮੇਲੇ ਵਿੱਚ 95 ਜਾਨਵਰ ਲੈ ਕੇ ਗਿਆ ਅਤੇ ਜਿਨ੍ਹਾਂ ਵਿਚੋਂ 35 ਪਸ਼ੂਆਂ ਨੇ ਇਨਾਮ ਪ੍ਰਾਪਤ ਕੀਤੇ।ਇਨ੍ਹਾਂ ਵਿਚੋਂ ਪਹਿਲੇ ਇਨਾਮ ਦੀ ਰਾਸ਼ੀ 21000/-ਰੁਪਏ ਸੀ, ਦੂਸਰੇ ਇਨਾਮ ਦੀ ਰਾਸ਼ੀ 11000/-ਰੁਪਏ ਸੀ ਅਤੇ ਤੀਸਰੇ ਇਨਾਮ ਦੀ ਰਾਸ਼ੀ 5000/-ਰੁਪਏ ਸੀ। ਇਸ ਤਰ੍ਹਾ ਨਾਲ ਸ਼ਿਵਦਰਸ਼ਨ ਨੇ ਕਰੀਬ ਡੇਢ ਲੱਖ ਰੁਪਏ ਦੇ ਇਨਾਮ ਜਿੱਤ ਕੇ ਜ਼ਿਲ੍ਹਾ ਪਠਾਨਕੋਟ ਦਾ ਨਾਮ ਰੋਸ਼ਨ ਕੀਤਾ। ਸਿਵਦਰਸ਼ਨ ਨੇ ਦੱਸਿਆ ਕਿ ਪਸ਼ੂ ਪਾਲਣ ਦਾ ਕਿੱਤਾ ਉਸ ਨੂੰ ਵਿਰਾਸਤ ਵਿੱਚ ਮਿਲਿਆ ਅਤੇ ਖੇਤੀਬਾੜੀ ਦੇ ਕਿੱਤੇ ਦੇ ਨਾਲ ਨਾਲ ਉਸ ਨੇ ਪਸ਼ੂ ਪਾਲਣ ਦਾ ਸੌਂਕ ਵੀ ਜਿੰਦਾ ਰੱਖਿਆ। ਉਸ ਨੇ ਦੱਸਿਆ ਕਿ ਉਹ ਸਾਲ 2015 ਤੋਂ ਪੰਜਾਬ ਵਿੱਚ ਲੱਗਣ ਵਾਲੇ ਹਰੇਕ ਪਸ਼ੂ ਧੰਨ ਮੇਲੇ ਵਿੱਚ ਭਾਗ ਲੈਂਦਾ ਰਿਹਾ ਹੈ। ਪਿਛਲੇ ਦਿਨ੍ਹਾਂ ਦੋਰਾਨ ਜ਼ਿਲ੍ਹੇ ਵਿੱਚ ਕਰਵਾਏ ਪਸ਼ੂ ਧੰਨ ਮੇਲੇ ਦੋਰਾਨ ਵੀ ਉਸ ਨੇ ਕਰੀਬ 35 ਇਨਾਮ ਜਿੱਤੇ ਸਨ।
ਦੇਵ ਰਾਜ ਸ਼ਰਮਾ ਪਿੰਡ ਪੰਗੋਲੀ ਨੇ ਦੱਸਿਆ ਕਿ ਉਸ ਨੇ ਨੈਸ਼ਨਲ ਪੱਧਰ ਦੇ ਇਸ ਮੇਲੇ ਵਿੱਚ ਭਾਗ ਲਿਆ ਅਤੇ ਪੰਜ ਮੁਕਾਬਲਿਆਂ ਵਿੱਚ ਜੇਤੂ ਰਹਿ ਕੇ ਕਰੀਬ 42 ਹਜਾਰ ਰੁਪਏ ਦੀ ਰਾਸ਼ੀ ਦੇ ਇਨਾਮ ਜਿੱਤੇ। ਉਨ੍ਹਾਂ ਦੱਸਿਆ ਕਿ ਉਸ ਨੇ ਦੋ ਛੋਟੇ ਬੱਕਰਿਆ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ।ਉਨ੍ਹਾਂ ਦੱਸਿਆ ਕਿ ਉਸ ਕੋਲ ਇਸ ਸਮੇਂ ਕਰੀਬ 26 ਵੱਡੇ ਪਸ਼ੂ ਹਨ ਅਤੇ ਜ਼ਿਲ੍ਹਾ ਪੱਧਰੀ ਮੇਲੇ ਦੋਰਾਨ ਉਨ੍ਹਾਂ ਦੀ ਗਾਂ ਨੇ 46 ਕਿਲੋ ਦੁੱਧ ਦੇ ਕੇ ਪਹਿਲਾ ਇਨਾਮ ਜਿੱਤਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੁਝ ਜਮੀਨ ਆਰਮੀ ਏਰੀਏ ਵਿੱਚ ਆ ਗਈ ਸੀ ਅਤੇ ਉਨ੍ਹਾਂ ਇਸ ਤੋਂ ਬਾਅਦ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਦਾ ਧੰਦਾ ਆਪਣਾ ਲਿਆ ਜੋ ਹੋਲੀ ਹੋਲੀ ਉਨ੍ਹਾਂ ਦਾ ਸੌਂਕ ਬਣ ਗਿਆ।
ਸਤੀਸ਼ ਕੁਮਾਰ ਪਿੰਡ ਕਰੋਲੀ ਨੇ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਪੱਧਰ `ਤੇ ਕਰਵਾਏ ਮੇਲੇ ਵਿੱਚ ਆਪਣੇ ਜਾਨਵਰਾਂ ਨਾਲ ਹਿੱਸਾ ਲਿਆ ਅਤੇ ਉਨ੍ਹਾਂ ਦੇ ਬੱਕਰੇ ਨੇ ਇਸ ਮੇਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਰੀਬ 21 ਹਜਾਰ ਰੁਪਏ ਦੀ ਰਾਸ਼ੀ ਇਨਾਮ ਵਜੋਂ ਪ੍ਰਾਪਤ ਕੀਤੀ।ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਦਾ ਕਾਰਜ ਉਹ ਪਿਛਲੇ ਕਰੀਬ 18 ਸਾਲ ਤੋਂ ਕਰ ਰਹੇ ਹਨ ਅਤੇ ਪਸ਼ੂ ਪਾਲਣ ਉਨ੍ਹਾਂ ਦਾ ਸੌਂਕ ਹੈ ਅਤੇ ਉਹ ਤਰ੍ਹਾਂ-ਤਰ੍ਹਾਂ ਦੇ ਜਾਨਵਰ ਪਾਲਦੇ ਹਨ। ਅਜਿਹੇ ਮੇਲਿਆਂ ਨੇ ਉਸ ਨੂੰ ਪਸ਼ੂ ਪਾਲਣ ਕਿੱਤੇ ਵੱਲ ਬਹੁਤ ਉਤਸਾਹਿਤ ਕੀਤਾ ਹੈ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media