ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ
ਸਰਕਾਰ ’ਤੇ ਲੋਕਤੰਤਰ ਦਾ ਗਲਾ ਘੁੱਟਣ ਦਾ ਦੋਸ਼ ਲਾਇਆ ਹੈ।ਉਹਨਾਂ ਕਿਹਾ ਕਿ ਕਾਂਗਰਸ ਲਈ ਨੂੰ ਆਪਣੇ ਵਿਰੋਧੀਆਂ ’ਤੇ ਜ਼ੁਲਮ ਕਰਨ ਲਈ ਪੁਲਿਸ ਵਿਭਾਗ ਨੂੰ ਵਰਤ ਰਹੀ ਹੈ।ਸਰਕਾਰੀ ਜਬਰ ਜ਼ੁਲਮ ਅਤੇ ਧੱਕੇਸ਼ਾਹੀਆਂ ਦੇ ਬਾਵਜੂਦ ਅਕਾਲੀ ਵਰਕਰਾਂ ’ਚ ਹੌਸਲੇ ਦੀ ਕੋਈ ਕਮੀ ਨਹੀਂ ਆਈ ਅਤੇ ਉਹ ਦੂਣੇ ਜੋਸ਼ ਨਾਲ ਮੈਦਾਨ ਵਿੱਚ ਕੁੱਦ ਰਹੇ ਹਨ।
ਮਜੀਠੀਆ ਚੋਣ ਪ੍ਰਚਾਰ ਦੌਰਾਨ ਦਿਲਬਾਗ ਸਿੰਘ ਵਡਾਲੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਅਕਾਲੀ ਉਮੀਦਵਾਰ ਗੁਰਪ੍ਰੀਤ ਸਿੰਘ ਵਡਾਲੀ ਦੇ ਹੱਕ ਵਿੱਚ ਚੋਣ ਮੈਦਾਨ ਛੱਡਣ ਵਾਲੇ ਜਗਤਾਰ ਸਿੰਘ ਮਾਨ ਨੂੰ ਉਹਨਾਂ ਸਨਮਾਨਿਤ ਕੀਤਾ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਆਪਣੇ ਵਾਅਦਿਆਂ ਤੋਂ ਮੁੱਕਰ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ।ਲੋਕ ਕਾਂਗਰਸ ਆਗੂਆਂ ਨੂੰ ਕਈ ਕਈ ਸਵਾਲ ਕਰ ਰਹੇ ਹਨ ਜਿਨਾਂ ਦਾ ਉਨਾਂ ਕੋਲ ਕੋਈ ਜਵਾਬ ਨਹੀਂ ਹੈ ਜਿਸ ਕਾਰਨ ਉਸ ਦੇ ਵਰਕਰ ਬੌਖਲਾਹਟ ਵਿੱਚ ਹਨ ਅਤੇ ਚੋਣਾਂ ਦੌਰਾਨ ਕੁੱਝ ਵੀ ਅਣਸੁਖਾਵੀਆਂ ਕਾਰਵਾਈਆਂ ਨੂੰ ਅੰਜਾਮ ਦੇ ਸਕਦੇ ਹਨ।ਉਹਨਾਂ ਨਗਰ ਨਿਗਮ ਦੀਆਂ ਨਿਰਪੱਖ ਚੋਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਮੰਗ ਕੀਤੀ ਹੈ।
ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਧੀਆਂ ਭੈਣਾਂ ਦੀ ਇੱਜਤਾਂ ਵੀ ਸੁਰਖਿਅਤ ਨਹੀਂ ਹਨ। ਉਨਾਂ ਮਹਿਲਾ ਅਕਾਲੀ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਨਾਲ ਹੋਈ ਕੁੱਟਮਾਰ ਨੂੰ ਅਤਿ ਸ਼ਰਮਨਾਕ ਕਰਾਰ ਦਿੰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।ਇੱਕ ਸਵਾਲ ਦੇ ਜਵਾਬ ਵਿੱਚ ਮਜੀਠੀਆ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ।ਉਨਾਂ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਰਾਹੁਲ ਹੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਕਾਂਗਰਸ ਦੀ ਕਮਾਨ ਸੰਭਾਲਿਆ ਹੋਇਆ ਸੀ, ਜਿਸ ਦੀ ਅਗਵਾਈ ’ਚ ਕਾਂਗਰਸ ਦਾ ਗਰਾਫ਼ ਤੇਜੀ ਨਾਲ ਹੇਠਾਂ ਲੁੜਕਿਆ ਰਿਹਾ।ਉਹਨਾਂ ਵਿਅੰਗ ਕੱਸਦਿਆਂ ਕਿਹਾ ਕਿ ਜਿਹੜਾ ਲਾਹੌਰ ਝੱਲਾ ਉਹ ਪਿਸ਼ੌਰ ਵੀ ਝੱਲਾ, ਹੁਣ ਕਿਹੜਾ ਉਹ ਨਵਾਂ ਕੱਦੂ ’ਚ ਤੀਰ ਮਾਰ ਲੂ।ਫਿਰ ਵੀ ਉਹ ਰਾਹੁਲ ਨੂੰ ਸ਼ੁੱਭਕਾਮਨਾ ਦਿੰਦੇ ਹਨ।
ਇਸ ਮੌਕੇ ਦਿਲਬਾਗ ਸਿੰਘ ਵਡਾਲੀ, ਉਮੀਦਵਾਰ ਵਾਰਡ ਨੰਬਰ 80 ਗੁਰਪ੍ਰੀਤ ਸਿੰਘ ਵਡਾਲੀ, ਤਲਬੀਰ ਸਿੰਘ ਗਿੱਲ, ਰਵੀ ਕਰਨ ਕਾਹਲੋਂ, ਮਗਵਿੰਦਰ ਸਿੰਘ ਖਾਪੜਖੇੜੀ, ਅਵਤਾਰ ਸਿੰਘ ਮਾਨ, ਜਗਤਾਰ ਸਿੰਘ ਮਾਨ, ਨਿਸ਼ਾਨ ਸਿੰਘ ਡੇਰੀਵਾਲੇ, ਗੁਰਜਿੰਦਰ ਸਿੰਘ, ਜਸਪਾਲ ਸਿੰਘ ਜੱਸ, ਅਵਤਾਰ ਸਿੰਘ ਸੁਖ, ਅਮਰਬੀਰ ਸਿੰਘ ਗਿੱਲ, ਲਾਲ ਜੀਤ ਸਿੰਘ, ਸੁਰਜੀਤ ਸਿੰਘ ਭਠੇਵਾਲੇ, ਤਰਸੇਮ ਸਿੰਘ ਖ਼ਾਲਸਾ, ਸ਼ੁਗਰਗੁਜਾਰ ਸਿੰਘ, ਨਵਰੂਪ ਵਡਾਲੀ, ਗੁਰਸੇਵਕ ਸਿੰਘ ਗਿੱਲ, ਲਾਡੀ ਗਿੱਲ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਵੀ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media